ਯੈੱਸ ਪੰਜਾਬ
ਲੁਧਿਆਣਾ, 19 ਫਰਵਰੀ, 2025
PAU ਦੇ ਬਿਜ਼ਨਸ ਸਟੱਡੀਜ਼ ਸਕੂਲ ਦੇ ਤਿੰਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚ ਜਾਰੀ ਪਲੇਸਮੈਂਟ ਮੁਹਿੰਮ ਦੌਰਾਨ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਿਟਡ (Amul India) ਵਿਚ ਨੌਕਰੀ ਦੀ ਪੇਸ਼ਕਸ਼ ਹੋਈ ਹੈ। ਇਹਨਾਂ ਵਿੱਚੋਂ ਦੋ ਵਿਦਿਆਰਥੀ ਐੱਮ ਬੀ ਏ (Agribusiness) ਅਤੇ ਇਕ ਐੱਮ ਬੀ ਏ (Marketing Management) ਦੇ ਹਨ।
ਅਭਿਸ਼ੇਕ ਅਰੋੜਾ ਅਤੇ ਜੋਬਨਪਾਲ ਸਿੰਘ ਸੇਖੋਂ ਆਪਣੇ ਅੰਤਿਮ ਸੈਮੈਸਟਰ ਨੂੰ ਸੰਭਾਵੀ ਤੌਰ ਤੇ ਜੁਲਾਈ 2025 ਵਿਚ ਪਾਸ ਕਰ ਲੈਣਗੇ ਜਦੋਂ ਕਿ ਕੁਮਾਰੀ ਅਰਪਿਤਾ ਸ਼ਰਮਾ ਨੇ ਹੁਣੇ ਹੁਣੇ ਆਪਣੀ ਡਿਗਰੀ ਪੂਰੀ ਕੀਤੀ ਹੈ। ਇਹਨਾਂ ਵਿਦਿਆਰਥੀਆਂ ਦੀ ਪਲੇਸਮੈਂਟ 7 ਲੱਖ ਰੁਪਏ ਪ੍ਰਤੀ ਸਾਲ ਦੇ ਪੈਕੇਜ ਉੱਪਰ ਹੋਈ ਹੈ।
ਯੂਨੀਵਰਸਿਟੀ ਕਾਊਂਸਲਿੰਗ ਪਲੇਸਮੈਂਟ ਗਾਈਡੈਂਸ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਚਾਲੂ ਦੌਰ ਵਿਚ ਰੁਜ਼ਗਾਰ ਯੋਗ ਬਨਾਉਣ ਅਤੇ ਉਹਨਾਂ ਨੂੰ ਲੋੜੀਂਦੇ ਰੁਜ਼ਗਾਰ ਦੇ ਬੂਹੇ ਤੱਕ ਲਿਜਾਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ।
ਉਹਨਾਂ ਕਿਹਾ ਕਿ ਪ੍ਰਸਿੱਧ ਕਾਰੋਬਾਰੀ ਸੰਸਥਾਵਾਂ ਨੂੰ ਵਿਦਿਆਰਥੀਆਂ ਨਾਲ ਮਿਲਾ ਕੇ ਯੂਨੀਵਰਸਿਟੀ ਦਾ ਪਲੇਸਮੈਂਟ ਸੈੱਲ ਆਪਣੇ ਫਰਜ਼ਾਂ ਨੂੰ ਨਿਭਾਅ ਰਿਹਾ ਹੈ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਅਮਨਦੀਪ ਸਿੰਘ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪਲੇਸਮੈਂਟ ਸੈੱਲ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ।