ਦਲਜੀਤ ਕੌਰ
ਬਰਨਾਲਾ, 21 ਅਗਸਤ, 2024
ਅੱਜ ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਸੱਦੇ ’ਤੇ ਜਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੇ ਸ਼ਹਿਰ ਦੇ ਮੁੱਖ ਬਾਜਾਰਾਂ ਵਿਚ ਰੋਹ-ਭਰਪੂਰ ਮੋਮਬੱਤੀ ਮਾਰਚ ਕਰਕੇ ਕੋਲਕੱਤਾ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਹਰ ਵਰਗ ਦੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਸਿਵਲ ਹਸਪਤਾਲ ਤੋਂ ਸ਼ਹੀਦ ਭਗਤ ਸਿੰਘ ਰੋਡ, ਹੰਢਿਆਇਆ ਬਾਜ਼ਾਰ, ਸਦਰ ਬਾਜ਼ਾਰ ਵਿਚੋਂ ਦੀ ਕੀਤੇ ਰੋਸ ਮਾਰਚ ਪ੍ਰਤੀ ਆਮ ਸ਼ਹਿਰੀਆਂ ਨੇ ਵੀ ਸਰਗਰਮ ਹੁੰਗਾਰਾ ਭਰਿਆ। ਰੋਸ ਪ੍ਰਦਰਸ਼ਨ ਤੋਂ ਪਹਿਲਾਂ ਮੁਜ਼ਾਹਰਾਕਾਰੀਆਂ ਨੇ ਸਿਵਲ ਹਸਪਤਾਲ ਦੇ ਪਾਰਕ ਵਿਚ ਰੈਲੀ ਕਰਕੇ ਦੇਸ਼ ਦੇ ਮੌਜੂਦਾ ਔਰਤ ਵਿਰੋਧੀ ਅਸੁਰੱਖਿਅਤ ਮਾਹੌਲ ਨੂੰ ਉਜਾਗਰ ਕੀਤਾ।
ਇਸ ਇਕੱਤਰਤਾ ਨੂੰ ਜਮਹੂਰੀ ਅਧਿਕਾਰ ਸਭਾ ਬਰਨਾਲਾ ਦੀਆਂ ਸਰਗਰਮ ਔਰਤ ਮੈਂਬਰਾਂ ਪਰਮਜੀਤ ਕੌਰ ਜੋਧਪੁਰ, ਪ੍ਰੇਮਪਾਲ ਕੌਰ ਅਤੇ ਕਮਲਜੀਤ ਕੌਰ ਪੱਤੀ ਤੋਂ ਇਲਾਵਾ ਸਿਹਤ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਡਾਕਟਰ ਜਸਵੀਰ ਸਿੰਘ ਔਲਖ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰੈਣ ਦੱਤ, ਤਰਕਸ਼ੀਲ ਆਗੂ ਮੇਘ ਰਾਜ ਮਿੱਤਰ, ਪੀਸੀਐੱਮਐੱਸ ਐਸੋਸ਼ੀਏਸਨ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਜਥੇਬੰਦੀ ਦੇ ਆਗੂਆਂ, ਡੀਟੀਐੱਫ ਆਗੂ ਅੰਮਰਿਤਪਾਲ ਕੋਟਦੁਨਾ ਅਤੇ ਰਮਨਦੀਪ ਸਿੰਗਲਾ, ਇਸਤਰੀ ਜਾਗਰਿਤੀ ਮੰਚ ਦੀ ਆਗੂ ਚਰਨਜੀਤ ਕੌਰ ਅਤੇ ਵਿਦਿਆਰਥੀ ਆਗੂ ਆਕਿਰਤੀ ਕੌਸ਼ਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਏ ਦਿਨ ਹਰ ਉਮਰ ਤੇ ਹਰ ਵਰਗ ਦੀਆਂ ਔਰਤਾਂ ਦੇ ਬਲਾਤਕਾਰ ਹੋਣਾ ਹੁਣ ਇਕ ਆਮ ਵਰਤਾਰਾ ਬਣ ਗਿਆ ਹੈ।
ਔਰਤ ਆਗੂਆਂ ਨੇ ਕਿਹਾ ਕਿ ਬੰਗਾਲ ਦੀ ਸਰਕਾਰ, ਪੁਲਿਸ ਅਤੇ ਮੈਡੀਕਲ ਕਾਲਜ ਪ੍ਰਬੰਧਨ ਨੇ ਦੋਸ਼ੀਆਂ ਨੂੰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਦੇਸ਼ ਦਾ ਕੋਈ ਵੀ ਕੋਨਾ ਔਰਤਾਂ ਲਈ ਸੁਰੱਖਿਅਤ ਨਹੀਂ ਰਿਹਾ, ਹਰ ਸੂਬੇ ਵਿਚੋਂ ਦਿਲਾਂ ਨੂੰ ਵਲੂੰਧਰਨ ਵਾਲੀਆਂ ਵਹਿਸ਼ੀ ਖਬਰਾਂ ਆ ਰਹੀਆਂ ਹਨ। ਸਿਆਸੀ ਪਾਰਟੀਆਂ ਇਨ੍ਹਾਂ ਸ਼ਰਮਨਾਕ ਘਟਨਾਵਾਂ ਨੂੰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਵਰਤਦੀਆਂ ਹਨ।
ਸਿਹਤ ਮਹਿਕਮੇ ਦੀਆਂ ਔਰਤ ਕਰਮਚਾਰੀ ਆਪਣੇ ਰਾਤ-ਬਰਾਤੇ ਵਾਲੇ ਕੰਮ-ਸਮੇਂ ਦੇ ਚੱਲਦਿਆਂ ਇਨ੍ਹਾਂ ਦਰਿੰਦਿਆਂ ਦਾ ਆਸਾਨ ਸ਼ਿਕਾਰ ਬਣ ਜਾਂਦੀਆਂ ਹਨ। ਤਿੰਨ ਸਾਲ ਤੋਂ ਲੈ ਕੇ 93 ਸਾਲ ਤੱਕ ਦੀਆਂ ਔਰਤਾਂ ਇਨ੍ਹਾਂ ਵਹਿਸ਼ੀ ਦਰਿੰਦਿਆਂ ਦਾ ਸ਼ਿਕਾਰ ਬਣ ਰਹੀਆਂ ਹਨ। ਬਲਾਤਕਾਰੀਆਂ ਨੂੰ ਰਾਜਸੀ ਸਰਪ੍ਰਸਤੀ ਹਾਸਲ ਕਰਵਾ ਕੇ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਜਾਂਦਾ ਹੈ।
ਆਗੂਆਂ ਨੇ ਕਿਹਾ ਕਿਸਿਆਸੀ ਪਾਰਟੀਆਂ ਨਹੀਂ ਬਲਕਿ ਆਮ ਲੋਕਾਂ ਦਾ ਵਿਸ਼ਾਲ ਜਥੇਬੰਦਕ ਏਕਾ ਤੇ ਜਮਹੂਰੀ ਚੇਤਨਾ ਹੀ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੀ ਜ਼ਾਮਨੀ ਦੇ ਸਕਦੀ ਹੈ। ਸਾਡਾ ਨਿਆਂਤੰਤਰ ਵੀ ਔਰਤਾਂ ਨੂੰ ਸੁਰੱਖਿਆ ਨਹੀਂ ਦਿਵਾ ਸਕਿਆ ਅਤੇ ਬਲਾਤਕਾਰ ਦੇ ਕੇਸ ਦਹਾਕਿਆਂ ਬੱਧੀ ਅਦਾਲਤਾਂ ਵਿਚ ਰੁਲਦੇ ਰਹਿੰਦੇ ਹਨ। ਸਜ਼ਾ-ਯਾਫਤਾ ਦੋਸ਼ੀ ਪੈਰੋਲਾਂ ’ਤੇ ਬਾਹਰ ਆ ਕੇ ਕਾਨੂੰਨ ਦਾ ਮਖੌਲ ਉਠਾਉਂਦੇ ਰਹਿੰਦੇ ਹਨ ਅਤੇ ਪੀੜਤਾਂ ਦੇ ਜਖਮਾਂ ’ਤੇ ਨਮਕ ਛਿੜਕਦੇ ਰਹਿੰਦੇ ਹਨ।
ਸ਼ਹੀਦ ਭਗਤ ਸਿੰਘ ਚੌਕ ‘ਚ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਿਲ੍ਹਾ ਪ੍ਰਧਾਨ ਸੋਹਣ ਸਿੰਘ ਮਾਝੀ ਨੇ ਸਾਰੇ ਮੁਜ਼ਾਹਰਾਕਾਰੀਆਂ ਦਾ ਧੰਨਵਾਦ ਕੀਤਾ। ਸਟੇਜ-ਸਕੱਤਰ ਦੀ ਜ਼ਿੰਮੇਵਾਰੀ ਸਭਾ ਦੇ ਸਕੱਤਰ ਬਿਕਰ ਸਿੰਘ ਔਲਖ ਨੇ ਬਾਖੂਬੀ ਨਿਭਾਈ।