ਯੈੱਸ ਪੰਜਾਬ
ਪਟਿਆਲਾ, 18 ਫਰਵਰੀ, 2025
ਸ਼ੀਸ਼ ਮਹਿਲ ਦੇ ਵਿਹੜੇ ‘ਚ ਸਜੇ Saras ਮੇਲੇ ‘ਚ ਸੈਰ ਸਪਾਟਾ ਵਿਭਾਗ Punjab ਵੱਲੋਂ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਦਰਸ਼ਕਾਂ ਨੂੰ ਸੂਬੇ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਤੇ ਪੰਜਾਬ ‘ਚ ਦੇਖਣ ਵਾਲੇ ਸਥਾਨਾਂ ਦੀ ਜਾਣਕਾਰੀ ਦੇਣ ਲਈ ਪ੍ਰਦਰਸ਼ਨੀ ਬੱਸ ਲਗਾਈ ਗਈ ਹੈ, ਜਿਸ ਨੂੰ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ‘ਚ ਮੇਲੀ ਦੇਖ ਰਹੇ ਹਨ।
ਡਿਪਟੀ ਕਮਿਸ਼ਨਰ Dr. Preeti Yadav ਨੇ ਦੱਸਿਆ ਕਿ ਸਰਸ ਮੇਲੇ ਦਾ ਮੁੱਖ ਮਕਸਦ ਦੇਸ਼ ਵਿਦੇਸ਼ ਦੇ ਸ਼ਿਲਪਕਾਰਾਂ ਤੇ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ ਅਤੇ ਇਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਪਹੁੰਚ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਰਸ ਮੇਲੇ ‘ਚ Punjab ਦੇ ਸੈਰ ਸਪਾਟਾ ਵਿਭਾਗ ਵੱਲੋਂ ਲਗਾਈ ਪ੍ਰਦਰਸ਼ਨੀ ਬੱਸ ਦੇਸ਼-ਵਿਦੇਸ਼ ਤੋਂ ਆਏ ਲੋਕਾਂ ਸਮੇਤ ਪਟਿਆਲਵੀਆਂ ਲਈ ਵੀ ਖਿੱਚ ਦੇ ਕੇਂਦਰ ਹੈ, ਕਿਉਂਕਿ ਇਸ ਰਾਹੀਂ ਸੂਬੇ ਦੇ ਸਾਰੇ ਦੇਖਣ ਯੋਗ ਸਥਾਨਾਂ ਸਬੰਧੀ ਜਾਣਕਾਰੀ ਇਕੋ ਸਥਾਨ ਤੋਂ ਮਿਲ ਰਹੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਸ ਮੇਲੇ ਵਿੱਚ ਜਿੱਥੇ ਪਹੁੰਚ ਰਹੇ ਹਨ ਉੱਥੇ ਉਹ ਇਸ ਪ੍ਰਦਰਸ਼ਨੀ ਬੱਸ ਨੂੰ ਵੀ ਜ਼ਰੂਰ ਦੇਖਣ।
ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸ਼ੀਸ਼ ਮਹਿਲ ਦੇ ਅੰਦਰ ਵੜਦਿਆਂ ਹੀ ਕੁਝ ਦੂਰੀ ‘ਤੇ ਸੰਜੇ ਪਾਸੇ ਲੱਗੀ ਇਹ ਪ੍ਰਦਰਸ਼ਨੀ ਬੱਸ ਮੇਲੇ ‘ਚ ਆਉਣ ਵਾਲੇ ਹਰੇਕ ਦਰਸ਼ਕ ਨੂੰ ਆਕਰਸ਼ਿਤ ਕਰਦੀ ਹੈ ਤੇ ਇਸ ਵਿੱਚ ਮੌਜੂਦ ਜਾਣਕਾਰੀ ਪੂਰੇ ਪੰਜਾਬ ਦੇ ਅਮੀਰ ਸਭਿਆਚਾਰ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟੇ ਲਈ ਅਨੇਕਾਂ ਥਾਵਾਂ ਹਨ ਪਰ ਇਹਨਾਂ ਸਬੰਧੀ ਕਈ ਵਾਰ ਸਾਨੂੰ ਜਾਣਕਾਰੀ ਨਹੀਂ ਹੁੰਦੀ। ਇਹਨਾਂ ਸਾਰੀਆਂ ਥਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਅਤੇ ਇਹਨਾਂ ਦੇ ਇਤਿਹਾਸ ਅਤੇ ਮਹੱਤਵ ਬਾਰੇ ਜਾਣਕਾਰੀ ਦੇਣ ਲਈ ਟੂਰਿਜ਼ਮ ਵਿਭਾਗ ਨੇ ਇਹ ਬੱਸ ਸਰਸ ਮੇਲੇ ਵਿਖੇ ਭੇਜੀ ਹੈ। ਇਹ ਪ੍ਰਦਰਸ਼ਨੀ ਬੱਸ 23 ਫਰਵਰੀ ਤੱਕ ਮੇਲੇ ‘ਚ ਰਹੇਗੀ।
ਸੈਰ ਸਪਾਟਾ ਵਿਭਾਗ ਦੇ ਟੂਰਿਸਟ ਅਫ਼ਸਰ ਹਰਦੀਪ ਸਿੰਘ ਨੇ ਦੱਸਿਆ ਕਿ ਸੈਰ ਸਪਾਟਾ ਤੇ ਸਭਿਆਚਾਰ ਮਾਮਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਯੋਗ ਅਗਵਾਈ ਹੇਠ ਇਹ ਪ੍ਰਦਰਸ਼ਨੀ ਬੱਸ ਪੂਰੇ ਪੰਜਾਬ ‘ਚ ਚਲਾਈ ਜਾਂਦੀ ਹੈ ਇਸ ਬੱਸ ਦੇ ਅੰਦਰ ਅਤੇ ਬਾਹਰ ਜਿੱਥੇ ਐਲ.ਈ.ਡੀ. ਰਾਹੀਂ ਆਡੀਓ ਵਿਜ਼ੁਅਲ ਤਰੀਕੇ ਨਾਲ ਪੰਜਾਬ ਦੀਆਂ ਵੇਖਣ ਯੋਗ ਥਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਉੱਥੇ ਹੀ ਇਸ ਦੇ ਅੰਦਰ ਲਿਟਰੇਚਰ ਅਤੇ ਤਸਵੀਰਾਂ ਰਾਹੀਂ ਵੀ ਪੰਜਾਬ ਦੀਆਂ ਦੇਖਣ ਯੋਗ ਥਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।
ਸਰਸ ਮੇਲੇ ‘ਚ ਪੁੱਜੇ ਸਕੂਲੀ ਵਿਦਿਆਰਥੀਆਂ ਨੇ ਪ੍ਰਦਰਸ਼ਨੀ ਬੱਸ ਦੇਖਣ ਉਪਰੰਤ ਉਤਸ਼ਾਹਤ ਹੁੰਦਿਆਂ ਕਿਹਾ ਕਿ ਇਸ ਪ੍ਰਦਰਸ਼ਨੀ ਰਾਹੀਂ ਸਾਨੂੰ ਆਪਣੀ ਸਟੇਟ ਬਾਰੇ ਵਡਮੁੱਲੀ ਜਾਣਕਾਰੀ ਪ੍ਰਾਪਤ ਹੋਈ ਹੈ ਤੇ ਸਾਡੇ ਗਿਆਨ ‘ਚ ਵਾਧਾ ਹੋਇਆ ਹੈ, ਜੋ ਸਾਨੂੰ ਪੜਾਈ ‘ਚ ਸਹਾਈ ਹੋਵੇਗਾ।