ਪੰਜਾਬ ਪੁਲਿਸ ਅਤੇ ਸਿੱਖ ਭਾਵਨਾਵਾਂ – ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਾਂਅ ਐੱਚ.ਐੱਸ. ਬਾਵਾ ਦੀ ਚਿੱਠੀ

ਸ੍ਰੀ ਦਿਨਕਰ ਗੁਪਤਾ ਜੀ,
ਡੀ.ਜੀ.ਪੀ, ਪੰਜਾਬ, ਚੰਡੀਗੜ੍ਹ।

ਸਤਿਕਾਰਯੋਗ ਗੁਪਤਾ ਜੀ,

ਸਤਿ ਸ੍ਰੀ ਅਕਾਲ।

ਬੇਨਤੀ ਹੈ ਕਿ ਕਲ੍ਹ ਪੰਜਾਬ ਪੁਲਿਸ ਵੱਲੋ ਕਥਿਤ ‘ਖ਼ਾਲਿਸਤਾਨੀ ਟੈਰਰ ਮੌਡਿਊਲ’ ਦਾ ਪਰਦਾਫ਼ਾਸ਼ ਕਰਨ ਸੰਬੰਧੀ ਇਕ ਖ਼ਬਰ ਤਫ਼ਸੀਲ ਨਾਲ ਜਾਰੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਦੇ ਫ਼ੜੇ ਜਾਣ ਅਤੇ ਅਸਲ੍ਹਾ ਆਦਿ ਬਰਾਮਦ ਕੀਤੇ ਜਾਣ ਦਾ ਹਵਾਲਾ ਸੀ। ਇਹ ਖ਼ਬਰ ਤਸਵੀਰਾਂ ਸਮੇਤ ਚੈਨਲਾਂ ਅਤੇ ਵੈਬ ਚੈਨਲਾਂ ਤੋਂ ਇਲਾਵਾ ਡਿਜੀਟਲ ਮੀਡੀਆ ’ਤੇ ਉਸੇ ਵੇਲੇ ‘ਫ਼ਲੈਸ਼’ ਹੋ ਗਈ ਅਤੇ ਅਖ਼ਬਾਰਾਂ ਨੇ ਵੀ ਪੰਜਾਬ ਪੁਲਿਸ ਦੀ ਇਸ ‘ਪ੍ਰਾਪਤੀ’ ਨੂੰ ਪ੍ਰਮੁੱਖ਼ਤਾ ਨਾਲ ਤਸਵੀਰਾਂ ਸਣੇ ਛਾਪਿਆ ਹੈ।

ਪੰਜਾਬ ਪੁਲਿਸ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰਾਜ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੋਈ ਵੀ ਕਾਰਵਾਈ ਕਰੇ ਪਰ ਇਹ ਵੀ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਨਾ ਆਵੇ ਤਾਂ ਜੋ ਲੋਕਾਂ ਦਾ ਰਾਜ ਦੀ ਸਰਕਾਰ ’ਤੇ, ਰਾਜ ਦੀ ਪੁਲਿਸ ’ਤੇ ਅਤੇ ਅਮਨ ਕਾਨੂੰਨ ਵਿਵਸਥਾ ’ਤੇ ਭਰੋਸਾ ਬਣਿਆ ਰਹੇ।

ਮੈਂ ਤੁਹਾਡੇ ਵੱਲੋਂ ਬੀਤੇ ਕਲ੍ਹ ਕੀਤੇ ਗਏ ‘ਪਰਦਾਫ਼ਾਸ਼’ ਦੇ ਵੇਰਵਿਆਂ ਵੱਲ ਨਹੀਂ ਜਾ ਰਿਹਾ। ਆਪ ਜੀ ਨੂੰ ਪੱਤਰ ਲਿਖ਼ਣ ਦਾ ਮੇਰਾ ਮਕਸਦ ਹੋਰ ਹੈ ਅਤੇ ਮੈਂਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਮੈਂ ਇਸ ਪੱਤਰ ਰਾਹੀਂ ਕੇਵਲ ਆਪਣੀਆਂ ਹੀ ਨਹੀਂ ਵਿਸ਼ਵ ਭਰ ਦੇ ਸਿੱਖਾਂ ਦੇ ਇਕ ਵੱਡੇ ਹਿੱਸੇ ਦੀਆਂ ਭਾਵਨਾਵਾਂ ਤੁਹਾਡੇ ਤਕ ਪੁਚਾ ਰਿਹਾ ਹਾਂ।

ਇਹ ਪੱਤਰ ਮੈਂ ਕਿਸੇ ਐਸ.ਐਸ.ਪੀ., ਪੁਲਿਸ ਕਮਿਸ਼ਨਰ, ਡੀ.ਆਈ.ਜੀ., ਆਈ.ਜੀ. ਜਾਂ ਏ.ਡੀ.ਜੀ.ਪੀ. ਸਾਹਿਬਾਨ ਨੂੰ ਵੀ ਲਿਖ਼ ਦਿੰਦਾ ਪਰ ਮਾਮਲਾ ਤੁਹਾਡੇ ਧਿਆਨ ਵਿੱਚ ਹੀ ਲਿਆਉਣ ਵਾਲਾ ਹੈ ਕਿਉਂਕਿ ਕਲ੍ਹ ਦੇ ਕੇਸ ਵਿੱਚ ਉਕਤ ਵਿਅਕਤੀਆਂ ਦੇ ਫ਼ੜੇ ਜਾਣ ਸੰਬੰਧੀ ਬਿਆਨ ਵੀ ਪੰਜਾਬ ਪੁਲਿਸ ਦੇ ਮੁਖ਼ੀ ਵਜੋਂ ਤੁਹਾਡੇ ਵੱਲੋਂ ਹੀ ਜਾਰੀ ਹੋਇਆ ਹੈ।

ਮੈਂ ਕਲ੍ਹ ਵਾਲੇ ਕੇਸ ਦੀ ‘ਮੈਰਿਟ’ ’ਤੇ ਨਹੀਂ ਜਾ ਰਿਹਾ। ਇਹ ਅਦਾਲਤਾਂ ਦਾ ਕੰਮ ਹੈ। ਕਿਸੇ ਵੀ ਕੇਸ ਵਿੱਚ ਜਿੰਨੀ ਦੇਰ ਅਦਾਲਤ ਦਾ ਫ਼ੈਸਲਾ ਨਹੀਂ ਆਉਂਦਾ ਉਨੀ ਦੇਰ ਸੱਚ ਉਹੀ ਹੁੰਦਾ ਹੈ, ਜੋ ਪੁਲਿਸ ਕਹਿ ਰਹੀ ਹੁੰਦੀ ਹੈ। ਪਰ ਤੁਹਾਡੇ ਵੱਲੋਂ ਬੀਤੇ ਕਲ੍ਹ ਜਾਰੀ ਪ੍ਰੈਸ ਨੋਟ ਦੇ ਨਾਲ ਜੋ ਤਸਵੀਰਾਂ ਜਾਰੀ ਕੀਤੀਆਂ ਗਈਆਂ, ਉਨ੍ਹਾਂ ਵਿੱਚੋਂ ਮੱਖਣ ਸਿੰਘ ਨਾਂਅ ਦੇ ਕਥਿਤ ਦੋਸ਼ੀ ਦੀ ਤਸਵੀਰ ਉਸਦੀ ਪੱਗ ਲੁਹਾਉਣ ਉਪਰੰਤ ਨੰਗੇ ਸਿਰ ਜਾਰੀ ਕੀਤੀ ਗਈ ਹੈ।

ਇਹ ਗੱਲ ਅਫ਼ਸੋਸ ਨਾਲ ਕਹਿਣੀ ਪੈਂਦੀ ਹੈ ਕਿ ਇਹ ਬਹੁਤ ਹੀ ਅਫ਼ਸੋਸਨਾਕ ਅਤੇ ਮੰਦਭਾਗਾ ਵਰਤਾਰਾ ਹੈ। ਥਾਣਿਆਂ ਦੇ ਅੰਦਰ ਕੀ ਹੁੰਦਾ ਹੈ, ਉਹ ਤਾਂ ਕਈ ਵਾਰ ਪੜ੍ਹ ਸੁਣ ਕੇ ਵੀ ਰੂਹ ਕੰਬ ਜਾਂਦੀ ਹੈ। ਮੇਰੀ ਗੱਲ ਕੋਈ ਅਤਿਕਥਣੀ ਨਾ ਜਾਪੇ ਇਸ ਲਈ ਹੁਣੇ ਹੁਣੇ ਖ਼ਬਰਾਂ ਵਿੱਚ ਬਣੇ ਹੋਏ ਬਲਵੰਤ ਸਿੰਘ ਮੁਲਤਾਨੀ ਕਤਲ ਕਾਂਡ ਦੇ ਵੇਰਵੇ ਜਿਵੇਂ ਸਾਹਮਣੇ ਆ ਰਹੇ ਹਨ ਅਤੇ ਜਿਵੇਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਭੂਮਿਕਾ ਦਾ ਖ਼ੁਲਾਸਾ ਹੋ ਰਿਹਾ ਹੈ, ਉਹ ਕਾਫ਼ੀ ਕੁਝ ਦੱਸ ਜਾਂਦਾ ਹੈ।

ਗੱਲ ਥਾਣਿਆਂ ਦੇ ਅੰਦਰ ਦੀ ਨਹੀਂ। ਗੱਲ ਹੈ ਦੋਸ਼ੀਆਂ ਨੂੰ ਜਨਤਕ ਤੌਰ ’ਤੇ ਪੇਸ਼ ਕਰਨ ਸਮੇਂ ਦੀ। ਹੋ ਸਕਦੈ ਕਿ ਪਹਿਲਾ ਕੋਈ ਕੇਸ ਮੇਰੇ ਧਿਆਨ ਵਿੱਚੋਂ ਉੜਕ ਗਿਆ ਹੋਵੇ ਪਰ ਮੇਰੀ ਜਾਚੇ ਇਸ ਵਰਤਾਰੇ ਦਾ ਮੁੱਢ ਪਟਿਆਲਾ ਵਿੱਚ ਉਸ ਸਮੇਂ ਬੱਝਾ ਜਦ ਨਿਹੰਗ ਸਿੰਘਾਂ ਵੱਲੋਂ ਇਕ ਏ.ਐਸ.ਆਈ. ਸ: ਹਰਜੀਤ ਸਿੰਘ ਦਾ ਗੁੱਟ ਵੱਢ ਦੇਣ ਦੀ ਅਤਿ-ਨਿੰਦਣਯੋਗ ਕਾਰਵਾਈ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਜਾਣ ਸਮੇਂ ਕੁਝ ਦੋਸ਼ੀਆਂ ਨੂੰ ਨਾ ਕੇਵਲ ਪਗੜੀਆਂ, ਦਸਤਾਰਾਂ ਅਤੇ ਪਰਨਿਆਂ ਤੋਂ ਬਿਨਾਂ ਨੰਗੇ ਸਿਰੀਂ ਲਿਆਂਦਾ ਗਿਆ ਸਗੋਂ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਉ ਵੀ ਵਾਇਰਲ ਕੀਤੇ ਗਏ। ਉਸ ਵੇਲੇ ਵੀ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਸੀ ਪਰ ਸਿੱਖ ਧਾਰਮਿਕ ਅਤੇ ਰਾਜਸੀ ਆਗੂਆਂ ਕੋਲ ਮਸਲਿਆਂ ਦੀ ਕਾਫ਼ੀ ਬਹੁਤਾਤ ਰਹਿੰਦੀ ਹੈ, ਜਿਸ ਕਰਕੇ ਕਈ ਗੱਲਾਂ ਤੋਂ ਉਹ ਵੀ ਉੜਕ ਜਾਂਦੇ ਹਨ ਜਾਂ ਫ਼ਿਰ ਕੁਝ ਮਸਲੇ ਐਸੇ ਵੀ ਹੁੰਦੇ ਹਨ ਜਿਹੜੇ ਅੱਖੋਂ ਪਰੋਖ਼ੇ ਕਰਕੇ ਹੀ ਡੰਗ ਟਪਾਇਆ ਜਾ ਸਕਦਾ ਹੁੰਦਾ ਹੈ।


ਇਸ ਨੂੰ ਵੀ ਪੜ੍ਹੋ:
ਭਾਜਪਾ ਹੀ ਸਿੱਧੂ ਦੀ ਮਾਂ ਪਾਰਟੀ, ਭਾਜਪਾ ਹੀ ਸਿੱਧੂ ਦਾ ਭਵਿੱਖ: ਭਾਜਪਾ ਵੱਲੋਂ ਆਇਆ ਸਿੱਧੂ ਜੋੜੇ ਨੂੰ ਖੁਲ੍ਹਾ ਸੱਦਾ


ਭਾਵੇਂ ਉਹ ਇਕ ਵੱਖਰੇ ਤਰ੍ਹਾਂ ਦਾ ਮਾਮਲਾ ਸੀ ਪਰ ਖੰਨਾ ਥਾਣੇ ਦੇ ਐੱਸ.ਐੱਚ.ਉ. ਵੱਲੋਂ ਇਕ ਸਿੱਖ ਬਾਪ, ਬੇਟੇ ਅਤੇ ਉਨ੍ਹਾਂ ਦੇ ਸਾਥੀ ਨਾਲ ਥਾਣੇ ਵਿੱਚ ਕੀਤਾ ਵਿਉਹਾਰ ਅਤੇ ਉਸ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ਨੇ ਵੀ ਕਈ ਸਵਾਲ ਖੜ੍ਹੇ ਕੀਤੇ ਸਨ।

ਜਿੱਥੇ ਤਕ ਮੇਰੀ ਸਮਝ ਅਤੇ ਜਾਣਕਾਰੀ ਹੈ, ਅਦਾਲਤਾਂ ਦੇ ਵਰਜਣ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਨੂੰ ਪ੍ਰੈਸ ਸਾਹਮਣੇ ਪੇਸ਼ ਕਰਨ ਸਮੇਂ ਉਨ੍ਹਾਂ ਦੇ ਮੂੰਹ ਢਕਣ ਦਾ ਵਰਤਾਰਾ ਸ਼ੁਰੂ ਕੀਤਾ ਸੀ। ਇਸ ਪਿੱਛੇ ਤਰਕ ਇਹ ਵੀ ਸੀ ਕਿ ਜਿੰਨੀ ਦੇਰ ਕਿਸੇ ਦਾ ਜੁਰਮ ਸਾਬਿਤ ਨਹੀਂ ਹੁੰਦਾ ਉਨੀ ਦੇਰ ਉਸਨੂੰ ਦੋਸ਼ੀ ਵਜੋਂ ਪੇਸ਼ ਨਾ ਕੀਤਾ ਜਾਵੇੇ। ਖ਼ੈਰ, ਇਸ ਆਦੇਸ਼ ਦੀ ਅੱਜ ਤਕ ‘ਸਿਲੈਕਟਿਵ’ ਵਰਤੋਂ ਹੁੰਦੀ ਆ ਰਹੀ ਹੈ ਅਤੇ ਅੱਜ ਵੀ ਪੁਲਿਸ ਦੋਸ਼ੀਆਂ ਨੂੰ ਮੂੰਹ ਢਕ ਕੇ ਵੀ ਪ੍ਰੈਸ ਸਾਹਮਣੇ ਪੇਸ਼ ਕਰਦੀ ਹੈ ਅਤੇ ਕੁਝ ਕੇਸਾਂ ਵਿੱਚ ਮੂੰਹ ਢਕੇ ਬਿਨਾਂ ਵੀ।

ਜਿੱਥੇ ਰਾਜ ਅੰਦਰ ਇਸ ਗੱਲ ’ਤੇ ਚਰਚਾ ਹੋ ਰਹੀ ਹੋਵੇ ਕਿ ਦੋਸ਼ੀਆਂ ਦੇ ਮੂੰਹ ਢਕਣੇ ਜਾਇਜ਼ ਹਨ ਜਾਂ ਨਹੀਂ, ਅਤੇ ਵਰਤਾਰਾ ਇਹ ਚੱਲ ਰਿਹਾ ਹੋਵੇ ਕਿ ਮੂੰਹ ਢਕੇ ਹੀ ਜਾਣ, ਉੱਥੇ ਫ਼ੜੇ ਗਏ ਚੋਣਵੇਂ ਸਿੱਖ ਦੋਸ਼ੀਆਂ ਦੇ ਮੂੰਹ ਢਕਣੇ ਤਾਂ ਦੂਰ, ਉਨ੍ਹਾਂ ਦੇ ਸਿਰ ਨੰਗੇ ਕਰਵਾ ਕੇ ਤਸਵੀਰਾਂ ਖ਼ਿਚਵਾਈਆਂ ਜਾ ਰਹੀਆਂ ਅਤੇ ਜਨਤਕ ਕੀਤੀਆਂ ਜਾ ਰਹੀਆਂ ਹਨ। ਇਹ ਵਰਤਾਰਾ ਪੰਜਾਬ ਵਿੱਚ ਹੋਣਾ ਹੋਰ ਵੀ ਮੰਦਭਾਗਾ ਹੈ।

ਇਸ ਮਗਰ ਪੰਜਾਬ ਪੁਲਿਸ ਦੀ ਕਿਹੜੀ ਭਾਵਨਾ ਹੈ, ਇਹ ਸਮਝ ਤੋਂ ਬਾਹਰ ਹੈ, ਪਰ ਮੈਂ ਇਕ ਪੱਤਰਕਾਰ ਅਤੇ ਇਕ ਸਿੱਖ ਵਜੋਂ ਤੁਹਾਨੂੰ ਇੰਨਾ ਜ਼ਰੂਰ ਦੱਸ ਸਕਦਾ ਹਾਂ ਕਿ ਇਹ ਵਰਤਾਰਾ ਨਾ ਕੇਵਲ ਸਿੱਖ ਮਨਾਂ ’ਤੇ ਗਹਿਰੀ ਚੋਟ ਮਾਰਣ ਵਾਲਾ ਹੈ ਸਗੋਂ ਪੁਲਿਸ ਅਤੇ ਸਿੱਖਾਂ ਵਿੱਚ ਦੂਰੀ ਪੈਦਾ ਕਰਨ ਵਾਲਾ ਵੀ ਹੈ।

ਜੇ ਪੰਜਾਬ ਪੁਲਿਸ ਕੋਲ ਇਸ ਨਵੇਂ ਵਰਤਾਰੇ ਬਾਰੇ ਕੋਈ ਯੋਗ ਕਾਰਨ ਹੋਣ ਤਾਂ ਮੈਂ ਅਤੇ ਸਮੁੱਚਾ ਸਿੱਖ ਸਮਾਜ ਉਨ੍ਹਾਂ ਨੂੰ ਸਮਝ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨਾ ਚਾਹਾਂਗੇ ਪਰ ਜੇ ਤੁਹਾਡੇ ਮਨ ਦੇ ਕਿਸੇ ਕੋਨੇ ਵਿੱਚੋਂ ਇਹ ਆਵਾਜ਼ ਆਵੇ ਕਿ ਤੁਹਾਡੇ ਪੁਲਿਸ ਮੁਖ਼ੀ ਹੁੰਦਿਆਂ ਹੋ ਰਿਹਾ ਇਹ ਵਰਤਾਰਾ ਗ਼ਲਤ ਹੈ, ਤਾਂ ਇਸ ਬਾਰੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰਨੇ ਜੀ। ਧੰਨਵਾਦੀ ਹੋਵਾਂਗਾ।

ਐੱਚ.ਐੱਸ. ਬਾਵਾ
ਸੰਪਾਦਕ, ਯੈੱਸ ਪੰਜਾਬ
5 ਅਕਤੂਬਰ, 2020Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ