ਯੈੱਸ ਪੰਜਾਬ
ਚੰਡੀਗੜ੍ਹ, 27 ਮਾਰਚ, 2025
Punjab ਦੇ ਕਿਰਤ ਮੰਤਰੀ Tarunpreet Singh Sond ਨੇ ਵਿਧਾਨ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਕਿਰਤ ਇੰਸਪੈਕਟਰਾਂ ਦੀ ਘਾਟ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ।
ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ Tarunpreet Singh Sond ਨੇ ਦੱਸਿਆ ਕਿ 52 ਕਿਰਤ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਜਾਰੀ ਹੈ ਅਤੇ ਜਲਦ ਹੀ ਕਿਰਤ ਇੰਸਪੈਕਟਰਾਂ ਦੀ ਘਾਟ ਦੂਰ ਕਰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ, Punjab ਅਧੀਨ ਕਿਰਤ ਇੰਸਪੈਕਟਰ ਦੀਆਂ ਕੁੱਲ 95 ਪ੍ਰਵਾਨਤ ਅਸਾਮੀਆਂ ਹਨ, ਜਿਨ੍ਹਾਂ ਵਿਰੁੱਧ ਇਸ ਸਮੇਂ 35 ਕਿਰਤ ਇੰਸਪੈਕਟਰ ਕੰਮ ਕਰ ਰਹੇ ਹਨ। ਕਿਰਤ ਇੰਸਪੈਕਟਰਾਂ ਦੀ ਘਾਟ ਹੋਣ ਕਾਰਨ ਇੱਕ ਕਰਮਚਾਰੀ ਕੋਲ ਪੱਕੀ ਤੈਨਾਤੀ ਦੀ ਥਾਂ ਤੋਂ ਇਲਾਵਾ ਹੋਰ ਸਰਕਲਾਂ ਦਾ ਵਾਧੂ ਚਾਰਜ ਵੀ ਦਿੱਤਾ ਹੋਇਆ ਹੈ, ਜਿਸ ਕਾਰਨ ਕਿਰਤ ਇੰਸਪੈਕਟਰਾਂ ਵੱਲੋਂ ਹਰੇਕ ਸਰਕਲ ਵਿੱਚ ਹਾਜ਼ਰ ਹੋ ਕੇ ਕੰਮ ਕਰਨਾ ਸੰਭਵ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਿਰਤ ਇੰਸਪੈਕਟਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 09-03-2025 ਨੂੰ ਲਿਖਤੀ ਪ੍ਰੀਖਿਆ ਲਈ ਜਾ ਚੁੱਕੀ ਹੈ। ਜਲਦ ਹੀ ਭਰਤੀ ਪ੍ਰੀਕ੍ਰਿਆ ਮੁਕੰਮਲ ਹੋਣ ਉਪਰੰਤ ਵਿਭਾਗ ਨੂੰ ਨਵੇਂ 52 ਕਿਰਤ ਇੰਸਪੈਕਟਰ ਉਪਲਬਧ ਹੋ ਜਾਣਗੇ। ਇਸ ਤੋਂ ਇਲਾਵਾ ਉਸਾਰੀ ਕਿਰਤੀਆਂ ਦੀ ਸਹੂਲਤ ਲਈ ਕਿਰਤ ਵਿਭਾਗ ਵੱਲੋਂ “ਪੰਜਾਬ ਕਿਰਤੀ ਸਹਾਇਕ” ਮੋਬਾਇਲ ਐਪ ਚਲਾਈ ਗਈ ਹੈ, ਜਿਸ ਰਾਹੀਂ ਕਿਰਤੀ ਘਰ ਬੈਠੇ ਹੀ ਬਤੌਰ ਲਾਭਪਾਤਰੀ ਰਜਿਸਟ੍ਰੇਸ਼ਨ/ਰੀਨਿਊਵਲ ਕਰਵਾ ਸਕਦਾ ਹੈ।