Wednesday, December 4, 2024
spot_img
spot_img
spot_img
spot_img

PAU ਵਿਖੇ ਅੰਤਰ-ਵਰਸਿਟੀ ਯੁਵਕ ਮੇਲਾ ਨਿੱਘੀਆਂ ਯਾਦਾਂ ਛੱਡਦਾ ਸੰਪੰਨ ਹੋਇਆ, Punjab University Chandigarh ਨੇ ਓਵਰਆਲ ਟਰਾਫੀ ਜਿੱਤੀ

ਯੈੱਸ ਪੰਜਾਬ
ਲੁਧਿਆਣਾ, 2 ਦਸੰਬਰ, 2024

PAU ਵਿੱਚ ਬੀਤੇ ਦਿਨਾਂ ਤੋਂ ਜਾਰੀ ਅੰਤਰ ਵਰਸਟੀ ਯੁਵਕ ਮੇਲਾ ਅੱਜ ਸ਼ਾਮ ਅਪਣੇ ਸਿਖਰ ਤੇ ਪੁੱਜ ਗਿਆ। ਵੱਖ-ਵੱਖ ਕਲਾ ਵੰਨਗੀਆਂ ਰਾਹੀਂ ਨੌਜਵਾਨ ਕਲਾਕਾਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਚਿਰ ਸਦੀਵੀ ਯਾਦਾਂ ਦਰਸ਼ਕਾਂ ਦੇ ਮਨਾਂ ਉੱਪਰ ਉਕੇਰ ਦਿੱਤੀਆਂ। Punjab University, Chandigarh ਨੇ ਓਵਰਆਲ ਟਰਾਫੀ ਜਿੱਤੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹਿ ਕੇ ਸਿਖਰਲੀਆਂ ਸੰਸਥਾਵਾਂ ਵਿੱਚ ਨਾਮ ਦਰਜ ਕਰਵਾਏ।

ਡਾਇਰੈਕਟੋਰੇਟ ਵਿਦਿਆਰਥੀ ਭਲਾਈ ਪੀਏਯੂ, ਅਤੇ ਡਾਇਰੈਕਟੋਰੇਟ ਯੁਵਕ ਸੇਵਾਵਾਂ, Punjab ਦੁਆਰਾ ਆਯੋਜਿਤ ਇਸ ਚਾਰ ਦਿਨਾਂ ਸਮਾਗਮ ਵਿੱਚ ਪੰਜਾਬ ਦੀਆਂ ਕੁੱਲ 17 ਯੂਨੀਵਰਸਿਟੀਆਂ ਦੇ 2,000 ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ। ਮੇਲੇ ਦੇ ਆਖ਼ਰੀ ਦਿਨ ਰਵਾਇਤੀ ਲੋਕ ਗੀਤਾਂ ਅਤੇ ਦਿਲ ਧੂਹਵੀਆਂ ਬੋਲੀਆਂ ਨਾਲ ਭਰਪੂਰ ਗਿੱਧੇ ਨੇ ਧੁੰਮ ਮਚਾ ਦਿੱਤੀ।

ਸਮੁੱਚੇ ਤੌਰ ‘ਤੇ, ਯੁਵਕ ਮੇਲੇ ਨੇ ਸਾਹਿਤਕ, ਸੂਖਮ ਕਲਾਵਾਂ, ਵਿਰਾਸਤੀ, ਸੰਗੀਤ, ਨ੍ਰਿਤ ਅਤੇ ਨਾਟਕੀ ਵੰਨਗੀਆਂ ਨਾਲ ਪੀ ਏ ਯੂ ਕੈਂਪਸ ਵਿਚ ਕਲਾਤਮਕ ਮਾਹੌਲ ਸਿਰਜ ਦਿੱਤਾ।

ਭਾਗ ਲੈਣ ਵਾਲੀਆਂ ਯੂਨੀਵਰਸਿਟੀਆਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ; ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ; ਸੀਟੀ ਯੂਨੀਵਰਸਿਟੀ, ਲੁਧਿਆਣਾ; ਡੀਏਵੀ ਯੂਨੀਵਰਸਿਟੀ, ਜਲੰਧਰ; ਜੀ ਐਨ ਏ ਯੂਨੀਵਰਸਿਟੀ, ਫਗਵਾੜਾ; ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ; ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ; ਗੁਰੂ ਕਾਸ਼ੀ ਯੂਨੀਵਰਸਿਟੀ, ਬਠਿੰਡਾ; ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ; ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ; ਪੰਜਾਬੀ ਯੂਨੀਵਰਸਿਟੀ, ਪਟਿਆਲਾ; ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ; ਐਸਜੀਜੀਐਸ ਵਰਲਡ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ; ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ; ਅਤੇ ਰਿਆਤ ਬਾਹਰਾ ਯੂਨੀਵਰਸਿਟੀ, ਮੋਹਾਲੀ ਸ਼ਾਮਿਲ ਸਨ।

ਆਖਰੀ ਦਿਨ ਦੇ ਮੁੱਖ ਮਹਿਮਾਨ ਸ੍ਰੀ ਪਰਮਿੰਦਰ ਸਿੰਘ ਗੋਲਡੀ, ਚੇਅਰਮੈਨ, ਪੰਜਾਬ ਯੂਥ ਡਿਵੈਲਪਮੈਂਟ ਬੋਰਡ ਸਨ। ਸ਼੍ਰੀ ਗੋਲਡੀ ਨੇ ਵਿਦਿਆਰਥੀਆਂ ਨੂੰ ਆਪਣੀ ਰੁਚੀ ਦੇ ਖੇਤਰ ਭਾਵੇਂ ਉਹ ਵਿੱਦਿਅਕ, ਸੱਭਿਆਚਾਰਕ ਗਤੀਵਿਧੀਆਂ ਜਾਂ ਖੇਡਾਂ ਵਿੱਚ ਆਪਣਾ ਸਥਾਨ ਬਣਾਉਣ ਹਿਤ ਨਿਰੰਤਰ ਯਤਨ ਕਰਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਯੁਵਕ ਸੇਵਾਵਾਂ ਪੰਜਾਬ ਸਰਕਾਰ ਦੀ ਪਹਿਲ ਪੰਜਾਬ ਦੇ ਨੌਜਵਾਨਾਂ ਲਈ ਕਲਾਤਮਕ ਅਤੇ ਉਸਾਰੂ ਮਾਹੌਲ ਸਿਰਜਣਾ ਹੈ। ਯੁਵਕ ਨੀਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਮੈਰਿਟ ਅਧਾਰਤ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਭਰਪੂਰ ਯਤਨ ਕੀਤੇ ਜਾਣਗੇ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ: ਸਤਿਬੀਰ ਸਿੰਘ ਗੋਸਲ, ਵਾਈਸ-ਚਾਂਸਲਰ, ਨੇ ਪੀ ਏ ਯੂ ਵਿੱਚ ਪੰਜਾਬ ਭਰ ਦੇ ਨੌਜਵਾਨਾਂ ਦੀ ਆਮਦ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੇਲੇ ਵਿਚ 46 ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਸਾਡੀ ਸੰਸਥਾ ਵਿਚ ਬੜਾ ਉਸਾਰੂ ਮਾਹੌਲ ਸਿਰਜਿਆ ਹੈ।

ਪੰਜਾਬ ਦੇ ਅਮੀਰ ਸੱਭਿਆਚਾਰ ਬਾਰੇ ਗੱਲ ਕਰਦਿਆਂ ਮਾਨਯੋਗ ਵਾਈਸ ਚਾਂਸਲਰ ਨੇ ਇਸਨੂੰ ਪੰਜਾਬੀਆਂ ਦੀ ਸਾਂਝ ਦਾ ਪ੍ਰਤੀਕ ਆਖਿਆ ਜਿਸ ਨੂੰ ਹਰ ਕੀਮਤ ‘ਤੇ ਸੰਭਾਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਦੇ ਮੰਚ ਦਾ ਇਤਿਹਾਸ ਉੱਘੇ ਥੀਏਟਰ ਅਤੇ ਫ਼ਿਲਮ ਕਲਾਕਾਰਾਂ ਨੂੰ ਪੈਦਾ ਕਰਨ ਦਾ ਰਿਹਾ ਹੈ। ਡਾ ਗੋਸਲ ਨੇ ਭਵਿੱਖ ਵਿਚ ਪੀ ਏ ਯੂ ਵਿੱਚ ਕਲਾਤਮਕ, ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਜਾਰੀ ਰੱਖਣ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।

ਸ਼੍ਰੀ ਕੁਲਵਿੰਦਰ ਸਿੰਘ, ਡਿਪਟੀ ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਕਿਹਾ ਕਿ ਸੂਬੇ ਨੂੰ ਤਿੰਨ ਕ੍ਰਾਂਤੀਆਂ – ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਅਤੇ ਸੱਭਿਆਚਾਰਕ ਕ੍ਰਾਂਤੀ ਪੈਦਾ ਕਰਨ ਦਾ ਮਾਣ ਜਾਂਦਾ ਹੈ। ਉਨ੍ਹਾਂ ਮੇਲੇ ਦੇ ਸਫਲ ਆਯੋਜਨ ਲਈ ਪੀ ਏ ਯੂ ਦੇ ਅਹੁਦੇਦਾਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਵੀ ਕੀਤਾ।

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਨਿਰਮਲ ਜੌੜਾ ਨੇ ਧੰਨਵਾਦ ਦੇ ਸ਼ਬਦ ਕਹੇ। ਉਨਾਂ ਕਿਹਾ ਕਿ ਰਵਾਇਤ ਬਣਾਉਣੀ ਔਖੀ ਹੈ ਪਰ ਇਸਦੀ ਸੰਭਾਲ ਬੇਹੱਦ ਮੁਸ਼ਕਿਲ ਕਾਰਜ ਹੈ। ਪੀ ਏ ਯੂ ਨੇ ਆਪਣੀ ਸੱਭਿਆਚਾਰਕ ਵਿਰਾਸਤ ਦੇ ਐਨ ਅਨੁਰੂਪ ਇਸ ਮੇਲੇ ਦਾ ਆਯੋਜਨ ਕੀਤਾ ਹੈ। ਉਨ੍ਹਾਂ ਭਾਗੀਦਾਰਾਂ ਦੇ ਅਨੁਸ਼ਾਸਨ ਅਤੇ ਲਗਨ ਲਈ ਉਨਾਂ ਦਾ ਧੰਨਵਾਦ ਕੀਤਾ।

ਪੀ ਏ ਯੂ ਦੀਆਂ ਟੀਮਾਂ ਰਵਾਇਤੀ ਲੋਕ ਗੀਤ ਵਿੱਚ ਪਹਿਲੇ ਅਤੇ ਗਿੱਧੇ ਵਿੱਚ ਤੀਜੇ ਸਥਾਨ ’ਤੇ ਰਹੀਆਂ। ਇਸ ਮੌਕੇ 17 ਯੂਨੀਵਰਸਿਟੀਆਂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੇ ਪ੍ਰਤੀਨਿਧੀਆਂ ਅਤੇ ਪੀਏਯੂ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਤੋਂ ਇਲਾਵਾ ਯੁਵਕ ਸੇਵਾਵਾਂ ਡਾਇਰੈਕਟੋਰੇਟ ਦੇ ਅਮਲੇ ਨੂੰ ਸਨਮਾਨਿਤ ਕੀਤਾ ਗਿਆ।

ਪੀਏਯੂ ਵੱਲੋਂ ਡਾ: ਸਤਿਬੀਰ ਸਿੰਘ ਗੋਸਲ ਗੋਸਲ, ਡਾ: ਨਿਰਮਲ ਜੌੜਾ, ਡਾ: ਰੁਪਿੰਦਰ ਕੌਰ, ਡਾ: ਵਿਸ਼ਾਲ ਬੈਕਟਰ ਅਤੇ ਸਤਵੀਰ ਸਿੰਘ ਨੂੰ ਯੁਵਕ ਮੇਲੇ ਦੇ ਸਫ਼ਲ ਆਯੋਜਨ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ। ਬਾਅਦ ਵਿੱਚ, ਪਤਵੰਤਿਆਂ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਤਿੰਨ ਸਰਵੋਤਮ ਟਰਾਫੀਆਂ ਨਾਲ ਸਨਮਾਨਿਤ ਕੀਤਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ