ਦਲਜੀਤ ਕੌਰ
ਸਾਦਿਕ/ਫਰੀਦਕੋਟ, 3 ਨਵੰਬਰ 2024
ਕਿਰਤੀ ਕਿਸਾਨ ਯੂਨੀਅਨ ਵਲੋਂ 1984 ਦੇ ਸਿੱਖ ਕਤਲੇਆਮ ਖਿਲਾਫ ਅੱਜ ਸਾਦਿਕ ਚ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਬਿਆਨ ਜਾਰੀ ਕਿਰਤੀ ਕਿਸਾਨ ਯੂਨੀਅਨ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਜਿਲ੍ਹਾ ਮੀਤ ਪ੍ਰਧਾਨ ਰਜਿੰਦਰ ਕਿੰਗਰਾ, ਬਲਾਕ ਪ੍ਰਧਾਨ ਗੁਰਮੀਤ ਸੰਗਰਾਹੂਰ,ਨਿਸ਼ਾਨ ਭੁੱਲਰ, ਥਾਣਾ ਸਿੰਘ ਪਿੰਡੀ ਬਲੋਚਾ, ਜਗੀਰ ਸਿੰਘ ਗੁਰਦਾਸਪੁਰੀਆ ਆਦਿ ਆਗੂਆਂ ਕਿਹਾ ਕੇ ਸਿੱਖ ਨਸਲਕੁਸ਼ੀ ਦੇ 40 ਸਾਲ ਬੀਤ ਜਾਣ ਬਾਅਦ ਵੀ ਪੀੜਤਾ ਨੂੰ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਭਾਰਤੀ ਹਾਕਮਾਂ ਨੇ ਘੱਟ ਗਿਣਤੀਆਂ ਪ੍ਰਤੀ ਆਪਣੀ ਸਮਝ ਚ ਕੋਈ ਤਬਦੀਲੀ ਕੀਤੀ ਹੈ।
ਕਿਸਾਨ ਆਗੂਆਂ ਕਿਹਾ ਨੇ 1984 ਚ ਜਿਸ ਤਰਾਂ ਮੁਲਕ ਭਰ ਵਿਚ ਸਿੱਖਾਂ ਨੂੰ ਮਾਰਨ ਦੇ ਕੇਂਦਰ ਦੀ ਕਾਂਗਰਸ ਸਰਕਾਰ ਨੇ ਹੁਕਮ ਦਿਤੇ ਤੇ ਪੂਰੇ ਮੁਲਕ ‘ਚ ਸਿੱਖਾਂ ਦਾ ਕਤਲੇਆਮ, ਧੀਆਂ ਭੈਣਾਂ ਦੀ ਬੇਪੱਤੀ ਸਮੇਤ ਕਰੋੜਾਂ ਅਰਬਾ ਦੀ ਜਾਇਦਾਦ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ!ਬਾਹਰੋਂ ਗੁੰਡੇ ਬੁਲਾ ਕੇ ਕਾਂਗਰਸੀ ਲੀਡਰਾਂ ਨਾਲ ਤੋਰੇ ਗਏ ਤੇ ਕਾਂਗਰਸੀ ਲੀਡਰਾਂ ਕੋਲ ਵੋਟਰ ਸੂਚੀਆਂ ਸੀ ਜਿਸ ਚੋ ਸਿੱਖਾਂ ਨੂੰ ਨਿਸ਼ਾਹਦੇਹੀ ਕਰਕੇ ਕਤਲ ਕੀਤਾ ਗਿਆ!ਇਸ ਕਾਂਗਰਸ ਦੇ ਦਰਜਨਾ ਆਗੂ ਸ਼ਾਮਿਲ ਸੀ ਪਰ ਅਜੇ ਤੱਕ ਬਹੁਤ ਸਾਰੇ ਖੁਲੇਆਮ ਘੁੰਮ ਰਹੇ ਤੇ ਪੀੜਤ ਇਨਸਾਫ਼ ਉਡੀਕ ਰਹੇ ਹਨ।
ਸਿੱਖਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਿੰਦੂ ਪਰਿਵਾਰਾਂ ਨੂੰ ਵੀ ਪੁਲਿਸ ਤੇ ਕਾਤਿਲ ਟੋਲੇ 84 ‘ਚ ਨਿਸ਼ਾਨਾ ਬਣਾਇਆ ਸੀ, ਜੋ ਸਾਬਿਤ ਕਰਦਾ ਕੇ ਹਾਕਮ ਕਿਸੇ ਫਿਰਕੇ ਦੇ ਨਹੀਂ ਸਗੋਂ ਆਪਣੇ ਸਿਆਸੀ ਹਿੱਤ ਹੀ ਦੇਖਦੇ ਹਨ।
ਇਹ ਅਖੌਤੀ ਜਮਹੂਰੀਅਤ ਦੇ ਚਿਹਰੇ ਤੋਂ ਕਦੇ ਵੀ ਨਾ ਉੱਤਰਨ ਵਾਲਾ ਕਲੰਕ ਹੈ!ਉਹਨਾਂ ਕਿਹਾ ਕੇ ਇਸ ਸਿੱਖ ਨਸਲਕੁਸ਼ੀ ਦੀ ਮੁਹਿੰਮ ਵਿਚ ਕਾਂਗਰਸ ਸਮੇਤ ਆਰ ਐੱਸ ਐੱਸ ਦੇ ਕਰਿੰਦੇ ਵੀ ਵੱਡੀ ਗਿਣਤੀ ‘ਚ ਸ਼ਾਮਿਲ ਹੋਏ ਜਿਹਨਾਂ ਤੇ ਹੋਏ ਪਰਚੇ ਭਾਜਪਾ ਨੇ ਸੱਤਾ ਚ ਆਉਦਿਆ ਸਹਿਜੇ ਸਹਿਜੇ ਖ਼ਤਮ ਕਰ ਦਿੱਤੇ।
ਆਗੂਆਂ ਕਿਹਾ ਕਿਸੇ ਘੱਟ ਗਿਣਤੀ ਨੂੰ ਚੁੱਣਕੇ,ਉਸ ਖਿਲਾਫ ਨਫਰਤ ਦਾ ਮਾਹੌਲ ਬਣਾਕੇ ਤੇ ਫਿਰ ਬਹੁ ਗਿਣਤੀ ਦੀਆ ਭਾਵਨਾਵਾਂ ਨੂੰ ਵੋਟਾਂ ਚ ਤਬਦੀਲ ਕਰਨਾ ਇਸ ਮੁਲਕ ਦੇ ਹਾਕਮਾਂ ਦੀ ਨੀਤੀ ਬਣ ਚੁਕੀ ਹੈ। ਇਸ ਲਈ ਸਿਰਫ ਘੱਟ ਗਿਣਤੀਆਂ ਨਹੀਂ ਬਲਕਿ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ।
ਮੌਜੂਦਾ ਮੋਦੀ ਸਰਕਾਰ ਹਰ ਘੱਟ ਗਿਣਤੀ, ਬੁਧੀਜੀਵੀ, ਲੇਖਕ ਤੇ ਵੱਖਰੇ ਵਿਚਾਰਾਂ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ!ਦੇਸ਼ ਧ੍ਰੋਹ ਦੇ ਮੁਕਦਮੇ ਸਿਰਫ ਯੋਗੀ ਮੋਦੀ ਦੀ ਆਲੋਚਨਾ ਕਰਨ ਤੇ ਹੀ ਦਰਜ ਕੀਤੇ ਗਏ! ਨਵੇਂ ਫੌਜਦਾਰੀ ਕਾਨੂੰਨ ਵੀ ਲੋਕਾਂ ਨੂੰ ਦਬਾਉਣ ਲਈ ਹੀ ਲਿਆਂਦੇ ਗਏ ਹਨ।
ਆਗੂਆਂ ਕਿਹਾ ਯੂਨੀਫਾਰਮ ਸਿਵਿਲ ਕੋਡ ਹਰ ਵੱਖਰੇ ਸਭਿਆਚਾਰ ਵੱਖਰੀ ਪਛਾਣ ਵੱਖਰੇ ਰੀਤੀ ਰਿਵਾਜ ਨੂੰ ਮਸਲਕੇ ਇਕ ਹਿੰਦੂਤਵੀ ਮੁਲਕ ਬਣਾਉਣ ਦੀ ਪਹੁੰਚ ਹੈ।
ਕਿਰਤੀ ਕਿਸਾਨ ਯੂਨੀਅਨ ਨੇ ਮੌਜੂਦਾ ਹਿੰਦੀ ਹਿੰਦੂ ਹਿੰਦੁਸਤਾਨ ਦੀ ਸਿਆਸਤ ਨੂੰ 1984 ਦੀ ਨਸਲਕੁਸ਼ੀ ਦੀ ਲਗਾਤਾਰਤਾ ਕਰਾਰ ਦਿੰਦਿਆਂ ਫਿਰਕੂ ਸਿਆਸਤ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ।