ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, 27 ਮਾਰਚ, 2025
Phoenix ਵਿਚ ਇਕ ਜਾਣੇ ਪਛਾਣੇ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਵਕੀਲ ਦੇ ਛੋਟੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ।
Phoenix Police ਅਨੁਸਾਰ 51 ਸਾਲਾ ਵਕੀਲ James Artie Eaves ਦੀ ਮੌਤ ਦੇ ਮਾਮਲੇ ਵਿਚ 49 ਸਾਲਾ ਕ੍ਰਿਸਟੋਫਰ ਆਰਥਰ ਈਆਵੇਸ ਨੂੰ ਸ਼ੱਕੀ ਦੋਸ਼ੀ ਵਜੋਂ ਗ੍ਰਿ੍ਰਫਤਾਰ ਕਰ ਲਿਆ ਗਿਆ ਹੈ ਤੇ ਉਸ ਵਿਰੁੱਧ ਬਕਾਇਦਾ ਹੱਤਿਆ ਦੇ ਦੋਸ਼ ਲਾਏ ਗਏ ਹਨ। ਪੁਲਿਸ ਵਿਭਾਗ ਅਨੁਸਾਰ ਗੋਲੀ ਚੱਲਣ ਦੀ ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਉੱਤਰ ਪੂਰਬੀ ਫੋਨਿਕਸ ਵਿਚ ਪੁੱਜੀ ਤਾਂ ਜੇਮਜ ਈਆਵੇਸ ਆਪਣੇ ਘਰ ਨੂੰ ਜਾਂਦੇ ਰਾਹ ਵਿਚ ਡਿੱਗਾ ਪਿਆ ਸੀ ਤੇ ਉਸ ਦੇ ਇਕ ਗੋਲੀ ਵੱਜੀ ਹੋਈ ਸੀ।
ਉਸ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਵਿਭਾਗ ਅਨੁਸਾਰ ਮਾਮਲੇ ਦੇ ਵੱਖ ਵੱਖ ਪਹਿਲੂਆਂ ਨੂੰ ਜਾਂਚਣ ਤੇ ਸਬੂਤਾਂ ਨੂੰ ਘੋਖਣ ਉਪਰੰਤ ਕ੍ਰਿਸਟੋਫਰ ਈਆਵੇਸ ਦੀ ਪਛਾਣ ਸ਼ੱਕੀ ਦੋਸ਼ੀ ਵਜੋਂ ਕੀਤੀ ਗਈ ਤੇ ਜਦੋਂ ਉਹ ਅਪਰਾਧ ਵਾਲੇ ਸਥਾਨ ‘ਤੇ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਪੁੱਜਾ ਤਾਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਨੇ ਕਿਹਾ ਹੈ ਕਿ ਹੱਤਿਆ ਪਿੱਛੇ ਕਾਰਨ ਸਪੱਸ਼ਟ ਨਹੀਂ ਹੈ ਤੇ ਇਹ ਅਜੇ ਜਾਂਚ ਦਾ ਵਿਸ਼ਾ ਹੈ।