ਯੈੱਸ ਪੰਜਾਬ
ਅੰਮ੍ਰਿਤਸਰ, 12 ਮਈ, 2025
ਕਾਨੂੰਨੀ ਸਿੱਖਿਆ ਨੂੰ ਸੁਚਾਰੂ ਬਣਾਉਣ ਵੱਲ ਇੱਕ ਪਰਿਵਰਤਨਸ਼ੀਲ ਕਦਮ ਚੁੱਕਦੇ ਹੋਏ, Punjab Government ਵੱਲੋਂ ਅਕਾਦਮਿਕ ਸੈਸ਼ਨ 2025-26 ਲਈ ਪੰਜ ਸਾਲਾ ਏਕੀਕ੍ਰਿਤ ਕਾਨੂੰਨ ਪ੍ਰੋਗਰਾਮਾਂ ਵਿੱਚ ਦਾਖਲਿਆਂ ਲਈ ਇੱਕ ਸੈਂਟਰਲਾਈਜ਼ਡ ਔਨਲਾਈਨ ਰਜਿਸਟ੍ਰੇਸ਼ਨ ਅਤੇ ਕਾਉਂਸਲਿੰਗ ਦਾ ਐਲਾਨ ਕਰ ਦਿੱਤਾ ਹੈ।
ਇਨ੍ਹਾਂ ਪ੍ਰੋਗਰਾਮਾਂ ਵਿੱਚ ਬੀ.ਏ. ਐਲ.ਐਲ.ਬੀ. (ਆਨਰਜ਼), ਬੀ.ਏ. ਐਲ.ਐਲ.ਬੀ., ਬੀ.ਕਾਮ. ਐਲ.ਐਲ.ਬੀ., ਬੀ.ਕਾਮ. ਐਲ.ਐਲ.ਬੀ. (ਆਨਰਜ਼), ਅਤੇ ਬੀ.ਬੀ.ਏ. ਐਲ.ਐਲ.ਬੀ. ਸ਼ਾਮਲ ਹਨ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ), ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਲਾਅ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਲਾਅ ਕਾਲਜਾਂ ਅਤੇ ਸੰਸਥਾਵਾਂ ਵਿੱਚ ਕਰਵਾਈ ਜਾਂਦੇ ਹਨ।
ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਕਾਉਂਸਲਿੰਗ ਅਤੇ ਦਾਖਲਾ ਪ੍ਰਕਿਰਿਆ ਦਾ ਕਾਰਜ ਸੁਚਾਰੂ ਢੰਗ ਨਾਲ ਚਲਾਉਣ ਲਈ ਨੋਡਲ ਏਜੰਸੀ ਵਜੋਂ ਸੌਂਪਿਆ ਗਿਆ ਹੈ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਦਾਖਲਿਆਂ ਦੌਰਾਨ ਪਾਰਦਰਸ਼ਤਾ ਅਤੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਕਾਉਂਸਲਿੰਗ ਅਤੇ ਦਾਖਲਾ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਪ੍ਰੋ. (ਡਾ.) ਅਮਿਤ ਕੌਟਸ ਨੂੰ ਕੋਆਰਡੀਨੇਟਰ ਅਤੇ ਪ੍ਰੋ. ਪਵਨ ਕੁਮਾਰ ਨੂੰ ਡਿਪਟੀ ਕੋਆਰਡੀਨੇਟਰ ਨਿਯੁਕਤ ਕੀਤਾ ਹੈ।
ਡਾ. ਕੌਟਸ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ੬ ਮਈ, ੨੦੨੫ ਨੂੰ ਸ਼ੁਰੂ ਹੋ ਗਈ ਹੈ, ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਪੋਰਟਲ: http://punjablawadmissions.gndu.ac.in. ‘ਤੇ ਯੋਗਤਾ, ਅਰਜ਼ੀ ਪ੍ਰਕਿਰਿਆਵਾਂ, ਦਾਖਲਾ ਸਮਾਂ-ਸਾਰਣੀ ਆਦਿ ਬਾਰੇ ਸਾਰੇ ਵੇਰਵਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਉਮੀਦਵਾਰ ਅਪਡੇਟਸ, ਦਿਸ਼ਾ-ਨਿਰਦੇਸ਼ਾਂ ਅਤੇ ਸਰਕੂਲਰਾਂ ਲਈ ਔਨਲਾਈਨ ਐਪਲੀਕੇਸ਼ਨ/ਰਜਿਸਟ੍ਰੇਸ਼ਨ ਪੋਰਟਲ ਨਿਯਮਿਤ ਤੌਰ ‘ਤੇ ਵੇਖਦੇ ਰਹਿਣ ਕਿਉਂਕਿ ਇਸ ਸਬੰਧੀ ਕੋਈ ਵੱਖਰਾ ਪੱਤਰ ਵਿਹਾਰ ਜਾਰੀ ਨਹੀਂ ਕੀਤਾ ਜਾਵੇਗਾ। ਇਹਨਾਂ ਕਾਨੂੰਨ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਕਾਉਂਸਲਿੰਗ ਪ੍ਰਕਿਰਿਆ ਵਿੱਚ ਸ਼ਾਮਿਲ ਹੋਣਾ ਲਾਜ਼ਮੀ ਹੈ।