ਯੈੱਸ ਪੰਜਾਬ
ਜਲੰਧਰ, 2 ਮਾਰਚ, 2021:
ਜਲੰਧਰ ਵਿੱਚ ਸੋਮਵਾਰ ਅਤੇ ਮੰਗਲਵਾਰ ਦੀ ਵਿਚਕਾਰਲੀ ਰਾਤ ਵਾਪਰੀ ਇਕ ਹੌਲਨਾਕ ਘਟਨਾ ਦੌਰਾਨ ਦੋ ਵਿਅਕਤੀਆਂ ਨੂੰ ਸਿਰਾਂ ਵਿੱਚ ਇੱਟਾਂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ।
ਘਟਨਾ ਮਕਸੂਦਾਂ ਨੇੜਲੇ ਪੌਸ਼ ਇਲਾਕੇ ਗਰੇਟਰ ਕੈਲਾਸ਼ ਵਿੱਚ ਵਾਪਰੀ ਜਿੱਥੇ ਇਕ ਨਿਰਮਾਣ ਅਧੀਨ ਕੋਠੀ ਵਿੱਚ ਕੰਮ ਕਰਦੇ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਦੋਹਾਂ ਦੀ ਪਛਾਣ 40 ਸਾਲਾ ਕੋਮਲ ਘੋਸੀ ਪੁੱਤਰ ਹਲਕਾਈ ਘੋਸੀ ਅਤੇ 65 ਸਾਲਾ ਰਾਮ ਸਵਰੂਪ ਪੁੱਤਰ ਸਕੋਡੀ ਰਾਮ ਵਜੋਂ ਹੋਈ ਹੈ। ਇਹ ਦੋਵੇਂ ਮੱਧ ਪ੍ਰਦੇਸ਼ ਵਿੱਚ ਰਾਜ ਨਗਰ, ਨੰਦੋਰਾ ਦੇ ਰਹਿਣ ਵਾਲੇ ਸਨ।
ਘਟਨਾ ਦਾ ਪਤਾ ਅੱਜ ਸਵੇਰੇ ਲੱਗਾ ਜਦ ਇਹ ਵੇਖ਼ਿਆ ਗਿਆ ਕਿ ਦੋਵਾਂ ਦੀਆਂ ਖ਼ੂਨ ਵਿੱਚ ਲੱਥ ਪੱਥ ਲਾਸ਼ਾਂ ਨਿਰਮਾਣ ਅਧੀਨ ਕੋਠੀ ਦੇ ਅੰਦਰ ਪਈਆਂ ਹਨ ਅਤੇ ਕੁੱਤੇ ਲਾਸ਼ਾਂ ਨੂੰ ਨੋਚ ਰਹੇ ਸਨ। ਇਕ ਵਿਅਕਤੀ ਦਾ ਹੱਥ ਕੁੱਤਿਆਂ ਵੱਲੋਂ ਨੋਚ ਖ਼ਾਣ ਦੀ ਖ਼ਬਰ ਹੈ।
ਸੂਚਨਾ ਮਿਲਣ ’ਤੇ ਪੁਲਿਸ ਡਿਵੀਜ਼ਨ ਨੰਬਰ ਇਕ ਦੇ ਐਸ.ਐਚ.ਉ. ਰਾਜੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ ਹੈ। ਇਸੇ ਦੌਰਾਨ ‘ਫ਼ੌਰੈਂਸਿਕ ਟੀਮ’ ਨੂੰ ਵੀ ਮੌਕੇ ’ਤੇ ਬੁਲਾਇਆ ਗਿਾ ਹੈ।
ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਇੰਨੀ ਬੇਰਹਿਮੀ ਨਾਲ ਦੋਹਾਂ ਨੂੰ ਕਤਲ ਕਰ ਦਿੱਤੇ ਜਾਣ ਮਗਰ ਕੀ ਕਾਰਨ ਰਿਹਾ ਹੋਵੇਗਾ।