ਯੈੱਸ ਪੰਜਾਬ
ਚੰਡੀਗੜ੍ਹ, 17 ਜੂਨ, 2025
ਸੂਬੇ ਵਿੱਚ ਪਸ਼ੂਧਨ ਦੀ ਨਰੋਈ ਸਿਹਤ ਲਈ ਕੀਤੇ ਜਾ ਰਹੇ ਯਤਨਾਂ ਤਹਿਤ Punjab ਦੇ ਪਸ਼ੂ ਪਾਲਣ ਵਿਭਾਗ ਨੇ ਪਸ਼ੂਧਨ ਦੇ ਮੂੰਹਖੁਰ ਦੀ ਬਿਮਾਰੀ ਤੋਂ ਬਚਾਅ ਲਈ 15 ਅਪ੍ਰੈਲ, 2025 ਤੋਂ ਸ਼ੁਰੂ ਕੀਤੀ FMD ਟੀਕਾਕਰਨ ਮੁਹਿੰਮ ਅਧੀਨ 57.84 ਲੱਖ ਤੋਂ ਵੱਧ ਪਸ਼ੂਧਨ ਦਾ ਸਫ਼ਲਤਾਪੂਰਕ ਟੀਕਾਕਰਨ ਕੀਤਾ ਗਿਆ ਹੈ।
ਟੀਕਾਕਰਨ ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ Punjab ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. Gurmeet Singh Khuddian ਨੇ ਦੱਸਿਆ ਕਿ 57.84 ਲੱਖ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਹੈ, ਜਿਸ ਨਾਲ ਸੂਬੇ ‘ਚ 99.56 ਫੀਸਦੀ ਗਾਵਾਂ ਅਤੇ ਅਤੇ ਮੱਝਾਂ ਨੂੰ ਵੈਕਸੀਨ ਲਗਾਈ ਗਈ ਹੈ।
ਇਸ ਮੁਹਿੰਮ ਤਹਿਤ ਵਿਆਪਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਪਸ਼ੂ ਪਾਲਕਾਂ ਦੇ ਕੋਲ ਜਾ ਕੇ ਪਸ਼ੂਆਂ ਨੂੰ ਮੁਫ਼ਤ ਟੀਕਾ ਲਾਇਆ ਗਿਆ ਹੈ। ਇਸ ਵਿਸ਼ਾਲ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲਗਭਗ 900 ਵੈਟਰਨਰੀ ਟੀਮਾਂ ਨੂੰ ਇਸ ਕਾਰਜ ਵਿੱਚ ਲਾਇਆ ਗਿਆ ਸੀ, ਜੋ ਪਸ਼ੂਧਨ ਦੀ ਭਲਾਈ ਅਤੇ ਕਿਸਾਨਾਂ ਦੀ ਸਹਾਇਤਾ ਪ੍ਰਤੀ ਪਸ਼ੂ ਪਾਲਣ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਇਹ ਧਿਆਨ ਵਿੱਚ ਰੱਖਦਿਆਂ ਕਿ ਮੂੰਹਖੁਰ ਦੀ ਬਿਮਾਰੀ ਪਸ਼ੂਆਂ ਲਈ ਇੱਕ ਵੱਡਾ ਖ਼ਤਰਾ ਹੈ, ਜਿਸ ਨਾਲ ਦੁੱਧ ਦੀ ਪੈਦਾਵਾਰ ‘ਤੇ ਮਾੜਾ ਅਸਰ ਪੈਣ ਦੇ ਨਾਲ-ਨਾਲ ਗਰਭਪਾਤ ਵਰਗੀਆਂ ਸਮੱਸਿਆਵਾਂ ਕਰਕੇ ਕਾਫ਼ੀ ਆਰਥਿਕ ਨੁਕਸਾਨ ਹੁੰਦਾ ਹੈ, ਵਿਭਾਗ ਨੇ ਪਸ਼ੂਆਂ ਦੀ ਸਮੁੱਚੀ ਆਬਾਦੀ ਦਾ ਟੀਕਾਕਰਨ ਕੀਤਾ ਹੈ, ਜੋ ਇਸ ਬਿਮਾਰੀ ਦੀ ਰੋਕਥਾਮ ਅਤੇ ਨਿਯੰਤਰਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਸ਼ੂ ਪਾਲਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਸ਼ੂਧਨ ਦੀ ਸਿਹਤ ਦੀ ਸੁਰੱਖਿਆ ਲਈ ਨਿਰੰਤਰ ਕੰਮ ਕਰ ਰਹੀ ਹੈ, ਜੋ ਸੂਬੇ ਦੇ ਪਸ਼ੂਧਨ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।