ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 31 ਅਕਤੂਬਰ, 2024
ਨਿਊਜ਼ੀਲੈਂਡ ਦੇ ਵਿਚ ਸੇਂਟ ਜੌਹਨ ਦੀ ਸਥਾਪਨਾ 30 ਅਪ੍ਰੈਲ 1885 ਦੇ ਵਿਚ ਕ੍ਰਾਈਸਟਚਰਚ ਦੇ ਵਿਚ ਹੋਈ ਸੀ, ਅੱਜ ਇਹ ਦੇਸ਼ ਦੀ ਇਕ ਵੱਡੀ ਸਿਹਤ ਸੇਵਾਵਾਂ ਦੇਣ ਵਾਲੀ ਚੈਰੀਟੇਬਲ ਸੰਸਥਾ ਬਣੀ ਹੋਈ ਹੈ।
ਭਾਰਤੀਆਂ ਦੀ ਆਮਦ ਵੀ ਇਥੇ 1890 ਦੇ ਕਰੀਬ ਦੀ ਹੈ ਅਤੇ ਹੁਣ ਇਸ ਗੱਲ ਦਾ ਭਾਰਤੀ ਕਮਿਊਨਿਟੀ ਨੂੰ ਮਾਣ ਹੋਵੇਗਾ ਕਿ ਅਜਿਹੀਆਂ ਸੰਸਥਾਵਾਂ ਦੇ ਵਿਚ ਵੀ ਭਾਰਤੀਆਂ ਦੇ ਯੋਗਦਾਨ ਸਦੀਆਂ ਤੱਕ ਯਾਦ ਰਹਿਣਗੇ। ‘ਵੀ ਕੇਅਰ ਟ੍ਰਸਟ’ ਇਕ ਅਜਿਹਾ ਟ੍ਰਸਟ ਹੈ ਜੋ ਕਿ ਬਾਕੀ ਸਮਾਜਿਕ ਕਾਰਜਾਂ ਦੇ ਨਾਲ-ਨਾਲ ਸਿਹਤ ਸੇਵਾਵਾਂ ਦੇ ਰਾਹੀਂ ਲੋਕਾਂ ਦੀ ਜਾਨ ਬਚਾਉਣ ਵਾਲੀ ਸੰਸਥਾ ਸੇਂਟ ਜੌਹਨ ਨੂੰ ਹਮੇਸ਼ਾਂ ਪਹਿਲ ਦਿੰਦਾ ਹੈ। ਅੱਜ ਇਸ ਟ੍ਰਸਟ ਵੱਲੋਂ ਸ. ਰਘਬੀਰ ਸਿੰਘ ਜੇ.ਪੀ. ਦੇ ਯਤਨਾ ਸਦਕਾ ਇਕ ਹੋਰ ਅਤਿ ਆਧੁਨਿਕ ਐਂਬੂਲੈਂਸ ਥੇਮਸ ਖੇਤਰ ਵਿਖੇ ਭੇਟ ਕੀਤੀ ਗਈ।
ਇਸ ਵੱਡੇ ਇਲਾਕੇ ਵਿੱਚ ਸਿਹਤ ਸਬੰਧੀ ਦੇਖਭਾਲ ਕਰਨ ਵਾਲੇ ਅਮਲੇ ਨੂੰ ਸ਼ਾਨਦਾਰ ਐਬੂਲੈਂਸ ਮਿਲੀ ਜੋ ਕਿ ਕਾਰਗਾਰ ਸਾਬਿਤ ਹੋਵੇਗੀ। ਇਸ ਮੌਕੇ ਸੇਂਟ ਜੌਹਨ ਐਂਬੂਲੈਂਸ ਨਾਲ ਜੁੜੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਇਸ ਸ਼ਾਨਦਾਰ ਭੇਟ ਦੇ ਲਈ ਟ੍ਰਸਟ ਦਾ ਧੰਨਵਾਦ ਕੀਤਾ ਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪੁੱਜੇ ਸ. ਰਘਬੀਰ ਸਿੰਘ ਜੇ.ਪੀ. ਹੋਰਾਂ ਨੇ ਵਾਅਦਾ ਕੀਤਾ ਕਿ ਆਉਂਦੇ ਸਮੇਂ ਵੀ ਇਸੇ ਤਰ੍ਹਾਂ ਦੇ ਹੋਰ ਯਤਨ ਕੀਤੇ ਜਾਂਦੇ ਰਹਿਣਗੇ।
ਇਸ ਮੌਕੇ ਮਾਓਰੀ ਭਾਈਚਾਰੇ ਅਤੇ ਇੰਗਲਿਸ਼ ਭਾਈਚਾਰੇ ਦੀ ਰਸਮੀ ਅਰਦਾਸ ਤੋਂ ਇਲਾਵਾ ਸਿੱਖ ਧਰਮ ਦੀ ਹਾਜ਼ਰੀ ਲਗਵਾਉਂਦਿਆਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੇ ਵੀ ਸਿੱਖ ਅਰਦਾਸ ਕਰਕੇ ਹਾਜ਼ਰੀ ਲਗਵਾਈ। ਇਹ ਸਬੱਬ ਵਾਲੀ ਗੱਲ ਸੀ ਕਿ ਜਿੱਥੇ ਦੇਸ਼ ਵਿਦੇਸ਼ ਵਿੱਚ ਸਾਡਾ ਭਾਈਚਾਰਾ ਬੰਦੀ ਛੋੜ੍ਹ ਦਿਵਸ ਅਤੇ ਦਿਵਾਲੀ ਮਨਾ ਰਿਹਾ ਹੈ ਉਥੇ ਮਨੁੱਖਤਾ ਦੇ ਭਲੇ ਵਾਸਤੇ ਇਸ ਤਰ੍ਹਾਂ ਦੇ ਨਿਵੇਕਲੇ ਯਤਨ ਵੀ ਇਥੇ ਜਾਰੀ ਹਨ। ਇਸ ਐਂਬੂਲੈਂਸ ਦੀ ਕੀਮਤ ਲਗਭਗ 2 ਲੱਖ 19 ਹਜਾਰ ਡਾਲਰ ਦੇ ਕਰੀਬ ਹੈ।
ਇਸ ਮੌਕੇ ਥੇਮਸ ਦੇ ਕਾਰੋਬਾਰੀ ਪੰਕਜ ਗੁਪਤਾ ਤੇ ਰੂਹੀ ਗੁਪਤਾ ਵੱਲੋਂ ਦੀ ਤਰਫ ਤੋਂ ਸੌਰਵ ਗੁਪਤਾ ਨੇ ਹਾਜ਼ਰੀ ਲਗਵਾਈ, ਜਿਨ੍ਹਾਂ ਨੇ ਥੇਮਸ ਇਲਾਕੇ ਵਿੱਚ ਐਬੂਲੈਂਸ ਦਾਨ ਦੇਣ ਦਾ ਸਬੱਬ ਬਣਾਇਆ। ਵਾਕਿਆ ਹੀ ਸਿੱਖ ਧਰਮ ਵਿੱਚ ਸਰਬੱਤ ਦੇ ਭਲੇ ਦੇ ਸਿਧਾਂਤ ਅਤੇ ਭਾਈ ਘਨੱਈਆ ਜੀ ਦੇ ਪਾਏ ਪੂਰਨਿਆਂ ਨੂੰ ਜ਼ਿਹਨ ਦੇ ਵਿਚ ਰੱਖਦਿਆਂ ਅਜਿਹੇ ਕਾਰਜ ਮਨ ਨੂੰ ਵੱਡੀ ਤਸੱਲੀ ਬਖਸ਼ਦੇ ਹਨ। ਵੀ ਕੇਅਰ ਟ੍ਰਸਟ ਵਾਲਿਆਂ ਨੂੰ ਬਹੁਤ-ਬਹੁਤ ਵਧਾਈ।