ਯੈੱਸ ਪੰਜਾਬ
ਚੰਡੀਗੜ੍ਹ, 13 ਅਪ੍ਰੈਲ, 2025:
Congress ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ Partap Singh Bajwa ਵੱਲੋਂ Punjab ਵਿੱਚ 50 ਗਰੇਨੇਡ ਪਹੁੰਚਣ, ਉਨ੍ਹਾਂ ਵਿੱਚੋਂ 18 ਚੱਲ ਚੁੱਕੇ ਹੋਣ ਅਤੇ 32 ਅਜੇ ਵਰਤੇ ਜਾਣ ਸੰਬੰਧੀ ਦਿੱਤੇ ਗਏ ਇੱਕ ਬਿਆਨ ਨੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।
ਮੁੱਖ ਮੰਤਰੀ Bhagwant Singh Mann ਨੇ ਖ਼ੁਦ ਇਸ ਮਾਮਲੇ ਵਿੱਚ ਸਾਹਮਣੇ ਆਉਂਦਿਆਂ ਇਕ ਵੀਡੀਉ ਸੁਨੇਹੇ ਰਾਹੀਂ ਸ: ਬਾਜਵਾ ਨੂੰ ਕਿਹਾ ਹੈ ਕਿ ਉਹ ਆਪਣੇ ਇਸ ਬਿਆਨ ਬਾਰੇ ਆਪਣਾ ਸਰੋਤ ਸਰਕਾਰ ਅਤੇ ਪੁਲਿਸ ਨਾਲ ਸਾਂਝਾ ਕਰਨ ਨਹੀਂ ਤਾਂ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇੱਕ ਨਿੱਜੀ ਪੰਜਾਬੀ ਚੈਨਲ ਨਾਲ ਇੱਕ Interview ਦੌਰਾਨ ਸ: ਬਾਜਵਾ ਨੇ ਕਿਹਾ ਸੀ ਕਿ ਉਹ ਇਹ ਦੱਸ ਦੇਣਾ ਚਾਹੁੰਦੇ ਹਨ ਕਿ ਪੰਜਾਬ ਵਿੱਚ 50 ਗਰੇਨੇਡ ਪਹੁੰਚੇ ਸਨ, ਜਿਨ੍ਹਾਂ ਵਿੱਚੋਂ 18 ਚੱਲ ਚੁੱਕੇ ਹਨ ਅਤੇ 32 ਅਜੇ ਚੱਲਣੇ ਬਾਕੀ ਹਨ।
ਸ: ਬਾਜਵਾ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਸਰਕਾਰ ਅਤੇ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਪੁਲਿਸ ਦੀ ਇਕ ਟੀਮ ਨੇ ਸ: ਬਾਜਵਾ ਦੀ ਚੰਡੀਗੜ੍ਹ ਵਿਚਲੀ ਸੈਕਟਰ 8 ਸਥਿਤ ਕੋਠੀ ਨੰਬਰ 7 ਵਿੱਚ ਪੁੱਜੀ। ਇਸ ਟੀਮ ਦੇ ਪੁੱਜਣ ਤੋਂ ਪਹਿਲਾਂ ਹੀ ਸ: ਬਾਜਵਾ ਨੂੰ ਸੁਚੇਤ ਕਰ ਦਿੱਤਾ ਗਿਆ ਕਿ ਪੁਲਿਸ ਟੀਮ ਉਨ੍ਹਾਂ ਦੇ ਘਰ ਪੁੱਜ ਰਹੀ ਹੈ ਅਤੇ ਉਹ ਟੀਮ ਦੇ ਪੁੱਜਣ ਤਕ ਘਰ ਵਿੱਚ ਹੀ ਰਹਿਣ।
ਟੀਮ ਗੱਲਬਾਤ ਕਰਕੇ ਬਾਹਰ ਨਿਕਲੀ ਤਾਂ ਟੀਮ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਰਵਜੋਤ ਕੌਰ ਗਰੇਵਾਲ, ਏ.ਆਈ.ਜੀ.ਕਾਊਂਟਰ ਇੰਟੈਲੀਜੈਂਸ, ਨੇ ਕਿਹਾ ਕਿ ਇਹ ਨੈਸ਼ਨਲ ਸਕਿਉਰਿਟੀ ਨਾਲ ਸੰਬੰਧਤ ਮੁੱਦਾ ਹੈ ਅਤੇ ਸਾਡੇ ਲਈ ਇਹ ਪਤਾ ਕਰਨਾ ਜ਼ਰੂਰੀ ਸੀ ਕਿ ਇਸ ਜਾਣਕਾਰੀ ਦਾ ਸਰੋਤ ਕੀ ਹੈ।
ਉਹਨਾਂ ਕਿਹਾ ਕਿ ਸ ਬਾਜਵਾ ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਜਾਣਕਾਰੀ ਦਾ ਕੋਈ ਸਰੋਤ ਸਾਂਝਾ ਨਹੀਂ ਕੀਤਾ ਅਤੇ ਨਾ ਹੀ ਇਹ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ ਇਹ ਜਾਣਕਾਰੀ ਕਿੰਜ ਪੁੱਜੀ। ਉਹਨਾਂ ਕਿਹਾ ਕਿ ਸਾਨੂੰ ਇਸ ਮਾਮਲੇ ’ਤੇ ਕੋਈ ਜ਼ਰੂਰੀ ‘ਇਨਪੁੱਟ’ ਮੁਹੱਈਆ ਨਹੀਂ ਕਰਵਾਈ ਗਈ।
ਇਸੇ ਦੌਰਾਨ ਤੁਰੰਤ ਹਰਕਤ ਵਿੱਚ ਆਏ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਇਕ ਵੀਡੀਉ ਜਾਰੀ ਕਰਕੇ ਹੇਠ ਲਿਖੀਆਂ ਗੱਲਾਂ ਆਖ਼ੀਆਂ ਹਨ।
ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰ ਘਬਾਜਵਾ ਨੇ ਕਿਹਾ ਹੈ ਕਿ ਰਾਜ ਅੰਦਰ 50 ਬੰਬ ਪਹੁੰਚੇ, 18 ਫ਼ਟ ਚੁੱਕੇ ਹਨ ਅਤੇ 32 ਅਜੇ ਫ਼ਟਣ ਵਾਲੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸ: ਬਾਜਵਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ। ਕੀ ਤੁਹਾਡੇ ਪਾਕਿਸਤਾਨ ਨਾਲ ਸੰਬੰਧ ਹਨ? ਕੀ ਅੱਤਵਾਦੀ ਜਾਂ ਭੇਜਣ ਵਾਲੀ ਏਜੰਸੀ ਤੁਹਾਨੂੰ ਫ਼ੋਨ ਕਰਕੇ ਦੱਸਦੀ ਹੈ ਕਿ ਕਿੰਨੇ ਬੰਬ ਭੇਜੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਸ: ਬਾਜਵਾ ਨੂੰ ਦੱਸਣਾ ਚਾਹੀਦਾ ਹੈ ਕਿ ਤੁਹਾਡੀ ਜਾਣਕਾਰੀ ਦਾ ਸਰੋਤ ਕੀ ਹੈ ਕਿਉਂਕਿ ਇਹ ਜਾਣਕਾਰੀ ਨਾ ਤਾਂ ਪੰਜਾਬ ਦੀ ਕਿਸੇ ਇੰਟੈਲੀਜੈਂਸ ਏਜੰਸੀ ਕੋਲ ਹੈ ਅਤੇ ਨਾ ਹੀ ਦੇਸ਼ ਦੀ ਕਿਸੇ ਇੰਟੈਲੀਜੈਂਸ ਏਜੰਸੀ ਨੇ ਐਸੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ।
ਭਗਵੰਤ ਮਾਨ ਨੇ ਆਖ਼ਿਆ ਕਿ ਸ: ਬਾਜਵਾ ਦਾ ਫ਼ਰਜ਼ ਬਣਦਾ ਹੈ ਕਿ ਉਹ ਇਹ ਜਾਣਕਾਰੀ ਸਾਂਝੀ ਕਰਨ। ਉਹਨਾਂ ਆਖ਼ਿਆ ਕਿ ਕੀ ਸ: ਬਾਜਵਾ ਬੰਬਾਂ ਦੇ ਫ਼ਟਣ ਦੀ ਇੰਤਜ਼ਾਰ ਕਰ ਰਹੇ ਹਨ ਕਿ ਬੰਬ ਫ਼ਟਣ ਤੋਂ ਬਾਅਦ ਉਹ ਆਪਣੀ ਰਾਜਨੀਤੀ ਚਮਕਾਉਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਜੇ ਇਹ ਬਿਆਨ ਦਹਿਸ਼ਤ ਫ਼ੈਲਾਉਣ ਵਾਸਤੇ ਦਿੱਤਾ ਗਿਆ ਹੈ ਤਾਂ ਇਹ ਬਹੁਤ ਗੰਭੀਰ ਅਪਰਾਧ ਹੈ ਅਤੇ ਇਸ ਲਈ ਤੁਹਾਡੇ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ: ਮਾਨ ਨੇ ਕਾਂਗਰਸ ਪਾਰਟੀ ਨੂੰ ਵੀ ਆਖ਼ਿਆ ਕਿ ਪਾਰਟੀ ਦੇ ਵੱਡੇ ਲੀਡਰ ਸਾਹਮਣੇ ਆ ਕੇ ਦੱਸਣ ਅਤੇ ਸਫ਼ਾਈ ਦੇਣ ਕਿ ਕੀ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ ਕਿ ਸ: ਬਾਜਵਾ ਨੂੰ ਸਾਰਾ ਪਤਾ ਹੈ ਕਿ ਕਿੰਨ ਬੰਬ ਆਏ, ਕਿੰਨੇ ਚੱਲ ਗਏ ਅਤੇ ਕਿੰਨੇ ਰਹਿ ਗਏ।
ਉਹਨਾਂ ਕਿਹਾ ਕਿ ਜੇ ਸ: ਬਾਜਵਾ ਨੇ ਇਹ ਗੱਲ ਸਿਰਫ਼ ਦਹਿਸ਼ਤ ਫ਼ੈਲਾਉਣ ਵਾਸਤੇ ਹੀ ਕੀਤੀ ਹੈ ਤਾਂ ਸ: ਬਾਜਵਾ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਪੁਲਿਸ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਸ: ਬਾਜਵਾ ਤੋਂ ਨਿਸ਼ਾਨਦੇਹੀ ਕਰਵਾ ਕੇ ਇਹ ਬੰਬ ਜਿੱਥੇ ਜਿੱਥੇ ਵੀ ਪਏ ਹਨ, ਬਰਾਮਦ ਕਰਵਾਏ ਜਾਣ। ਉਹਨਾਂ ਨੇ ਸ:ਬਾਜਵਾ ਨੂੰ ਕਿਹਾ ਕਿ ਉਹ ਦਹਿਸ਼ਤ ਫ਼ੈਲਾਉਣ ਵਾਸਤੇ ਕੁਝ ਵੀ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਦਿੰਦੇ ਹਨ, ਸਖ਼ਤ ਕਾਰਵਾਈ ਲਈ ਤਿਆਰ ਰਹੋ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਜਵਾ ਨੇ ਕਿਹਾ ਕਿ ਉਹ ਆਪਣੇ ਸਰੋਤ ਜ਼ਾਹਿਰ ਨਹੀਂ ਕਰ ਸਕਦੇ ਕਿਉਂਕਿ ਇਹ ਕੇਂਦਰ ਅਤੇ ਰਾਜ ਦੀਆਂ ਏਜੰਸੀਆਂ ਦੇ ਸਰੋਤ ਹੁੰਦੇ ਹਨ ਜਿਹੜੇ ਦੱਸੇ ਨਹੀਂ ਜਾ ਸਕਦੇ। ਉਹਨਾਂ ਕਿਹਾ ਕਿ ਇਹਨਾਂ ਸਰੋਤਾਂ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਇਹ ਕਹਿ ਕੇ ਦਿੱਤੀ ਸੀ ਕਿ ਤਾਜ਼ਾ ਹਾਲਾਤ ਦੌਰਾਨ ਤੁਹਾਨੂੰ ਵੀ ਨੁਕਸਾਨ ਪੁਚਾਇਆ ਜਾ ਸਕਦਾ ਹੈ, ਇਸ ਲਈ ਤੁਸੀਂ ਬਚ ਕੇ ਰਹਿਣਾ। ਉਹਨਾਂ ਕਿਹਾ ਕਿ ਸਾਡੇ ਪਰਿਵਾਰ ਵਿੱਚ ਪਹਿਲਾਂ ਵੀ ਸ਼ਹਾਦਤ ਹੋਈ ਹੈ, ਅਤੇ ਹੁਣ ਵੀ ਸਾਡਾ ਪਰਿਵਾਰ ਉਹਨਾਂ ਪਰਿਵਾਰਾਂ ਵਿੱਚ ਹੈ, ਜੋ ਨਿਸ਼ਾਨੇ ’ਤੇ ਹੋ ਸਕਦੇ ਹਨ। ਉਹਨਾਂ ਆਖ਼ਿਆ ਕਿ ਇਹ ਜਾਣਕਾਰੀ ਦੇ ਕੇ ਉਹਨਾਂ ਨੇ ਸਰਕਾਰ ਅਤੇ ਪੁਲਿਸ ਦੀ ਮਦਦ ਹੀ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਮੁੱਖ ਮੰਤਰੀ ਉਹਨਾਂ ’ਤੇ ਕੋਈ ਕਾਰਵਾਈ ਕਰਨਾ ਜਾਂ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਤਿਆਰ ਹਨ। ਉਹਨਾਂ ਆਖ਼ਿਆ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਉਹਨਾਂ ਨੂੂੰ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਮਿਲਦੀਆਂ ਹਨ।