ਯੈੱਸ ਪੰਜਾਬ
ਲੁਧਿਆਣਾ, 28 ਅਕਤੂਬਰ, 2024
ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਵਿਚ ਸੀਨੀਅਰ ਮੌਲੀਕਿਊਲਰ ਜੀਨ ਵਿਗਿਆਨੀ ਵਜੋਂ ਕੰਮ ਕਰ ਰਹੇ ਡਾ. ਸਤਿੰਦਰ ਕੌਰ ਨੂੰ ਪੌਦਾ ਜੀਨ ਸਰੋਤਾਂ ਦੀ ਢੁੱਕਵੀਂ ਵਰਤੋਂ ਲਈ ਵੱਕਾਰੀ ਡਾ. ਐੱਸ ਕੇ ਵਾਸਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਹ ਐਵਾਰਡ ਉਹਨਾਂ ਨੂੰ ਪੌਦਾ ਜੀਨ ਸਰੋਤਾਂ ਬਾਰੇ ਭਾਰਤੀ ਸੁਸਾਇਟੀ ਵੱਲੋਂ ਓਮੀਅਮ, ਸ਼ਿਲਾਂਗ ਮੇਘਾਲਿਆ ਵਿਖੇ ਕਰਵਾਈ ਗਈ ਰਾਸ਼ਟਰੀ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ। ਉੱਤਰ ਅਤੇ ਪੂਰਬ ਭਾਰਤ ਵਿਚ ਖੇਤੀ ਜੈਵ ਵਿਭਿੰਨਤਾ ਦੀ ਸੰਭਾਲ ਬਾਰੇ ਇਹ ਕਾਨਫਰੰਸ ਬੀਤੇ ਦਿਨੀਂ ਕਰਵਾਈ ਗਈ ਸੀ੍ਟ ਡਾ. ਸਤਿੰਦਰ ਕੌਰ ਨੂੰ ਇਸ ਐਵਾਰਡ ਵਿਚ ਪ੍ਰਸ਼ੰਸਾ ਪੱਤਰ, ਸਨਮਾਨ ਚਿੰਨ ਅਤੇ ਨਕਦ ਰਾਸ਼ੀ ਦਿੱਤੀ ਗਈ। ਉਹਨਾਂ ਵੱਲੋਂ ਜੰਗਲੀ ਕਣਕ ਦੀ ਕਿਸਮਾਂ ਦੀ ਵਰਤੋਂ ਕਰਕੇ ਜੀਨ ਵਿਭਿੰਨਤਾ ਲਈ ਕੀਤੇ ਗਏ ਕਾਰਜ ਵਾਸਤੇ ਇਹ ਇਨਾਮ ਦਿੱਤਾ ਗਿਆ।
ਇਸ ਇਨਾਮ ਨੂੰ ਦੇਣ ਲਈ ਮੇਘਾਲਿਆ ਦੇ ਰਾਜਪਾਲ ਸ਼੍ਰੀ ਵਿਜੇ ਸ਼ੰਕਰ, ਪਦਮ ਸ਼੍ਰੀ ਡਾ. ਆਰ ਐੱਸ ਪਰੋਦਾ, ਡਾ. ਟੀ ਐੱਸ ਮੋਹਪਾਤਰਾ, ਡਾ. ਸੰਜੇ ਕੁਮਾਰ ਅਤੇ ਡਾ. ਕੇ ਐੱਮ ਬਜਰਬਰੂਆ ਤੋਂ ਇਲਾਵਾ ਡਾ. ਵੀ ਕੇ ਮਿਸ਼ਰਾ ਵੀ ਮੌਜੂਦ ਸਨ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਡਾ. ਸਤਿੰਦਰ ਕੌਰ ਦੀ ਇਸ ਸਫਲਤਾ ਉੱਪਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨੂੰ ਵਧਾਈ ਦਿੱਤੀ।