Friday, December 27, 2024
spot_img
spot_img
spot_img

ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਅਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿੱਚ ਲਹਿਰਾਇਆ ਰਾਸ਼ਤਟਰੀ ਝੰਡਾ

ਯੈੱਸ ਪੰਜਾਬ
ਲੁਧਿਆਣਾ, 15 ਅਗਸਤ, 2024

ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਕੌਮੀ ਝੰਡਾ ਲਹਿਰਾਇਆ।

ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਸ਼ਾਸਨਕਾਲ ਦੇ ਪਿਛਲੇ 28 ਮਹੀਨਿਆਂ ਦੌਰਾਨ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਅਤੇ ਸੂਬੇ ਨੂੰ ਇੱਕ ਜੀਵੰਤ ਅਤੇ ਖੁਸ਼ਹਾਲ ਪੰਜਾਬ ਵਿੱਚ ਬਦਲਣ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।

ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ, ਜੀਵਨ ਸਿੰਘ ਸੰਗੋਵਾਲ, ਦਲਜੀਤ ਸਿੰਘ ਗਰੇਵਾਲ, ਹਰਦੀਪ ਸਿੰਘ ਮੁੰਡੀਆਂ ਅਤੇ ਕੁਲਵੰਤ ਸਿੰਘ ਸਿੱਧੂ, ਏ.ਡੀ.ਜੀ.ਪੀ. ਮੋਹਨੀਸ਼ ਚਾਵਲਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਨਾਲ ਕੈਬਨਿਟ ਮੰਤਰੀ ਨੇ ਤਿਰੰਗਾ ਲਹਿਰਾਉਣ ਤੋਂ ਬਾਅਦ ਪਰੇਡ ਦਾ ਨੀਰੀਖਣ ਕੀਤਾ।

ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਸਮੇਤ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਦੀ ਖਾਤਰ ਲਾਸਾਨੀ ਕੁਰਬਾਨੀਆਂ ਦਿੱਤੀਆਂ ਹਨ। ਇਹ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਸਨ, ਜੋ ਦੇਸ਼ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਮੋਹਰੀ ਰਹਿੰਦੇ ਹਨ।

ਆਪਣੇ ਭਾਸ਼ਣ ਵਿੱਚ, ਕੈਬਨਿਟ ਮੰਤਰੀ ਨੇ ਜ਼ਿਕਰ ਕੀਤਾ ਕਿ ਰਾਜ ਸਰਕਾਰ ਨੇ ਕਈ ਮੀਲ ਪੱਥਰ ਹਾਸਿਲ ਕੀਤੇ ਹਨ, ਜਿਸ ਵਿੱਚ ਨੌਜਵਾਨਾਂ ਨੂੰ 44000 ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕਰਨਾ, 842 ਆਮ ਆਦਮੀ ਕਲੀਨਿਕ, ਇੱਕ ਮੈਡੀਕਲ ਕਾਲਜ ਅਤੇ 118 ਸਿੱਖਿਆ ਸਕੂਲ ਸ਼ਾਮਲ ਹਨ। ਇਸ ਤੋਂ ਇਲਾਵਾ, 90 ਫੀਸਦ ਘਰੇਲੂ ਖਪਤਕਾਰਾਂ ਨੇ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲਿਆ ਹੈ। ਸਰਕਾਰ ਨੇ 78263 ਕਰੋੜ ਰੁਪਏ ਦਾ ਨਿਵੇਸ਼ ਵੀ ਹਾਸਲ ਕੀਤਾ ਹੈ,

ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਹੈਲਪਲਾਈਨ, ਰੈਵੇਨਿਊ ਹੈਲਪਲਾਈਨ (81849-00002), ਐਨ.ਆਰ.ਆਈ. ਹੈਲਪਲਾਈਨ (94641-00168), 1076 ਹੈਲਪਲਾਈਨ ਨਾਗਰਿਕ ਕੇਂਦਰਿਤ ਸੇਵਾਵਾਂ ਘਰ-ਘਰ ਪਹੁੰਚਾਉਣ ਲਈ ਸ਼ੁਰੂ ਕੀਤੀ ਹੈ ਅਤੇ 137 ਸਰਕਾਰੀ ਸਕੂਲਾਂ ਵਿੱਚ ਟਰਾਂਸਪੋਰਟ ਸਹੂਲਤ ਲਾਗੂ ਕੀਤੀ ਹੈ। ਹੋਰ ਮਹੱਤਵਪੂਰਨ ਪ੍ਰਾਪਤੀਆਂ ਵਿੱਚ ਸਰਕਾਰ ਤੁਹਾਡੇ ਦੁਆਰ, 325 ਹਾਈ-ਟੈਕ ਐਂਬੂਲੈਂਸਾਂ, 1000 ਸਪੋਰਟਸ ਨਰਸਰੀਆਂ, 28 ਭੂਮੀਗਤ ਸਿੰਚਾਈ ਪਾਈਪਲਾਈਨ ਪ੍ਰੋਜੈਕਟ, ਅਤੇ ਇੱਕ ਨਵੀਂ ਮੱਛੀ ਮੰਡੀ ਵਰਗੀਆਂ ਪਹਿਲਕਦਮੀਆਂ ਸ਼ਾਮਲ ਹਨ।

ਸਰਕਾਰ ਨੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਵਿੱਚ ਵੀ ਮਹੱਤਵਪੂਰਨ ਬਦਲਾਅ ਕੀਤੇ ਹਨ, ਜਿਵੇਂ ਕਿ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਗ੍ਰਾਂਟ ਨੂੰ ਵਧਾ ਕੇ 1 ਕਰੋੜ ਰੁਪਏ, ਪੁਲਿਸ ਸ਼ਹੀਦਾਂ ਲਈ 1 ਕਰੋੜ ਰੁਪਏ ਅਤੇ ਸਰੀਰਕ ਤੌਰ ‘ਤੇ ਅਪੰਗ ਵਿਅਕਤੀਆਂ ਲਈ ਐਕਸ-ਗ੍ਰੇਸ਼ੀਆ ਗ੍ਰਾਂਟ ਵਿੱਚ ਵਾਧਾ ਕੀਤਾ ਗਿਆ ਹੈ। ਸਿਪਾਹੀ 76-100 ਫੀਸਦ ਅਪੰਗਤਾ ਵਾਲੇ ਨੂੰ 40 ਲੱਖ ਰੁਪਏ, 51-75 ਫੀਸਦ ਅਪੰਗਤਾ ਵਾਲੇ ਨੂੰ 20 ਲੱਖ ਰੁਪਏ ਅਤੇ 25-50 ਫੀਸਦ ਅਪੰਗਤਾ ਵਾਲੇ ਨੂੰ 10 ਲੱਖ ਰੁਪਏ।

ਗੈਰ-ਪੈਨਸ਼ਨਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਲਈ ਮਾਸਿਕ ਵਿੱਤੀ ਸਹਾਇਤਾ 6,000 ਰੁਪਏ ਤੋਂ ਵਧਾ ਕੇ 10,000 ਰੁਪਏ ਕਰ ਦਿੱਤੀ ਗਈ ਹੈ ਅਤੇ ਦੂਜੇ ਵਿਸ਼ਵ ਯੁੱਧ ਅਤੇ ਹੋਰ ਜੰਗਾਂ ਵਿੱਚ ਸੇਵਾ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਲਈ ‘ਜੰਗੀ ਜਾਗੀਰ’ 10,000 ਰੁਪਏ ਤੋਂ ਵਧਾ ਕੇ 20,000 ਰੁਪਏ ਸਾਲਾਨਾ ਕਰ ਦਿੱਤੀ ਗਈ ਹੈ।

ਕੈਬਨਿਟ ਮੰਤਰੀ ਨੇ ਪਾਣੀ ਦੇ ਘਟ ਰਹੇ ਪੱਧਰ ਨੂੰ ਰੋਕਣ ਲਈ ਸਰਕਾਰ ਦੇ ਯਤਨਾਂ ਨੂੰ ਹੁਲਾਰਾ ਦਿੰਦਿਆਂ ਕੁਦਰਤੀ ਸਰੋਤਾਂ ਖਾਸ ਕਰਕੇ ਧਰਤੀ ਹੇਠਲੇ ਪਾਣੀ ਦੇ ਟੇਬਲ ਨੂੰ ਬਚਾਉਣ ਲਈ ਲੋਕਾਂ ਤੋਂ ਸੁਹਿਰਦ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ 2000 ਕਰੋੜ ਰੁਪਏ ਮੁਹੱਈਆ ਕਰਵਾਏ ਜਾ ਰਹੇ ਹਨ।

ਝੋਨੇ ਦੀ ਸਿੱਧੀ ਬਿਜਾਈ ‘ਤੇ 1500 ਰੁਪਏ ਪ੍ਰਤੀ ਏਕੜ ਸਬਸਿਡੀ। ਪੰਜਾਬ ਭਰ ਤੋਂ ਦਿੱਲੀ ਹਵਾਈ ਅੱਡੇ ਤੱਕ ਬੱਸਾਂ ਦਾ ਚੱਲਣਾ ਵੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਕਿਉਂਕਿ ਇਹ ਸੇਵਾ ਪੰਜਾਬੀਆਂ ਅਤੇ ਪ੍ਰਵਾਸੀ ਪੰਜਾਬੀਆਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਿਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਦਾ ਲੋਕਾਂ ਵੱਲੋਂ ਵੀ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਪੇਂਡੂ ਖੇਤਰਾਂ ਵਿੱਚ ਬਿਹਤਰ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕਰ ਰਹੀ ਹੈ।

ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਦੇ ਖੁਸ਼ਹਾਲ ਭਵਿੱਖ ਅਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਦੀ ਹੋਰ ਤਰੱਕੀ ਦੀ ਕਾਮਨਾ ਕਰਦਿਆਂ ਲੋਕਾਂ ਨੂੰ 78ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ।

ਇਸ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਪਰੇਡ ਕਮਾਂਡਰ ਆਈ.ਪੀ.ਐਸ. ਅਧਿਕਾਰੀ ਜਯੰਤ ਪੁਰੀ ਦੀ ਅਗਵਾਈ ਹੇਠ ਪੰਜਾਬ ਪੁਲਿਸ (ਪੁਰਸ਼ ਅਤੇ ਮਹਿਲਾ), ਪੰਜਾਬ ਹੋਮ ਗਾਰਡਜ਼, ਐਨ.ਸੀ.ਸੀ. ਸਕਾਊਟਸ (ਲੜਕੇ ਅਤੇ ਲੜਕੀਆਂ) ਅਤੇ ਹੋਰਾਂ ਦੀਆਂ ਟੁਕੜੀਆਂ ਵੱਲੋਂ ਮਾਰਚ ਪਾਸਟ ਤੋਂ ਸਲਾਮੀ ਲਈ।

ਮਾਰਚ ਪਾਸਟ ਤੋਂ ਬਾਅਦ 27 ਸਰਕਾਰੀ ਸਕੂਲਾਂ ਦੇ 750 ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੀਟੀ ਸ਼ੋਅ, ਸਪਰਿੰਗ ਡੇਲ ਸਕੂਲ, ਬੀ.ਵੀ.ਐਮ. ਸਕੂਲ, ਡੀ.ਏ.ਵੀ. ਸਕੂਲ ਅਤੇ ਹੋਰਾਂ ਸਮੇਤ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦਾ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਪਹਿਲੀ ਵਾਰ ਹੈਬੋਵਾਲ ਦੇ ਵੋਕੇਸ਼ਨਲ ਰੀਹੈਬਲੀਟੇਸ਼ਨ ਟਰੇਨਿੰਗ ਸੈਂਟਰ ਦੇ ਨੇਤਰਹੀਣ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਗਾਇਆ, ਜਦਕਿ ਸਰਾਭਾ ਨਗਰ ਸਥਿਤ ਰੈੱਡ ਕਰਾਸ ਡੈਫ ਐਂਡ ਡੰਬ ਸਕੂਲ ਦੇ ਬੋਲਣ ਅਤੇ ਸੁਣਨ ਤੋਂ ਕਮਜ਼ੋਰ ਵਿਦਿਆਰਥੀਆਂ ਨੇ ਸੰਕੇਤਕ ਭਾਸ਼ਾ ਦੀ ਵਰਤੋਂ ਕਰਦਿਆਂ ਗੀਤ ਪੇਸ਼ ਕੀਤਾ।

ਮੁੱਖ ਮਹਿਮਾਨ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਅਤੇ ਪਰੇਡ ਵਿੱਚ ਭਾਗ ਲੈਣ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਜਵਾਨਾਂ ਨੂੰ ਇਨਾਮ ਵੀ ਦਿੱਤੇ। ਉਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਟਰਾਈਸਾਈਕਲ ਅਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ। ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਲਈ ਕਈ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ