ਯੈੱਸ ਪੰਜਾਬ
ਬਠਿੰਡਾ, 12 ਨਵੰਬਰ, 2024
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.) ਦੇ ਫੈਕਲਟੀ ਆਫ ਫਾਰਮੇਸੀ ਦੇ ਡੀਨ ਅਤੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੇ ਡਾਇਰੈਕਟਰ ਪ੍ਰੋਫੈਸਰ ਆਸ਼ੀਸ਼ ਬਾਲਦੀ ਨੂੰ ਵੱਕਾਰੀ ਏ.ਪੀ.ਟੀ.ਆਈ. ਫਾਰਮੇਸੀ ਟੀਚਰ ਆਫ਼ ਐਮੀਨੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਅਵਾਰਡ ਓਹਨਾਂ ਦੇ ਫਾਰਮੇਸੀ ਦੀ ਸਿੱਖਿਆ ਅਤੇ ਖੋਜ ਵਿੱਚ ਪਾਏ ਬੇਮਿਸਾਲ ਯੋਗਦਾਨ ਬਦਲੇ ਦਿੱਤਾ ਗਿਆ ਹੈ।
ਇਸ ਅਵਾਰਡ ਵਿਚ ਸਨਮਾਨ ਚਿੰਨ੍ਹ, ਯਾਦਗਾਰੀ ਚਿੰਨ੍ਹ, ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮ ਸ਼ਾਮਿਲ ਹੈ ।
ਇਹ ਅਵਾਰਡ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਡਾ: ਮੌਂਟੂ ਪਟੇਲ ਦੁਆਰਾ, ਉਤਕਲ ਯੂਨੀਵਰਸਿਟੀ, ਭੁਵਨੇਸ਼ਵਰ, ਓਡੀਸ਼ਾ ਵਿਖੇ ਐਸੋਸੀਏਸ਼ਨ ਆਫ਼ ਫਾਰਮਾਸਿਊਟੀਕਲ ਟੀਚਰਜ਼ ਆਫ਼ ਇੰਡੀਆ (ਏਪੀਟੀਕਨ-2024) ਦੀ 27ਵੀਂ ਸਾਲਾਨਾ ਰਾਸ਼ਟਰੀ ਕਨਵੈਨਸ਼ਨ ਵਿੱਚ ਡਾ. ਬਾਲਦੀ ਨੂੰ ਪ੍ਰਦਾਨ ਕੀਤਾ ਗਿਆ।
“ਬਿਓਂਡ ਦ ਕਾਊਂਟਰ: ਟਰਾਂਸਫਾਰਮਿੰਗ ਫਾਰਮੇਸੀ ਐਜੂਕੇਸ਼ਨ ਫਾਰ ਇੰਡਸਟਰੀ ਐਂਡ ਪੇਸ਼ੈਂਟ ਇਮਪੈਕਟ” ਦੇ ਥੀਮ ਵਾਲੇ ਇਸ ਸਮਾਗਮ ਵਿੱਚ ਪੂਰੇ ਭਾਰਤ ਤੋਂ ਨੀਤੀ ਨਿਰਮਾਤਾ, ਸਿੱਖਿਅਕ ਅਤੇ ਵਿਦਿਆਰਥੀਆਂ ਸਮੇਤ 3,000 ਤੋਂ ਵੱਧ ਭਾਗੀਦਾਰ ਇਕੱਠੇ ਹੋਏ।
ਪ੍ਰਸਿੱਧ ਸ਼ਖਸ਼ੀਅਤਾਂ ਵਿੱਚ ਡਾ: ਮਿਲਿੰਦ ਉਮੇਕਰ, ਏਪੀਟੀਆਈ ਦੇ ਪ੍ਰਧਾਨ ਡਾ. ਦੀਪੇਂਦਰ ਸਿੰਘ, ਸਿੱਖਿਆ ਰੈਗੂਲੇਸ਼ਨ ਕਮੇਟੀ ਦੇ ਚੇਅਰਮੈਨ ਅਤੇ ਏ.ਪੀ.ਟੀ.ਆਈ ਦੇ ਵੱਖ-ਵੱਖ ਉਪ ਪ੍ਰਧਾਨ ਸ਼ਾਮਲ ਸਨ।
ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਵਿਗਿਆਨੀ ਅਤੇ ਸਿੱਖਿਅਕ, ਡਾ: ਬਾਲਦੀ ਨੇ ਫਾਰਮੇਸੀ ਦੇ ਖੇਤਰ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਬਦਲੇ ਭਾਰਤ ਦੇ ਰਾਸ਼ਟਰਪਤੀ ਦੁਆਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ. ਡਾ. ਬਾਲਦੀ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਦੁਆਰਾ “ਵਿਸ਼ਵ ਵਿੱਚ ਸਿਖਰ ਦੇ 2% ਸਰਵੋਤਮ ਵਿਗਿਆਨੀਆਂ” ਦੀ ਸੂਚੀ ਵਿਚ ਸ਼ਾਮਿਲ ਹਨ।
ਡਾ. ਬਾਲਦੀ ਦੀ ਅਕਾਦਮਿਕ ਉੱਤਮਤਾ ਅਤੇ ਨਵੀਨਤਾਕਾਰੀ ਅਧਿਆਪਨ ਪ੍ਰਤੀ ਵਚਨਬੱਧਤਾ ਮਿਸਾਲੀ ਹੈ। ਉਸਦੇ ਕੰਮ ਵਿੱਚ 145 ਤੋਂ ਵੱਧ ਖੋਜ ਪ੍ਰਕਾਸ਼ਨ, 12 ਕਿਤਾਬਾਂ ਦੀ ਲੇਖਕਤਾ, ਅਤੇ 15 ਸਰਕਾਰ ਦੁਆਰਾ ਫੰਡ ਕੀਤੇ ਖੋਜ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਸ਼ਾਮਲ ਹੈ। ਡਾ ਬਾਲਦੀ ਨੂੰ ਵਿਦਿਆਰਥੀ-ਕੇਂਦ੍ਰਿਤ ਸਿੱਖਣ ਦੇ ਪਹਿਲੂਆਂ ਲਈ ਵੀ ਜਾਣਿਆ ਜਾਂਦਾ ਹੈ, ਜਿਵੇਂ ਕਿ ਫੀਡਬੈਕ-ਅਧਾਰਿਤ ਮੈਟਾਕੋਗਨੀਸ਼ਨ ਅਤੇ ਉਦਯੋਗ-ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ।
ਵਾਈਸ ਚਾਂਸਲਰ ਪ੍ਰੋ.ਸੰਦੀਪ ਕਾਂਸਲ, ਰਜਿਸਟਰਾਰ ਡਾ.ਗੁਰਿੰਦਰਪਾਲ ਸਿੰਘ ਬਰਾੜ, ਵਿਭਾਗ ਦੇ ਮੁਖੀ ਡਾ.ਅਮਿਤ ਭਾਟੀਆ ਦੇ ਨਾਲ-ਨਾਲ ਸਹਿਯੋਗੀਆਂ ਅਤੇ ਵਿਦਿਆਰਥੀਆਂ ਨੇ ਡਾ: ਬਾਲਦੀ ਨੂੰ ਇਸ ਮਾਣਮੱਤੀ ਪ੍ਰਾਪਤੀ ‘ਤੇ ਹਾਰਦਿਕ ਵਧਾਈ ਦਿੱਤੀ।