ਯੈੱਸ ਪੰਜਾਬ
ਪਟਿਆਲਾ, 16 ਫਰਵਰੀ, 2025
Patiala ਵਿਖੇ ਕਰਵਾਏ ਗਏ Military Literature Festival ਦੌਰਾਨ ਖਾਲਸਾ ਕਾਲਜ ਦੇ ਵਿਹੜੇ ਵਿੱਚ ਪ੍ਰਦਰਸ਼ਿਤ ਕੀਤੇ ਜੰਗੀ ਸਾਜੋ ਸਾਮਾਨ ਨੇ ਪਟਿਆਲਵੀਆਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਭਰਿਆ। ਨੌਜਵਾਨਾਂ ਨੇ ਆਰਮੀ ਟੈਂਕ ਸ਼ੋਅ ਵਿੱਚ ਜਿਥੇ ਟੈਂਕਾਂ ਨਾਲ ਸੈਲਫ਼ੀਆਂ ਕਰਵਾਈਆਂ, ਉਥੇ ਹੀ ਫ਼ੌਜ ਦੇ ਅਧਿਕਾਰੀਆਂ ਪਾਸੋਂ ਫੌਜੀ ਸਾਜੋ ਸਾਮਾਨ ਸਬੰਧੀ ਤਕਨੀਕੀ ਜਾਣਕਾਰੀ ਹਾਸਲ ਕਰਨ ਵਿੱਚ ਵੀ ਦਿਲਚਸਪੀ ਦਿਖਾਈ। ਇਸ ਤੋਂ ਇਲਾਵਾ ਘੋੜ ਸਵਾਰੀ ਦੇ ਕਰਤੱਬ ਤੇ ਗੱਤਕੇ ਨੇ ਹਾਜ਼ਰੀਨ ਵਿੱਚ ਨਵਾਂ ਜੋਸ਼ ਭਰਿਆ।
ਆਰਮੀ ਵੱਲੋਂ ਪ੍ਰਦਰਸ਼ਿਤ ਕੀਤੇ ਟੀ-72 ਟੈਂਕ, ਫੁੱਲ ਵੀੜਥ ਮਾਈਨ ਪਲੱਗ, ਟੀ.ਕੇ. ਟੀ-90, ਬੀ.ਐਮ.ਪੀ. 2, 84 ਐਮ.ਐਮ. ਰਾਕਟ ਲਾਚਰ, 5.56 ਐਮ.ਐਮ. ਇਨਸਾਸ ਐਲ.ਐਮ.ਜੀ., ਰਾਈਫਲ, 130 ਐਮ.ਐਮ. ਗੰਨ ਐਮ-46, 30 ਐਮ.ਐਮ. ਕੈਨਨ ਡਰਿੱਲ ਆਰ.ਡੀ.ਐਸ. ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇ।
ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਨੂੰ ਦੇਖਣ ਆਏ ਸਕੂਲੀ ਵਿਦਿਆਰਥੀਆਂ ਨੇ ਕਿਹਾ ਕਿ ਅੱਜ ਦਾ ਇਹ ਅਨੁਭਵ ਉਨ੍ਹਾਂ ਦੇ ਜੀਵਨ ਵਿੱਚ ਸਦੀਵੀਂ ਯਾਦ ਬਣਕੇ ਰਹੇਗਾ, ਕਿਉਂਕਿ ਉਨ੍ਹਾਂ ਕਦੇ ਸੋਚਿਆਂ ਨਹੀਂ ਸੀ ਕਿ ਆਰਮੀ ਟੈਂਕਾਂ ਸਮੇਤ ਹੋਰ ਸਾਜੋ ਸਾਮਾਨ ਨੂੰ ਕਦੇ ਨੇੜੇ ਤੋਂ ਦੇਖਣ ਦਾ ਮੌਕਾ ਮਿਲੇਗਾ। ਵਿਦਿਆਰਥੀਆਂ ਨੇ ਕਿਹਾ ਕਿ ਫ਼ੌਜ ਦੇ ਅਧਿਕਾਰੀਆਂ ਪਾਸੋਂ ਜੰਗ ਦੀਆਂ ਗਾਥਾਵਾਂ ਸੁਣਕੇ ਦੇਸ਼ ਦੀ ਰਾਖੀ ਕਰਨ ਵਾਲੇ ਸੈਨਿਕਾਂ ਪ੍ਰਤੀ ਉਨ੍ਹਾਂ ਦੇ ਮਨ ਅੰਦਰ ਹੋਰ ਸਤਿਕਾਰ ਪੈਦਾ ਹੋਇਆ ਹੈ।
ਇਸ ਮੌਕੇ ਨਾਇਬ ਸੂਬੇਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਲਗਾਏ ਗਏ ਜੰਗੀ ਸਾਜੋ ਸਾਮਾਨ ਨੂੰ ਦੇਖਣ ਅਤੇ ਇਸ ਨੂੰ ਅਨੁਭਵ ਕਰਨ ਲਈ ਪਟਿਆਲਾ ਵਾਸੀਆਂ ਵਿੱਚ ਕਾਫ਼ੀ ਉਤਸ਼ਾਹ ਦੇਣ ਨੂੰ ਮਿਲਿਆ।