ਯੈੱਸ ਪੰਜਾਬ
ਲੁਧਿਆਣਾ, 22 ਅਕਤੂਬਰ, 2020:
ਆਪਣੇ ਸਮਿਆਂ ਦੀ ਪੰਜਾਬੀ ਦੋਗਾਣਿਆਂ ਦੀ ਸਿਰਮੌਰ ਜੋੜੀ ਦੇ ਰੌਸ਼ਨ ਸਿਤਾਰੇ ਕੇ.ਦੀਪ ਦਾ ਚਿਰਾਗ ਅੱਜ ਬੁਝ ਗਿਆ।
ਕਈ ਮਹੀਨਿਆਂ ਤੋਂ ਬਿਮਾਰ ਚੱਲੇ ਆ ਰਹੇ 80 ਸਾਲਾਂ ਦੇ ਕੇ.ਦੀਪ ਨੇ ਅੱਜ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿੱਚ ਆਖ਼ਰੀ ਸਾਹ ਲਏ।
ਇਹ ਜਾਣਕਾਰੀ ਦਿੰਦਿਆਂ ਸਵਰਗੀ ਕੇ.ਦੀਪ ਦੇ ਬੇਟੇ ਅਤੇ ਗਾਇਕ ਰਾਜਾ ਕੰਗ ਨੇ ਸਾਂਝੀ ਕਰਦਿਆਂ ਦੱÎਸਆ ਕਿ ਉਹਨਾਂ ਦਾ ਅੰਤਿਮ ਸਸਕਾਰ ਸ਼ੁੱਕਰਵਾਰ 23 ਅਕਤੂਬਰ ਨੂੰ ਬਾਅਦ ਦੁਪਹਿਰ 2 ਵਜੇ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਸ਼ਮਸ਼ਾਨ ਘਾਟ ਵਿਖ਼ੇ ਕੀਤਾ ਜਾਵੇਗਾ।
ਆਪਣੇ ਸਮਿਆਂ ਦੀ ਮਾਈ ਮੋਹਣੋ ਅਤੇ ਪੋਸਤੀ ਦੀ ਹਿੱਟ ਜੋੜੀ ਵਾਲੇ ਕੇ.ਦੀਪ ਅਤੇ ਜਗਮੋਹਨ ਕੌਰ ਨਾ ਕੇਵਲ ਆਪਣੇ ਰਿਕਾਰਡਿਡ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਰਹੇ ਸਗੋਂ ਇਹ ਜੋੜੀ ਉਸ ਵੇਲੇ ਸਟੇਜਾਂ ਦੀ ਜਿੰਦ ਜਾਨ ਮੰਨੀ ਜਾਂਦੀ ਸੀ।
10 ਦਸੰਬਰ 1940 ਨੂੰ ਜਨਮੇ ਕੁਲਦੀਪ ਸਿੰਘ ਉਰਫ਼ ਕੇ.ਦੀਪ ਦੀ ਜੀਵਨ ਅਤੇ ਕਲਾ ਦੀ ਸਾਥਣ ਜਗਮੋਹਨ ਕੌਰ 1997 ਵਿੱਚ ਹੀ ਇਸ ਸੰਸਾਰ ਨੂੰ ਅਲਵਿਦਾ ਆਖ਼ ਗਏ ਸਨ।
‘ਹਾਏ ਨੀ ਤੇਰਾ ਬੜਾ ਕਰਾਰਾ ਪੂਦਣਾ’ ਅਤੇ ‘ਪੋਸਤੀ ਲੰਡਨ ਵਿੱਚ’ ਸਣੇ ਅਨੇਕਾਂ ਹਿਟ ਗੀਤਾਂ ਦੀ ਰਚੇਤਾ ਇਸ ਜੋੜੀ ਦੀ ਸਟੇਜੀ ਨੋਂਕ ਝੋਂਕ ਹਮੇਸ਼ਾ ਯਾਦ ਰਹੇਗੀ।
ਕੇ. ਦੀਪ ਅਤੇ ਜਗਮੋਹਨ ਕੌਰ ਨੇ ਸ਼ਿਵ ਕੁਮਾਰ ਬਟਾਲਵੀ ਦੇ ਗ਼ੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਸੀ।
2010 ਵਿੱਚ ਕੇ.ਦੀਪ ਨੂੰ ਪੀ.ਟੀ.ਸੀ. ਟੈਲੀਵੀਜ਼ਨ ਨੈੱਟਵਰਕ ਵੱਲੋਂ ਲਾਈਫ਼ਟਾਈਮ ਐਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ ਸੀ ਜੋ ਉਨ੍ਹਾਂ ਨੂੰ ਨਾਮਵਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪ੍ਰਦਾਨ ਕੀਤਾ ਸੀ।
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ