ਮੁੱਖ ਮੰਤਰੀ ਦਫ਼ਤਰ ਦੇ ਫੀਲਡ ਅਫ਼ਸਰ ਇੰਦਰਵੀਰ ਸਿੰਘ ਨੇ ਮੰਗ ਪੱਤਰ ਲਿਆ
ਯੈੱਸ ਪੰਜਾਬ
ਮੋਹਾਲੀ/ਚੰਡੀਗੜ੍ਹ, 28 ਸਤੰਬਰ, 2023 (ਦਲਜੀਤ ਕੌਰ)
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਨੌਜਵਾਨ ਭਾਰਤ ਸਭਾ ਵੱਲੋਂ ਭਗਤ ਸਿੰਘ ਅਤੇ ਸਾਥੀਆਂ ਦੇ ਫਿਰੋਜ਼ਪੁਰ ਤੂੜੀ ਬਜ਼ਾਰ ਵਿੱਚ ਸਥਿਤ ਗੁਪਤ ਟਿਕਾਣੇ ਨੂੰ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ, ਪੰਜਾਬ ਦੀਆਂ ਸਮੁੱਚੀਆਂ ਯਾਦਗਾਰਾਂ ਨੂੰ ਸਾਂਭਣ ਦੀ ਮੰਗ ਨੂੰ ਲੈਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਰਿਹਾਇਸ਼ ਵੱਲ ਮਾਰਚ ਕਰਦੇ ਹੋਏ ਕਾਫਲੇ ਨੂੰ ਚੰਡੀਗੜ੍ਹ ਦੀ ਹੱਦ ਤੇ ਰੋਕਿਆ ਗਿਆ ਜਿੱਥੇ ਮੁੱਖ ਮੰਤਰੀ ਦਫ਼ਤਰ ਦੇ ਫੀਲਡ ਅਫ਼ਸਰ ਇੰਦਰਵੀਰ ਸਿੰਘ ਨੇ ਮੰਗ ਪੱਤਰ ਲਿਆ ਅਤੇ ਕੱਲ 29 ਸਤੰਬਰ ਨੂੰ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਨਾਲ 3 ਵਜੇ ਮੀਟਿੰਗ ਕਰਵਾਉਣ ਦਾ ਪੱਤਰ ਧਰਨੇ ਚ ਆ ਕੇ ਸੌਂਪਿਆ, ਇਸਤੋਂ ਆਉਣ ਵਾਲੇ ਸਮੇਂ ਵਿਚ ਜਲਦ ਹੀ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨਾਲ ਮੀਟਿੰਗ ਕਰਵਾਈ ਜਾਵੇਗੀ। ਪੰਜਾਬ ਦੇ ਪਟਿਆਲਾ, ਸੰਗਰੂਰ, ਮਲੇਰਕੋਟਲਾ, ਮੋਗਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਜਲੰਧਰ ਆਦਿ ਜ਼ਿਲਿਆਂ ਤੋ ਸੈਂਕੜੇ ਨੌਜਵਾਨ ਪ੍ਰਦਰਸ਼ਨ ਵਿੱਚ ਪਹੁੰਚੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਚੌਂਦਾ, ਸੂਬਾ ਜਨਰਲ ਸਕੱਤਰ ਮੰਗਾ ਸਿੰਘ ਆਜ਼ਾਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਹੀਦ ਭਗਤ ਦਾ ਨਾਹਰਾ ਵਰਤ ਕੇ ਅਤੇ ਸ਼ਹੀਦਾਂ ਦਾ ਨਾਂ ਵਰਤ ਕੇ ਸੱਤਾ ਵਿੱਚ ਆਈ ਹੈ, ਪਰ ਸ਼ਹੀਦਾਂ ਨਾਲ ਸਬੰਧਤ ਯਾਦਗਾਰਾਂ ਰੁਲ ਰਹੀਆਂ ਹਨ ਅਤੇ ਖੰਡਰ ਬਣ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਤੂੜੀ ਬਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਕ੍ਰਾਂਤੀਕਾਰੀ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ 10 ਅਗਸਤ 1928 ਨੂੰ ਗੁਪਤ ਹੈਡਕੁਆਰਟਰ ਬਣਾਇਆ, ਜੋ ਕਿ ਉਨ੍ਹਾਂ ਦੀਆਂ ਗੁਪਤ ਸਰਗਰਮੀਆਂ ਦਾ ਕੇਂਦਰ ਰਿਹਾ। ਇਸ ਟਿਕਾਣੇ ਦਾ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਰਿਹਾ ਹੈ। ਸਾਂਡਰਸ ਕਤਲ ਕਾਂਡ ਦੀ ਯੋਜਨਾ ਇਸੇ ਚੁਬਾਰੇ ਵਿੱਚ ਕੀਤੀ ਗਈ ਅਤੇ ਇਸਦੇ ਲਈ ਨਿਸ਼ਾਨੇਬਾਜ਼ੀ ਵੀ ਇੱਥੇ ਹੀ ਸਿੱਖੀ ਗਈ।
ਭੇਸ ਬਦਲਣ ਲਈ ਸ਼ਹੀਦ ਭਗਤ ਨੇ ਆਪਣੇ ਕੇਸ ਅਤੇ ਦਾਹੜੀ ਇਸੇ ਟਿਕਾਣੇ ’ਤੇ ਕਟਵਾਏ। ਅੰਗਰੇਜ਼ ਸਰਕਾਰ ਨੇ ਇਸ ਟਿਕਾਣੇ ਤੋਂ ਬੰਬ ਬਣਾਉਣ ਦੀ ਸਮੱਗਰੀ, ਇੱਕ ਖੱਦਰ ਦਾ ਥੈਲਾ, ਚਾਕੂ, ਇੱਕ ਕਿਤਾਬ ‘ਰੋਡ ਟੂ ਫਰੀਡਮ’ ਹੋਰ ਵੀ ਸਮਾਨ ਬਰਾਮਦ ਕੀਤਾ। ਅੰਗਰੇਜ਼ ਸਰਕਾਰ ਦੇ ਤਿੰਨ ਮੈਜਿਸਟਰੇਟ ਅਧਿਕਾਰੀਆਂ ਨੇ ਇਸ ਟਿਕਾਣੇ ਦੀ ਨਿਸ਼ਾਨਦੇਹੀ ਕੀਤੀ। ਇਸੇ ਜਗ੍ਹਾ ਹੀ ਸ਼ਿਵ ਵਰਮਾ ਨੇ ਫਾਂਸੀ ਚੜ੍ਹਨ ਵਾਲੇ 56 ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਚਾਂਦ ਰਸਾਲੇ ਲਈ ਲਿਖੀਆਂ। ਇਸਤੋਂ ਇਲਾਵਾ 19 ਗਵਾਹਾਂ ਨੇ ਭਗਤ ਸਿੰਘ ਹੋਰਾਂ ਖਿਲਾਫ਼ ਫਿਰੋਜ਼ਪੁਰ ਤੋਂ ਗਵਾਹੀ ਦਿੱਤੀ।
ਸੂਬਾ ਆਗੂ ਨੌਨਿਹਾਲ ਸਿੰਘ ਦੀਪਸਿੰਘਵਾਲਾ, ਕਰਮਜੀਤ ਮਾਣੂੰਕੇ ਅਤੇ ਦਵਿੰਦਰ ਛਬੀਲਪੁਰ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਵਿਰਾਸਤ ਨੂੰ ਸਰਕਾਰ ਘੱਟੇ ਰੋਲ ਰਹੀ ਹੈ। ਉਨ੍ਹਾਂ ਕਿਹਾ ਕਿ ਸੁਨਾਮ ਦੇ ਵਿੱਚ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਕਾਲਜ ਵਿੱਚ ਰੱਖੀਆਂ ਹੋਈਆਂ ਹਨ, ਲੋਕ ਲਗਾਤਾਰ ਮੰਗ ਕਰ ਰਹੇ ਹਨ ਕਿ ਅਸਥੀਆਂ ਮਿਊਜ਼ੀਅਮ ਵਿੱਚ ਰੱਖੀਆਂ ਜਾਣ, ਸ਼ਹੀਦ ਮਦਨ ਲਾਲ ਢੀਂਗਰਾ ਦਾ ਅੰਮ੍ਰਿਤਸਰ ਵਿਖੇ ਜੱਦੀ ਘਰ ਖੰਡਰ ਬਣ ਚੁੱਕਿਆ ਹੈ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਘਰ ਮੀਂਹ ਦੇ ਮੌਸਮ ਵਿੱਚ ਚਿਉਣ ਲੱਗ ਜਾਂਦਾ ਹੈ ਤੇ ਘਰ ਵੱਲ ਜਾਂਦੀ ਗਲੀ ਦਾ ਸੀਵਰੇਜ ਉਵਰਫਲੋਅ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿਹਾ ਤੂੜੀ ਬਜ਼ਾਰ ਦੇ ਗੁਪਤ ਟਿਕਾਣੇ ਤੋਂ ਇਲਾਵਾ ਇਨ੍ਹਾਂ ਯਾਦਗਾਰਾਂ ਨੂੰ ਵੀ ਸਾਂਭਿਆ ਜਾਵੇ।
ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਖੁਸ਼ਵੰਤ ਹਨੀ, ਸੁਖਦੇਵ ਮੰਡਿਆਲਾ, ਸਤਨਾਮ ਡਾਲਾ, ਰਜਿੰਦਰ ਰਾਜੇਆਣਾ, ਹਰਜਿੰਦਰ ਖੋਖਰ, ਵਿਜੇ ਕੁਮਾਰ, ਰਾਜਪ੍ਰੀਤ ਸਿੰਘ, ਨਗਿੰਦਰ ਸਿੰਘ, ਲਖਵੀਰ ਬੀਹਲੇਵਾਲਾ, ਜਸਵੰਤ ਜਵਾਏ ਸਿੰਘ ਵਾਲਾ, ਭਰਾਤਰੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ ਅਤੇ ਸੁਖਪ੍ਰੀਤ ਕੌਰ ਨੇ ਸੰਬੋਧਨ ਕੀਤਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ