ਯੈੱਸ ਪੰਜਾਬ
ਜਲੰਧਰ, ਦਸੰਬਰ 1, 2024:
Punjab ਦੇ Governor Gulab Chand Kataria ਨੇ ਅੱਜ ਅਧਿਆਪਕਾਂ ਨੂੰ ਸਿੱਖਿਆ ਨੂੰ ਕਦਰਾਂ-ਕੀਮਤਾਂ ਨਾਲ ਜੋੜ ਕੇ ਬੱਚਿਆਂ ਦੇ ਬਹਿਤਰ ਭਵਿੱਖ ਨੂੰ ਸਿਰਜਣ ਅਤੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਰਾਜਪਾਲ ਵਲੋਂ ਇਹ ਅਪੀਲ ਸਵਾਮੀ ਮੋਹਨ ਦਾਸ ਮਾਡਲ ਸਕੂਲ ਦੇ 22ਵੇਂ ਸਾਲਾਨਾ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤੀ ਗਈ, ਜਿਥੇ ਉਨ੍ਹਾਂ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਸਿੱਖਿਆ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਸੁਮੇਲ ਰਾਹੀਂ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗਾਂ ਵਲੋਂ ਖੁਸ਼ਹਾਲ ਭਾਰਤ ਦੇ ਦੇਖੇ ਗਏ ਸੁਪਨੇ ਨੂੰ ਸਿੱਖਿਆ ਨੂੰ ਕਦਰਾਂ-ਕੀਮਤਾਂ ਨਾਲ ਜੋੜ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੈ।
ਇਕ ਸਿੱਖਿਅਕ ਵਜੋਂ ਆਪਣੇ ਤਜਰਬੇ ਸਾਂਝੇ ਕਰਦਿਆਂ ਸ੍ਰੀ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਤੌਰ ਅਧਿਆਪਕ ਕਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਅਧਿਆਪਨ ਦੇ ਕਿੱਤੇ ਵਿੱਚ ਹੋਰਨਾਂ ਵੱਕਾਰੀ ਅਹੁਦਿਆਂ ਨਾਲੋਂ ਬੇਮਿਸਾਲ ਸੰਤੁਸ਼ਟੀ ਮਿਲੀ ।
ਵਾਤਾਵਰਣ ਦੀ ਸੰਭਾਲ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਰਾਜਪਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੀ ਦਿੱਤੀ ਸਿੱਖਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਨਾਉਣ ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਸਿੱਖਿਆਵਾਂ ਦਾ ਧਾਰਨੀ ਬਣਾਉਣ ਤਾਂ ਜੋ ਉਹ ਵਾਤਾਵਰਣ ਦੀ ਸੰਭਾਲ ਲਈ ਜ਼ਿੰਮੇਵਾਰ ਨਾਗਰਿਕ ਬਣ ਸਕਣ।
ਉਨ੍ਹਾਂ ਸਵਾਮੀ ਮੋਹਨ ਦਾਸ ਜੀ ਦੀ ਸਿੱਖਿਆ ਅਤੇ ਕਦਰਾਂ-ਕੀਮਤਾਂ ਪ੍ਰਤੀ ਸਮਰਪਣ ਦੀ ਭਾਵਨਾ ਅਤੇ ਸੰਸਥਾ ਦੇ ਮੁਖੀ ਗੁਰੂ ਮਾਂ ਸੋਮਾ ਦੇਵੀ ਜੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਵਚਨਬੱਧਤਾ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਰਾਜਪਾਲ ਨੇ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਨਾਲ ਵਿਦਿਆਰਥੀਆਂ ਵਲੋਂ ਲਗਾਈ ਪ੍ਰਦਰਸ਼ਨੀ ਦਾ ਦੌਰਾ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਵੱਖ-ਵੱਖ ਪ੍ਰਾਜੈਕਟਾਂ ਅਤੇ ਵਿਲੱਖਣ ਵਿਚਾਰਾਂ ਦੀ ਪ੍ਰਸ਼ੰਸਾ ਕੀਤੀ।
ਸਮਾਗਮ ਦੀ ਸ਼ੁਰੂਆਤ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਲਵਲਿੰਦਰ ਵਰਮਾ, ਸਕੱਤਰ ਸੁਨੀਤਾ ਸ਼ਰਮਾ, ਵਾਈਸ ਪ੍ਰੈਜ਼ੀਡੈਂਟ ਹਰਨੇਕ ਢਿੱਲੋਂ ਨੇ ਰਾਜਪਾਲ ਦਾ ਨਿੱਘਾ ਸਵਾਗਤ ਕਰਕੇ ਕੀਤੀ। ਇਸ ਮੌਕੇ ਪ੍ਰਿੰਸੀਪਲ ਜਤਿੰਦਰ ਕੌਰ ਵੱਲੋਂ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੀਆਂ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।