ਯੈੱਸ ਪੰਜਾਬ
ਚੰਡੀਗੜ੍ਹ, 4 ਅਕਤੂਬਰ, 2022:
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ: ਮਨਜਿੰਦਰ ਸਿੰਘ ਸਿਰਸਾ ਨੇ ਇਕ ਅਹਿਮ ਦਾਅਵਾ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਵੱਲੋਂ ਬਣਾਈ ਗਈ ਸ਼ਰਾਬ ਨੀਤੀ ’ਤੇ ਰਾਜ ਦੇ ਅਫ਼ਸਰਾਂ ਨੇ ਹੀ ਸਵਾਲ ਉਠਾਏ ਹਨ ਅਤੇ ਸਰਕਾਰ ਨੂੰ ਇਕ ਚਿੱਠੀ ਲਿਖ਼ ਕੇ ਇਸ ਨੀਤੀ ਨੂੰ ਲਾਗੂ ਨਾ ਕਰਨ ਸਗੋਂ ਇਸ ਨੂੰ ਰੱਦ ਕਰਨ ਲਈ ਕਿਹਾ ਹੈ।
ਇਹ ਦਾਅਵਾ ਕਰਦਿਆਂ ਸ: ਸਿਰਸਾ ਨੇ ਕਿਹਾ ਕਿ ਦਰਅਸਲ ਪੰਜਾਬ ਦੀ ਸ਼ਰਾਬ ਨੀਤੀ ਵੀ ਦਿੱਲੀ ਤੋਂ ਉਪ-ਮੁੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਦੇ ਦਖ਼ਲ ਨਾਲ ਹੀ ਹੋਂਦ ਵਿੱਚ ਆਈ ਹੈ ਅਤੇ ਇਸ ਵਿੱਚ ਵੀ ਦਿੱਲੀ ਵਾਲੀਆਂ ਵੱਡੀਆਂ ਅਸਾਮੀਆਂ ਨੂੰ ਸ਼ਰਾਬ ਦੇ ਥੋਕ ਵਿਕਰੇਤਾ ਵਜੋਂ ਪੰਜਾਬ ਵਿੱਚ ਵੀ ਲਾਇਸੰਸ ਦੇ ਕੇ ਉਨ੍ਹਾਂ ਨੂੰ ਬੈਠੇ ਬਿਠਾਏ 10 ਪ੍ਰਤੀਸ਼ਤ ਮੁਨਾਫ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਹੁਣ ਅਫ਼ਸਰਾਂ ਨੇ ਗੇਂਦ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ ਅਤੇ ਇਹ ਵੇਖ਼ਣ ਵਾਲੀ ਗੱਲ ਹੋਵੇਗੀ ਕਿ ਸਰਕਾਰ ਇਸ ਮਾਮਲੇ ਵਿੱਚ ਕੀ ਕਰਦੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਇ ਸ਼ਰਾਬ ਨੀਤੀ ਤਹਿਤ ਥੋਕ ਲਾਇਸੰਸ ਦੇਣ ਦੀ ਨਵੀਂ ਵਿਵਸਥਾ ਵਿੱਚ ਵੱਡੇ ਵਪਾਰੀਆਂ ਨੂੰ ਵੱਡਾ ਫ਼ਾਇਦਾ ਪੁਚਾਉਣ ਦਾ ਰਾਹ ਪੱਧਰਾ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ