Ninder Ghugianvi’s ‘Diary Da Panna’ – Vardha vikhe Lohri te Maghi de Nivekle Rang
15 ਜਨਵਰੀ ਦੇ ਦਿਨ ਆਥਣ। ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨਿਵਰਸਿਟੀ ਵਿਖੇ ਲੋਹੜੀ ਤੇ ਮਾਘੀ ਮਰਾਠੀਆਂ ਨੇ ਬੜੇ ਖੂਬਸੂਰਤ ਢੰਗ ਤੇ ਸਲੀਕੇ ਨਾਲ ਮਨਾਈ। ਕਿਸੇ ਹੋਰ ਪ੍ਰਾਂਤ ਵਿਚ ਲੋਹੜੀ ਵੇਖਣ ਦਾ ਮੇਰਾ ਪਹਿਲਾ ਸਬੱਬ ਸੀ। ਲੋਹੜੀ ਬਾਲਣ ਤੋਂ ਪਹਿਲਾਂ ਇਕ ਖੂਬਸੂਰਤ ਪੰਡਾਲ ਸਜਾਇਆ ਗਿਆ ਤੇ ਵਿਸ਼ੇਸ਼ ਸਭਿਆਚਾਰਕ ਸਮਾਗਮ ਆਯੋਜਿਤ ਕੀਤਾ ਗਿਆ।
ਮਰਾਠੀ ਦੇ ਨਾਲ ਨਾਲ ਕਰਨਾਟਕਾ, ਪੰਜਾਬ, ਤੇਲਗਾਨਾ, ਰਾਜਿਸਥਾਨ, ਹਰਿਆਣਾ, ਉੜੀਸਾ,ਜੰਮੂ ਕਸ਼ਮੀਰ ਬੰਗਲਾ ਤੇ ਕਈ ਹੋਰ ਖਿੱਤਿਆਂ ਦੀਆਂ ਸਭਿਆਚਾਰਕ ਗਾਇਨ ਤੇ ਲੋਕ ਨਾਚ ਦੀਆਂ ਪੇਸ਼ਕਾਰੀਆਂ ਵਿਦਿਆਰਥੀਆਂ ਨੇ ਪੇਸ਼ ਕਰਕੇ ਮਨ ਮੋਹੇ। ਜਦ ਵਿਦਿਆਰਥੀਆਂ ਨੇ ਹਰਜੀਤ ਹਰਮਨ ਦੇ ਗੀਤ ਉਤੇ ਨਾਚ ਪੇਸ਼ ਕੀਤਾ ਤਾਂ ਮਨ ਖਿਲ ਉੱਠਿਆ ਕਿ ਮੇਰੇ ਗਾਇਕ ਮਿੱਤਰ ਦੀ ਆਵਾਜ ਇਥੇ ਵੀ ਗੂੰਜ ਰਹੀ ਹੈ। ਬੋਲ ਸਨ:
ਤੂੰ ਕੀ ਕਿਸੇ ਤੋਂ ਲੈਣਾ ਦਿਲ ਖੁਸ਼ ਰੱਖ ਮਿਤਰਾ,,,
ਯੂਨੀਵਰਸਿਟੀ ਦੇ ਕੁਲਪਤੀ ਡਾ ਰਜਨੀਸ਼ ਕੁਮਾਰ ਸ਼ੁਕਲ ਨੇ ਇਕ ਦਿਨ ਪਹਿਲਾਂ ਹੀ ਆਖ ਦਿੱਤਾ ਸੀ ਕਿ ਤੂੰ ਲੋਹੜੀ ਬਾਰੇ ਕੁਝ ਗਾ ਕੇ ਸੁਣਾਉਣਾ ਹੈ। ਮੈਨੂੰ ਸਟੇਜ ਸਕੱਤਰ ਗੌਰਵ ਚੌਹਾਨ ਨੇ ਬੜੇ ਅਦਬ ਨਾਲ ਪੇਸ਼ ਕਰਿਆ। ਤਾੜੀਆਂ ਵੱਜੀਆਂ। ਮੰਚ ਉਤੇ ਗਿਆ। ਦੁੱਲਾ ਭੱਟੀ ਗਾਇਆ।
ਲੋਹੜੀ ਮੰਗਦੀਆਂ ਤੇ ਪਰੰਪਰਕ ਗੀਤ ਗਾਉਂਦੀਆਂ ਔਰਤਾਂ ਦਾ ਗਾਏ ਜਾਂਦੇ ਨਮੂਨੇ ਵੀ ਸੁਣਾਏ ਤੇ ” ਲੋਹੜੀ ਵਾਲੀ ਰਾਤ ਲੋਕੀ ਬਾਲਦੇ ਨੇ ਲੋਹੜੀਆਂ,ਸਾਡੀ ਕਾਹਦੀ ਲੋਹੜੀ,ਅੱਖਾਂ ਸੱਜਣਾ ਨੇ ਮੋੜੀਆਂ” ਗਾਇਆ, ਮੂੰਹ ਨਾਲ ਤੂੰਬੀ ਵਜਾਈ। ਮਰਾਠੀ ਤੇ ਹੋਰ ਸਭ ਲੋਕ ਖੁਸ਼ ਹੋਏ। ਬੜਾ ਪਿਆਰ ਮਿਲਿਆ। ਵਾਈਸ ਚਾਂਸਲਰ ਡਾ ਰਜਨੀਸ਼ ਕੁਮਾਰ ਸ਼ੁਕਲ ਨੇ ਸਭ ਸਰੋਤਿਆਂ ਦਾ ਸ਼ੁਕਰੀਆ ਕਰਿਆ।
ਵਰਧਾ ਦੇ ਮੈਂਬਰ ਪਾਰਲੀਮੈਂਟ ਰਾਮ ਦਾਸ ਤਰਸ ਨੇ ਦਿਲੋਂ ਗੱਲਾਂ ਕੀਤੀਆਂ। ਸ਼੍ਰੀ ਜੀ ਲਕਸ਼ਮਣ ਨੇ ਭਾਰਤ ਦੀ ਮਹਾਨਤਾ ਤੇ ਸਭਿਆਚਾਰਕ ਕਦਰਾਂ ਕੀਮਤਾਂ ਦੀ ਵਡਿਆਈ ਕੀਤੀ। ਜਦ ਇਹ ਸਮਾਗਮ ਖਤਮ ਹੋਇਆ ਤਾਂ ਖੁੱਲੇ ਥਾਂ ਲੋਹੜੀ ਬਾਲੀ ਗਈ। ਇਥੇ ਭੰਗੜਾ ਪਿਆ। ਬੋਲੇ ਸੋ ਨਿਹਾਲ ਦੇ ਨਾਅਰੇ ਤੇ ਭਾਰਤ ਮਾਤਾ ਕੀ ਜੈ, ਸੁਣਕੇ ਏਕਤਾ ਤੇ ਅਖੰਡਤਾ ਮਹਿਸੂਸ ਹੋਈ। ਹਰਭਜਨ ਮਾਨ ਦੇ ਗੀਤ ਉਤੇ ਵਿਦਿਆਰਥੀ ਭੰਗੜਾ ਪਾਉਣ ਲੱਗੇ, ਬੋਲ ਸਨ:
ਮੂੰਗਫਲੀਆਂ, ਗੱਚਕਾਂ, ਰਿਉੜੀਆਂ,ਫੁੱਲੇ ਮੱਕੀ ਦੇ ਵੰਡੀਜੇ। ਅੰਤ ਉਤੇ ਖਿਚੜੀ ਵਰਤਾਈ ਗਈ ਕੇਲੇ ਦੇ ਪੱਤਰਾਂ ਉਤੇ ਰੱਖ ਕੇ। ਨਾਲ ਖੀਰੇ ਤੇ ਮੂਲੀ ਦਾ ਸਲਾਦ ਸੀ। ਨਿਘ ਸੀ ਹੁਲਾਸ ਸੀ। ਬੜੇ ਚਾਓ ਨਾਲ ਮਿਲੇ ਵਿਦਵਾਨ ਲਿਖਾਰੀ ਤੇ ਪ੍ਰੋਫੈਸਰ।
ਮੇਰੇ ਬੋਲਾਂ ਦੀ ਸਿਫਤ ਕਰਕੇ ਮੇਰਾ ਹੌਸਲਾ ਵਧਾਉਂਦੇ ਰਹੇ। ਦੇਰ ਰਾਤ ਘਰ ਆਣਕੇ ਸੌਂ ਗਿਆ। ਮਹਾਂਰਾਸ਼ਟਰ ਦੇ ਇਸ ਸ਼ਹਿਰ ਵਿਚ ਵੇਖੀ ਮਾਣੀ ਲੋਹੜੀ ਪੰਜਾਬੀ ਰੰਗਣ ਵਿਚ ਰੰਗੀ ਰੰਗੀ ਤੇ ਧੋਤੀ ਧੋਤੀ ਜਾਪੀ, ਭਾਵੇਂ ਕਿ ਇਸ ਯੂਨੀਵਰਸਿਟੀ ਵਿੱਚ ਪੰਜਾਬ ਦਾ ਕੋਈ ਵਿਦਿਆਰਥੀ ਨਹੀਂ ਪੜਦਾ ਹੈ, ਪਰ ਪੰਜਾਬ ਦੀ ਮਹਿਕ ਆਉਂਦੀ ਹੈ ਉਡ ਉਡ ਕੇ ਏਥੇ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ