ਯੈੱਸ ਪੰਜਾਬ
ਚੰਡੀਗੜ੍ਹ, 21 ਜਨਵਰੀ, 2024:
ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਚੋਣ ਲੜ ਰਹੇ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਵੱਲੋਂ ਦਿੱਤੇ ਗਏ ਇੱਕ ਬਿਆਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਇਸ ਮਾਮਲੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਨੇ ਇਸ ਬਿਆਨ ਲਈ ਅਮਿਤ ਸ਼ਾਹ ਦੀ ਮੁਆਫ਼ੀ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਪ੍ਰਵੇਸ਼ ਵਰਮਾ ਨੇ ਅੱਜ ਦਿੱਲੀ ਵਿੱਚ ਚੋਣ ਪ੍ਰਚਾਰ ਲਈ ਪੰਜਾਬ ਤੋਂ ਗਏ ‘ਆਮ ਆਦਮੀ ਪਾਰਟੀ’ ਦੇ ਆਗੂਆਂ ਅਤੇ ਵਰਕਰਾਂ ਨੂੰ ਗੁੰਡੇ ਦੱਸਦਿਆਂ ਕਿਹਾ ਕਿ ਇਹ ਲੋਕ ਪੰਜਾਬ ਨੰਬਰ ਦੀਆਂ ਗੜੀਆਂ ਵਿੱਚ ਆਏ ਹਨ ਅਤੇ 26 ਜਨਵਰੀ ਵਾਲੇ ਦਿਨ ਗੜਬੜ ਕਰ ਸਕਦੇ ਹਨ। ਪ੍ਰਵੇਸ਼ ਵਰਮਾ ਨੇ ਕਿਹਾ ਕਿ ਪੰਜਾਬ ਤੋਂ ਆਏ ਇਹ ਲੋਕ ਦੇਸ਼ ਦੀ ਸੁਰੱਖ਼ਿਆ ਲਈ ਖ਼ਤਰਾ ਹੋ ਸਕਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਹੈ।
ਇਸ ਬਿਆਨ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਵੇਸ਼ ਵਰਮਾ ਦੇ ਇਸ ਬਿਆਨ ਦੇ ਵੀਡੀਉ ਨੂੰ ਟਵੀਟ ਕਰਨ ਦੇ ਨਾਲ ਨਾਲ ਲਿਖ਼ਿਆ ਕਿ, ‘‘ਦਿੱਲੀ ਦੇ ਦੀ ਰਾਜਧਾਨੀ ਹੈ। ਇਥੇ ਹਰ ਰਾਜ ਤੋਂ ਲੋਕ ਆਉਂਦੇ ਹਨ। ਇੱਥੇ ਹਰ ਪ੍ਰਦੇਸ਼ ਦੇ ਨੰਬਰ ਦੀਆਂ ਗੱਡੀਆਂ ਚੱਲਦੀਆਂ ਹਨ, ਇਸ ਉੱਤੇ ਕੋਈ ਰੋਕ ਟੋਕ ਨਹੀਂ ਹੈ। ’’
ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੂੰ ਮੁਖ਼ਾਤਬ ਹੁੰਦਿਆਂ ਲਿਖ਼ਿਆ ਕਿ ਭਾਜਪਾ ਦਾ ਇਹ ਬਿਆਨ ਸੁਣੋ। ਇਹ ਬੇਹਦ ਖ਼ਤਰਨਾਕ, ਚਿੰਤਾਜਨਕ ਅਤੇ ਪੰਜਾਬੀਆਂ ਲਈ ਅਪਮਾਨਜਨਕ ਹੈ। ਇਹ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਵੱਲ ਸੰਕੇਤ ਦੇ ਕੇ ਕਹਿ ਰਹੇ ਹਨ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ ਵਿੱਚ ਕਿਉਂ ਘੁੰਮ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਵੇਸ਼ ਵਰਮਾ ਨੇ ਇੰਜ ਕਹ ਰਹੇ ਹਨ ਜਿਵੇਂ ਪੰਜਾਬੀ ਦੇਸ਼ ਦੀ ਸੁਰੱਖ਼ਿਆ ਲਈ ਖ਼ਤਰਾ ਹੋਣ। ਇਹ ਮੇਰੇ ਅਤੇ ਦੇਸ਼ ਦੇ ਹਰ ਪੰਜਾਬੀ ਲਈ ਬੇਹੱਦ ਅਪਮਾਨਜਨਕ ਹੈ।
ਭਗਵੰਘ ਸਿੰਘ ਮਾਨ ਨੇ ਕਿਹਾ ਕਿ ਹਰ ਪੰਜਾਬੀ ਬੇਹਦ ਪੀੜਾ ਅਤੇ ਅਪਮਾਨ ਮਹਿਸੂਸ ਕਰ ਰਿਹਾ ਹੈ। ਆਪਣੀ ਗੰਦੀ ਰਾਜਨੀਤੀ ਲਈ ਇਸ ਤਰ੍ਹਾਂ ਪੰਜਾਬੀਆਂ ਦੀ ਦੇਸ਼ ਭਗਤੀ ’ਤੇ ਸਵਾਲ ਉਠਾਣਾ ਠੀਕ ਨਹੀਂ ਹੈ।
ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਕਿਹਾ ਕਿ ਉਹ ਨਾ ਤਾਂ ਆਪਣੇ ਦੇਸ਼ ਦੇ ਬਾਰਡਰ ਨੂੰ ਸੁਰੱਖ਼ਿਅਤ ਰੱਖ ਪਾ ਰਹੇ ਹਨ ਅਤੇ ਨਾ ਹੀ ਦਿੱਲੀ ਨੂੰ। ਹਜ਼ਾਰਾਂ ਬੰਗਲਾਦੇਸ਼ੀ ਅਤੇ ਰੋਹਿੰਗਿਆ ਪੂਰੇ ਦੇਸ਼ ਵਿੱਚ ਆ ਰਹੇ ਹਨ, ਉਨ੍ਹਾਂ ਤੋਂ ਤੁਹਾਨੂੰਕੋਈ ਦਿੱਕਤ ਨਹੀਂ ਹੈ ਪਰ ਪੰਜਾਬ ਤੋਂ ਦਿੱਲੀ ਆਉਣ ਵਾਲੇ ਪੰਜਾਬੀਆਂ ਨੂੰ ਤੁਸੀਂ ਦੇਸ਼ ਲਈ ਖ਼ਤਰਾ ਦੱਸ ਰਹੇ ਹੋ। ਤੁਹਾਨੂੂੰ ਪੰਜਾਬੀਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।