Sunday, July 7, 2024
spot_img
spot_img
spot_img
spot_img

ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਔਰਤਾਂ ਦੇ ਸ਼ਸਕਤੀਕਰਨ ਲਈ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਹੱਬ ਦੀ ਸਥਾਪਨਾ: ਡਾ. ਬਲਜੀਤ ਕੌਰ

ਯੈੱਸ ਪੰਜਾਬ
ਚੰਡੀਗੜ੍ਹ, ਜੁਲਾਈ 4, 2024:

”ਪੰਜਾਬ ਸਰਕਾਰ ਵਲੋਂ ਔਰਤਾਂ ਦੇ ਸ਼ਸਕਤੀਕਰਨ ਲਈ ਵੱਡਾ ਕਦਮ ਪੁੱਟਦੇ ਹੋਏ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਹੱਬ ਦੀ ਸਥਾਪਨਾ ਕੀਤੀ ਗਈ ਹੈ।” ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਔਰਤਾਂ ਦੇ ਸ਼ਸਕਤੀਕਰਨ, ਸੁਰੱਖਿਆ, ਭਲਾਈ ਅਤੇ ਔਰਤਾਂ ਦੇ ਸਿਹਤ ਦੇ ਮਿਆਰ ਨੂੰ ਉਪਰ ਚੁੱਕਣ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਸ਼ਸਕਤੀਕਰਨ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਕ ਨਵੀਂ ਸ਼ਾਖਾ ਦੀ ਸਥਾਪਨਾ ਕੀਤੀ ਗਈ ਹੈ ਜਿਸ ਨੂੰ ਜ਼ਿਲ੍ਹਾ ਹੱਬ ਦਾ ਨਾਮ ਦਿੱਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਹੱਬ ਬਣਾਉਣ ਦਾ ਉਦੇਸ਼ “ਪੇਂਡੂ ਔਰਤਾਂ ਨੂੰ ਹੁਨਰ ਵਿਕਾਸ, ਰੁਜ਼ਗਾਰ, ਡਿਜੀਟਲ ਸਾਖਰਤਾ, ਆਰਥਿਕ ਸ਼ਕਤੀਕਰਨ ਸਿਹਤ ਅਤੇ ਪੋਸ਼ਣ ਦੇ ਮੌਕੇ ਪ੍ਰਦਾਨ ਕਰਨੇ ਅਤੇ ਔਰਤਾਂ ਨਾਲ ਸਬੰਧਤ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਗਤੀਵਿਧੀਆਂ ਕਰਨਾ ਹੈ।

ਜ਼ਿਲ੍ਹਾ ਹੱਬ ਪੇਂਡੂ ਔਰਤਾਂ ਨੂੰ ਆਪਣੇ ਹੱਕਾਂ ਦਾ ਲਾਭ ਉਠਾਉਣ ਅਤੇ ਜਾਗਰੂਕਤਾ ਪੈਦਾ ਕਰਨ ਲਈ ਕੰਮ ਕਰੇਗੀ ਅਤੇ ਨਾਲ ਹੀ ਲਾਗੂ ਕੀਤੀਆਂ ਜਾ ਰਹੀਆਂ ਸਕੀਮਾਂ ਅਧੀਨ ਲਾਭ ਲੈਣ ਲਈ ਔਰਤਾਂ ਲਈ ਸਰਕਾਰ ਤੱਕ ਪਹੁੰਚ ਕਰਨ ਲਈ ਇੱਕ ਕੜੀ ਦਾ ਕੰਮ ਕਰੇਗੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੱਬ ਨਾਲ ਔਰਤਾਂ ਦੇ ਸ਼ਸਕਤੀਕਰਨ ਲਈ ਗ੍ਰਾਮ ਪੰਚਾਇਤ ਪੱਧਰ ਤੱਕ ਪੰਜਾਬ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਕੀਮਾਂ ਦਾ ਲਾਭ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਿਲ੍ਹਾ ਹੱਬ ਰਾਹੀਂ 21 ਜੂਨ ਤੋਂ ਪੰਜਾਬ ਭਰ ਵਿੱਚ 100 ਦਿਨ ਦਾ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ।

ਇਸ ਜਾਗਰੂਕਤਾ ਅਭਿਆਨ ਰਾਹੀਂ ਔਰਤਾਂ, ਬੱਚਿਆਂ ਦੀ ਸੁਰੱਖਿਆ ਅਤੇ ਸ਼ਕਤੀਕਰਨ ਨਾਲ ਸਬੰਧਤ ਸਾਰੀਆਂ ਸਕੀਮਾਂ ਅਤੇ ਕਾਨੂੰਨਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਪੰਜਾਬ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਔਰਤਾਂ ਦੇ ਸ਼ਕਤੀਕਰਨ ਨਾਲ ਸਬੰਧਤ ਸਕੀਮਾਂ ਜਿਵੇਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਜਿਸ ਦੇ ਤਹਿਤ ਪਹਿਲੇ ਬੱਚੇ ਲੜਕਾ ਜਾਂ ਲੜਕੀ ਅਤੇ ਦੂਜਾ ਬੱਚਾ ਸਿਰਫ ਲੜਕੀ ਦੇ ਜਨਮ ਤੇ ਯੋਗ ਲਾਭਪਾਤਰੀ ਔਰਤਾਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਕ੍ਰਮਵਾਰ 5000 ਰੁਪਏ ਅਤੇ 6000 ਰੁਪਏ ਦੀ ਵਿੱਤੀ ਸਹਾਇਤਾ ਦਿਤੀ ਜਾਂਦੀ ਹੈ, ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਾਲਨਾ ਸਕੀਮ ਤਹਿਤ ਕੰਮ ਵਾਲੀਆਂ ਔਰਤਾਂ ਦੇ ਬੱਚਿਆਂ ਦੀ ਦੇਖਭਾਲ ਲਈ ਕ੍ਰੈੱਚ ਖੋਲ੍ਹੇ ਜਾਣੇ ਹਨ ਤਾਂ ਜੋ ਔਰਤਾਂ ਬੇਫਿਕਰ ਹੋ ਕਿ ਆਪਣੇ ਕੰਮ ‘ਤੇ ਜਾ ਸਕਣ ਅਤੇ ਉਨ੍ਹਾਂ ਦਾ ਆਰਥਿਕ ਸ਼ਕਤੀਕਰਨ ਕੀਤਾ ਜਾ ਸਕੇ।

ਸਖੀ ਵਨ ਸਟਾਪ ਸੈਂਟਰ ਸਕੀਮ ਜਿਸ ਦੇ ਤਹਿਤ ਕਿਸੇ ਵੀ ਤਰਾਂ ਦੀ ਹਿੰਸਾ ਤੋਂ ਪੀੜਿਤ ਔਰਤ ਨੂੰ ਮੁਫ਼ਤ ਸੇਵਾਵਾਂ ਦਿਤੀਆਂ ਜਾਂਦੀਆਂ ਹਨ ਅਤੇ ਵੂਮਨ ਹੈਲਪਲਾਈਨ 181 ਆਦਿ ਬਾਰੇ ਕਮਿਊਨਿਟੀ/ਸਕੂਲਾਂ/ਕਾਲਜਾਂ ਵਿੱਚ ਅਤੇ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਜਾਗਰੂਕਤਾ ਸੈਸ਼ਨ/ਕੈਂਪ ਲਗਾ ਕੇ ਜਾਗਰੂਕਤਾ ਫੈਲਾਈ ਜਾਵੇਗੀ।

ਇਸ ਤੋਂ ਇਲਾਵਾ ਅਗਲੇ ਹਫਤੇ ਵਿੱਚ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਹ ਜਾਗਰੂਕਤਾ ਅਭਿਆਨ 4 ਅਕਤੂਬਰ 2024 ਤੱਕ ਚਲਾਇਆ ਜਾਵੇਗਾ।

- Advertisment -spot_img

ਅਹਿਮ ਖ਼ਬਰਾਂ