ਯੈੱਸ ਪੰਜਾਬ
ਮਾਲੇਰਕੋਟਲਾ, 26 ਜੂਨ, 2024
ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਡਾ.ਸਿਮਰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਕਪਤਾਨ ਪੁਲਿਸ (ਇੰਨ:)ਵੈਭਵ ਸਹਿਗਲ ਅਤੇ ਉਪ ਕਪਤਾਨ ਪੁਲਿਸ (ਇੰਨ:) ਸ੍ਰੀ ਸਤੀਸ਼ ਕੁਮਾਰ ਦੀ ਨਿਗਰਾਨੀ ਹੇਠ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਮਾਲੇਰਕੋਟਲਾ ਦੇ ਥਾਣਿਆਂ ਵਿੱਚ ਕੁੱਲ 19 ਮੁਕੱਦਮਿਆਂ ਤਹਿਤ ਜ਼ਬਤ ਕੀਤੇ ਨਸ਼ੀਲੇ ਪਦਾਰਥ 391 ਕਿੱਲੋ 500 ਗਰਾਮ ਭੁੱਕੀ ਚੂਰਾ ਪੋਸਤ, 606 ਗਰਾਮ ਚਿੱਟਾ/ਹੀਰੋਇਨ ਅਤੇ 500 ਨਸ਼ੀਲੀਆਂ ਗੋਲੀਆਂ ਪਾਰਦਰਸ਼ੀ ਢੰਗ ਨਾਲ ਨਾਭਾ ਪੇਪਰ ਮਿੱਲ ਮਾਲੇਰਕੋਟਲਾ ਵਿਖੇ ਨਸ਼ਟ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਡਾ ਸਿਮਰਤ ਕੌਰ ਨੇ ਹੋਰ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਜ਼ਿਲ੍ਹਾ ਦੇ ਮੁਹੱਲਾ, ਪਿੰਡ ਪੱਧਰ ਤੇ ਸਰਚ ਆਪ੍ਰੇਸ਼ਨ (31SO) ਚਲਾਏ ਜਾ ਰਹੇ ਹਨ, ਸੱਕੀ ਵਿਅਕਤੀਆਂ ਦੇ ਘਰਾਂ ਅਤੇ ਹੋਰ ਸੱਕੀ ਥਾਵਾਂ ਜਿੱਥੇ ਨਸ਼ੀਲੇ ਪਦਾਰਥ ਲੁਕਾਏ ਅਤੇ ਛੁਪਾਏ ਜਾ ਸਕਦੇ ਹਨ, ਜਿਸ ਦੀ ਬਰੀਕੀ ਨਾਲ ਤਲਾਸ਼ੀ ਕੀਤੀ ਗਈ, ਨਸ਼ੀਲੇ ਪਦਾਰਥਾਂ ਦੀ ਸਪਲਾਈ ਨੂੰ ਕੰਟਰੋਲ ਕਰਨ ਲਈ ਰਣਨੀਤੀ ਨੂੰ ਤੇਜ਼ ਕਰਦੇ ਹੋਏ, ਪੁਲਿਸ ਪੂਰੇ ਜ਼ਿਲ੍ਹਾ ਵਿੱਚ ਡਰੱਗ ਸਪਲਾਈ ਚੇਨ ਨੂੰ ਤੋੜਨ ਲਈ ਫਾਰਵਰਡ ਅਤੇ ਬੈਕਵਰਡ ਲਿੰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਮਾੜੇ ਅਨਸਰਾਂ ਖ਼ਿਲਾਫ਼ ਪੁਲਿਸ ਵੱਲੋਂ ਆਪਣੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ, ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਪਬਲਿਕ ਨੂੰ ਅਪੀਲ ਕੀਤੀ ਗਈ ਜੇਕਰ ਅਜਿਹੇ ਮਾੜੇ ਅਨਸਰਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਾਲੇ ਵਿਅਕਤੀਆਂ ਖ਼ਿਲਾਫ਼ ਕੋਈ ਸੂਚਨਾ ਮਿਲਦੀ ਹੈ ਤਾਂ ਉਸ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਉਨ੍ਹਾਂ ਹੋਰ ਦੱਸਿਆ ਕਿ ਸਾਲ 2024 ਦੌਰਾਨ ਜ਼ਿਲ੍ਹਾ ਪੁਲਿਸ ਵਲੋਂ ਜ਼ਿਲ੍ਹਾ ਦੇ 87 ਮੁਕੱਦਮਿਆਂ ਦੇ ਨਸ਼ੀਲੇ ਪਦਾਰਥ 671 ਕਿੱਲੋਗਰਾਮ ਭੁੱਕੀ ਚੂਰਾ ਪੋਸਤ, 1 ਕਿੱਲੋ 548 ਗਰਾਮ ਹੀਰੋਇਨ, 25 ਗਰਾਮ ਨਸ਼ੀਲਾ ਪਾਊਡਰ, 11 ਨਸ਼ੀਲੀਆਂ ਸ਼ੀਸ਼ੀਆਂ, 338295 ਨਸ਼ੀਲੀਆਂ ਗੋਲੀਆਂ, 10 ਕਿੱਲੋ 175 ਗਰਾਮ ਹਰੇ ਪੌਦੇ ਨਸ਼ਟ ਕਰਾਏ ਗਏ ਸਨ ਅਤੇ 37 ਕਿੱਲੋ 350 ਗਰਾਮ ਅਫ਼ੀਮ ਜਮ੍ਹਾ ਕਰਵਾਈ ਗਈ ਹੈ।