Thursday, December 12, 2024
spot_img
spot_img
spot_img

‘Nasha Mukt-Rangla Punjab’ ਪੈਦਲ ਯਾਤਰਾ ਨੇ Dugs ਖ਼ਿਲਾਫ਼ ਮੁਹਿੰਮ ਨੂੰ ਦਿੱਤਾ ਵੱਡਾ ਹੁਲਾਰਾ: Punjab Guv Kataria

ਯੈੱਸ ਪੰਜਾਬ
ਕਰਤਾਰਪੁਰ, (ਜਲੰਧਰ), 11 ਦਸੰਬਰ, 2024

Punjab ਦੇ ਰਾਜਪਾਲ Gulab Chand Kataria ਨੇ ਅੱਜ ‘Nasha Mukt-Rangla Punjab’ ਮੁਹਿੰਮ ਤਹਿਤ ਨਸ਼ਿਆਂ ਖਿਲਾਫ਼ ਕੱਢੀ ਗਈ ਦੋ ਦਿਨਾਂ ਪੈਦਲ ਯਾਤਰਾ ਦੇ ਦੂਜੇ ਤੇ ਆਖਰੀ ਦਿਨ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਯਾਤਰਾ ਵਿੱਚ ਵੱਡੀ ਗਿਣਤੀ ਔਰਤਾਂ ਤੇ ਨੌਜਵਾਨ ਲੜਕੇ-ਲੜਕੀਆਂ ਦੀ ਸ਼ਮੂਲੀਅਤ ਰੰਗਲੇ ਪੰਜਾਬ ਦੀ ਸਿਰਜਣਾ ਲਈ ਸ਼ੁਭ ਸੰਕੇਤ ਹੈ।

ਅੱਜ ਸਥਾਨਕ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਪਿੰਡ ਭੱਠੇ ਤੋਂ 7 ਕਿਲੋਮੀਟਰ ਪੈਦਲ ਯਾਤਰਾ ਦੀ ਸਮਾਪਤੀ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ, ਜਿਨ੍ਹਾਂ ਸੂਬੇ, ਦੇਸ਼ ਅਤੇ ਕੌਮ ਲਈ ਮਹਾਨ ਕੁਰਬਾਨੀਆਂ ਦਿੱਤੀਆਂ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਅਤੇ ਪੰਜਾਬ ਦੀ ਅਮੀਰ ਵਿਰਾਸਤ ਦੀ ਬਹਾਲੀ ਲਈ ਨਸ਼ਿਆਂ ਖਿਲਾਫ਼ ਲੜਾਈ ਵਿੱਚ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ 10 ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਇਸ ਅਲਾਮਤ ’ਤੇ ਕਾਬੂ ਪਾਇਆ ਜਾ ਸਕਦਾ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਲਾਸਾਨੀ ਸ਼ਹਾਦਤਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਕਟਾਰੀਆ ਨੇ ਪੰਜਾਬ ਦੇ ਲੋਕਾਂ ਖਾਸ ਕਰ ਮਹਿਲਾਵਾਂ ਨੂੰ ਨਸ਼ਿਆਂ ਖਿਲਾਫ਼ ਮੈਦਾਨ ਵਿੱਚ ਨਿੱਤਰਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਸਮਾਜ ਵਿੱਚ ਬਹੁਤ ਅਹਿਮ ਸਥਾਨ ਰੱਖਦੀਆਂ ਹਨ, ਖਾਸ ਕਰ ਮਾਵਾਂ, ਜੋ ਆਪਣੇ ਬੱਚਿਆਂ ਨੂੰ ਸਹੀ ਸੇਧ ਦੇ ਕੇ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ ਮਹੱਤਵਪੂਰਣ ਰੋਲ ਅਦਾ ਕਰ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਜੰਗ ਨੂੰ ਸਿਰਫ਼ ਸਰਕਾਰਾਂ ਦੀਆਂ ਕੋਸ਼ਿਸ਼ਾਂ ਤੱਕ ਹੀ ਸੀਮਤ ਨਹੀਂ ਕੀਤਾ ਜਾ ਸਕਦਾ, ਸਗੋਂ ਜਦੋਂ ਲੋਕ ਆਪਸੀ ਸਮਝ ਅਤੇ ਜ਼ਿੰਮੇਵਾਰੀ ਨਾਲ ਇਸ ਲੜਾਈ ਵਿੱਚ ਸ਼ਾਮਲ ਹੁੰਦੇ ਹਨ, ਤਾਂ ਅਜਿਹੀਆਂ ਮੁਹਿੰਮਾਂ ਦੀ ਸਫ਼ਲਤਾ ਹੋਰ ਯਕੀਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਪਰ ਆਉਣ ਵਾਲੀਆਂ ਪੀੜ੍ਹੀਆਂ ਲਈ ਨਸ਼ਾ ਮੁਕਤ ਭਵਿੱਖ ਸਿਰਜਣ ਲਈ ਸਾਨੂੰ ਸਭ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।

ਰਾਜਪਾਲ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਜਲਦ ਹੀ ਅੰਤਰ-ਧਰਮ ਸੰਵਾਦ ਕਰਵਾਇਆ ਜਾਵੇਗਾ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਨਸ਼ਿਆਂ ਖਿਲਾਫ਼ ਲੋਕ ਲਹਿਰ ਉਸਾਰੀ ਜਾਵੇਗੀ। ਸੂਬੇ ਦੀ ਅਮੀਰ ਵਿਰਾਸਤ ਅਤੇ ਸਿਰੜੀ ਤੇ ਉੱਦਮੀ ਲੋਕਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਅਤੇ ਹਰੇ ਇਨਕਲਾਬ ਵਿੱਚ ਪੰਜਾਬ ਦਾ ਮੋਹਰੀ ਰੋਲ ਰਿਹਾ ਹੈ ਅਤੇ ਨਸ਼ਿਆਂ ਨੂੰ ਠੱਲ੍ਹ ਪਾ ਕੇ ਸੂਬਾ ਜਿਥੇ ਦੇਸ਼ ਵਿੱਚ ਹੋਰ ਤਾਕਤਵਰ ਬਣ ਕੇ ਉੱਭਰ ਸਕਦਾ ਹੈ ਉਥੇ ਵਿਕਸਤ ਭਾਰਤ ਵਿੱਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ।

ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਦੇ ਅਭਿਆਨ ਨੂੰ ਅੱਗੇ ਵਧਾਉਣ ਲਈ ਯਾਤਰਾ ਵਿੱਚ ਸ਼ਮੂਲੀਅਤ ਕਰਨ ਵਾਲੇ ਲੋਕਾਂ, ਔਰਤਾਂ, ਨੌਜਵਾਨਾਂ, ਸਮਾਜਿਕ ਸੰਸਥਾਵਾਂ, ਪੰਚਾਇਤਾਂ, ਸਕੂਲਾਂ, ਕਾਲਜਾਂ ਦਾ ਧੰਨਵਾਦ ਕਰਦਿਆਂ ਰਾਜਪਾਲ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਅਧੀਨ ਨਸ਼ਾ ਮੁਕਤ ਰੰਗਲਾ ਪੰਜਾਬ ਤਹਿਤ 10 ਦਿਨ ਲਗਾਤਾਰ ਪੈਦਲ ਯਾਤਰਾ ਕੀਤੀ ਜਾਵੇਗੀ ਅਤੇ ਨਸ਼ਿਆਂ ਦੇ ਖਾਤਮੇ ਲਈ ਘਰ-ਘਰ ਸੁਨੇਹਾ ਪਹੁੰਚਾਇਆ ਜਾਵੇਗਾ।

ਇਸ ਮੌਕੇ ਦੌੜਾਕ ਫੌਜਾ ਸਿੰਘ ਦਾ ਸਨਮਾਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਕਰੀਬ 113 ਸਾਲ ਦੀ ਉਮਰ ਵਿੱਚ ਨਸ਼ਿਆਂ ਖਿਲਾਫ਼ ਜੰਗ ਵਿੱਚ ਨਿੱਤਰ ਕੇ ਸ਼੍ਰੀ ਸਿੰਘ ਨੇ ਮਿਸਾਲ ਪੈਦਾ ਕੀਤੀ ਹੈ, ਜਿਸ ਤੋਂ ਹਰੇਕ ਪੰਜਾਬੀ ਨੂੰ ਪ੍ਰੇਰਨਾ ਲੈਂਦਿਆਂ ਨਸ਼ਿਆਂ ਨੂੰ ਜੜ੍ਹੋਂ ਪੁੱਟ ਸੁੱਟਣ ਦਾ ਅਹਿਦ ਕਰਨਾ ਚਾਹੀਦਾ ਹੈ। ਸਾਬਕਾ ਰਾਜ ਸੂਚਨਾ ਕਮਿਸ਼ਨਰ ਤੇ ਉੱਘੇ ਲੇਖਕ ਖੁਸ਼ਵੰਤ ਸਿੰਘ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ।

ਪੈਦਲ ਯਾਤਰਾ ਦੌਰਾਨ ਜਗ੍ਹਾ-ਜਗ੍ਹਾ ’ਤੇ ਸਕੂਲ, ਕਾਲਜ ਅਤੇ ਪਿੰਡ ਦੇ ਲੋਕਾਂ ਵੱਲੋਂ ਲੰਗਰ ਲਾ ਕੇ ਯਾਤਰਾ ਦਾ ਸਵਾਗਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਦੋ ਦਿਨਾ ਪੈਦਲ ਯਾਤਰਾ ਦੇ ਅੱਜ ਦੂਜੇ ਦਿਨ ਰਾਜਪਾਲ ਵੱਲੋਂ ਪਿੰਡ ਭੱਠੇ ਦੇ ਨੋਬਲ ਸਕੂਲ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਕਰੀਬ 7 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੋਈ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸਮਾਪਤ ਹੋਈ। ਦੋ ਰੋਜ਼ਾ ਯਾਤਰਾ ਦੇ ਦੋਵੇਂ ਦਿਨ ਸ਼੍ਰੀ ਕਟਾਰੀਆ ਵੱਲੋਂ ਖੁਦ ਪੈਦਲ ਤੁਰ ਕੇ ਇਸ ਯਾਤਰਾ ਦੀ ਅਗਵਾਈ ਕੀਤੀ ਗਈ।

ਇਸ ਪੈਦਲ ਯਾਤਰਾ ਵਿੱਚ ਸਕੱਤਰ ਰੈੱਡ ਕਰਾਸ ਸੁਸਾਇਟੀ ਪੰਜਾਬ ਸ਼ਿਵ ਦੁਲਾਰ ਸਿੰਘ ਢਿੱਲੋਂ, ਡਾਇਰੈਕਟਰ ਐਮ.ਐਚ.ਏ. (ਸੈਂਸਜ਼ ਐਂਡ ਸਿਟੀਜ਼ਨਸ਼ਿਪ) ਲਲਿਤ ਜੈਨ, ਸਾਬਕਾ ਸੂਚਨਾ ਕਮਿਸ਼ਨਰ ਤੇ ਉੱਘੇ ਲੇਖਕ ਖੁਸ਼ਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਮੇਜਰ ਡਾ. ਅਮਿਤ ਮਹਾਜਨ, ਐਸ.ਡੀ.ਐਮ. ਬਲਬੀਰ ਰਾਜ ਸਿੰਘ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ, ਸਮਾਜਿਕ ਸੰਸਥਾਵਾਂ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ