ਯੈੱਸ ਪੰਜਾਬ
ਮੋਗਾ, 24 ਅਕਤੂਬਰ, 2024
ਪੰਜਾਬ ਪੁਲਿਸ ਦੀ ਐੱਸ.ਐੱਚ.ਉ. ਅਰਸ਼ਪ੍ਰੀਤ ਕੌਰ ਗਰੇਵਾਲ ’ਤੇ 5 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ ਦਰਜ ਕੀਤਾ ਹੈ। ਉਸਦੇ ਨਾਲ ਹੀ 2 ਮੁਨਸ਼ੀਆਂ ਅਤੇ 2 ਹੋਰ ਨਿੱਜੀ ਵਿਅਕਤੀਆਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਅਰਸ਼ਪ੍ਰੀਤ ਕੌਰ ਗਰੇਵਾਲ ਪੰਜਾਬ ਦੀ ਉਹ ਪੁਲਿਸ ਅਧਿਕਾਰੀ ਹੈ, ਜੋ ਕੋਰੋਨਾ ਕਾਲ ਵੇਲੇ ਚੰਗੇ ਕਾਰਜ ਲਈ ਚਰਚਾ ਵਿੱਚ ਆਈ ਸੀ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਵੀਡੀਉ ਕਾਲ ਕਰਕੇ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ।
ਥਾਣਾ ਕੋਟ ਈਸੇ ਖ਼ਾਂ ਦੀ ਐੱਸ.ਐੱਚ.ਉ. ਅਰਸ਼ਪ੍ਰੀਤ ਕੌਰ ਅਤੇ ਹੋਰਨਾਂ ਦੇ ਖ਼ਿਲਾਫ਼ ਐਫ.ਆਈ.ਆਰ.ਦਰਜ ਕਰ ਲਈ ਗਈ ਹੈ ਅਤੇ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਇਸ ਮਾਮਲੇ ਵਿੱਚ ਸ਼ਾਮਲ ਮੁਨਸ਼ੀਆਂ ਵਿੱਚ ਗੁਰਪ੍ਰੀਤ ਸਿੰਘ ਅਤੇ ਰਾਜਪਾਲ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਐਫ.ਆਈ.ਆਰ. ਵਿੱਚ ਦੋ ਪਿਉ ਪੁੱਤਰਾਂ ਦੇ ਨਾਂਅ ਵੀ ਦਰਜ ਹਨ ਜਿਨ੍ਹਾਂ ਨੂੰ ਅਫ਼ੀਮ ਦੀ ਰਿਕਵਰੀ ਦੇ ਬਾਵਜੂਦ ਰਿਸ਼ਵਤ ਲੈ ਕੇ ਛੱਡ ਦਿੱਤਾ ਗਿਆ।
ਜਾਣਕਾਰੀ ਅਨੁਸਾਰ 1 ਅਕਤੂਬਰ ਨੂੰ ਪੁਲਿਸ ਨੇ ਅਮਰਜੀਤ ਸਿੰਘ ਵਾਸੀ ਦਾਤੇਵਾਲ ਰੋਡ, ਕੋਟ ਈਸੇ ਖ਼ਾਂ ਨੂੰ 2 ਕਿੱਲੋ ਅਫ਼ੀਮ ਸਣੇ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ ਪਰ ਉਸਦੇ ਭਰਾ ਮਨਪ੍ਰੀਤ ਅਤੇ ਮਨਪ੍ਰੀਤ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਤੋਂ ਵੀ 3 ਕਿੱਲੋ ਅਫ਼ੀਮ ਬਰਾਮਦ ਹੋਣ ਦੇ ਬਾਵਜੂਦ ਉਨ੍ਹਾਂ ਤੋਂ 5 ਲੱਖ ਰੁਪਏ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਇਸੇ ਮਾਮਲੇ ਵਿੱਚ ਦੋ ਵਿਅਕਤੀਆਂ ਰਾਹੀਂ 8 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ 5 ਲੱਖ ਰੁਪਏ ਨਕਦ ਲਏ ਗਏ ਅਤੇ 3 ਕਿੱਲੋ ਅਫ਼ੀਮ ਵਾਲੇ ਦੋਹਾਂ ਤਸਕਰਾਂ ਨੂੰ ਛੱਡ ਦਿੱਤਾ ਗਿਆ।