ਯੈੱਸ ਪੰਜਾਬ
ਅੰਮ੍ਰਿਤਸਰ, 13 ਮਾਰਚ, 2025
Khalsa College of Veterinary & Animal Sciences ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਵੈਟਰਨਰੀ ਪੇਸ਼ੇ ’ਚ ਰਸਮੀ ਪ੍ਰਵੇਸ਼ ਨੂੰ ਕਰਵਾਉਣ ਸਬੰਧੀ ‘White Coat Ceremony’ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਪ੍ਰਧਾਨਗੀ ’ਚ ਆਯੋਜਿਤ ਇਸ ਸਮਾਰੋਹ ਮੌਕੇ ਬੀ. ਵੀ. ਐਸ. ਸੀ. ਅਤੇ ਏ. ਐਚ. ਡਿਗਰੀ ਕੋਰਸ ਦੇ ਪਹਿਲੇ ਸਾਲ ਦੇ 99 ਵਿਦਿਆਰਥੀਆਂ ਨੂੰ ਚਿੱਟੇ ਕੋਟ ਭੇਟ ਕੀਤੇ ਗਏ। ਇਸ ਮੌਕੇ ਡਾ. ਵਰਮਾ ਨਾਲ ਡਾ. ਏ. ਡੀ. ਪਾਟਿਲ, ਡਾ. ਐਸ. ਕੇ. ਕਾਂਸਲ, ਡਾ. ਏ.ਐਮ. ਪਾਂਡੇ ਅਤੇ ਪਹਿਲੇ ਸਾਲ ਦੇ ਹੋਰ ਫੈਕਲਟੀ ਮੈਂਬਰ ਮੌਜ਼ੂਦ ਸਨ।
ਇਸ ਮੌਕੇ ਡਾ. ਵਰਮਾ ਨੇ ਕਿਹਾ ਕਿ ਵਾਈਟ ਕੋਟ ਪਾਉਣ ਵਾਲੇ ਨੂੰ ਇਕ ਸਿਖਲਾਈ ਪ੍ਰਾਪਤ ਵੈਟਰਨਰੀ ਵਜੋਂ ਪਛਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵੈਟਰਨਰੀ ਇਸ ਕੋਟ ਨੂੰ ਪਹਿਨਦਾ ਹੈ ਤਾਂ ਇਹ ਉਸ ਦੇ ਮੋਢਿਆਂ ’ਤੇ ਸ਼ਾਨ, ਸਨਮਾਨ ਅਤੇ ਮਹੱਤਤਾ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰੀਆਂ ਲਿਆਉਂਦਾ ਹੈ। ਉਨ੍ਹਾਂ ਨੇ ਇਸ ਨਾਲ ਜੁੜੀਆਂ ਜ਼ਿੰਮੇਵਾਰੀਆਂ ’ਤੇ ਜ਼ੋਰ ਦਿੰਦਿਆਂ ਜਾਨਵਰਾਂ ਦੀ ਸਿਹਤ ਅਤੇ ਭਲਾਈ ਦੇ ਰੱਖਿਅਕ ਵਜੋਂ ਡਾਕਟਰਾਂ ਦੇ ਕਰਤੱਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਡਾ. ਵਰਮਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਦੀ ਸੇਵਾ ਕਰਨ ਤੋਂ ਕਦੇ ਵੀ ਪਿਛਾਂਹ ਨਾ ਹੱਟਣ ਜਿਨ੍ਹਾਂ ਦੀ ਰੋਜ਼ੀ-ਰੋਟੀ ਦਾ ਇਕੋ-ਇਕ ਸਰੋਤ ਉਨ੍ਹਾਂ ਦੇ ਕੁਝ ਪਸ਼ੂ ਹਨ।
ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਦੀਆਂ ਉਮੀਦਾਂ ਅਤੇ ਪਸ਼ੂਆਂ ਦੇ ਪੇਸ਼ਿਆਂ ਲਈ ਢੱੁਕਵੀਆਂ ਜ਼ਿੰਮੇਵਾਰੀਆਂ ਸਬੰਧੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਵੈਟਰਨਰੀ ਕਿੱਤੇ ’ਚ ਦਾਖਲੇ ਉਪਰੰਤ ਵੈਟਰਨਰੀ ਅਤੇ ਪਸ਼ੂ ਪਾਲਣ ਉੱਤਮਤਾ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਵਾਈਟ ਕੋਟ ਦੇ ਵਿਸ਼ੇਸ਼ ਅਧਿਕਾਰ ਨੂੰ ਅਪਨਾਓ, ਕਿਉਂਕਿ ਇਸ ਰਾਹ ਦਾ ਟੀਚਾ ਸਿਰਫ਼ ਗਿਆਨ ਪ੍ਰਾਪਤ ਕਰਨਾ ਨਹੀਂ, ਸਗੋਂ ਦਇਆ ਅਤੇ ਸਮਰਪਣ ਹੋਣਾ ਹੈ।
ਇਸ ਮੌਕੇ ਡਾ. ਵਰਮਾ ਨੇ ਉਕਤ ਸਟਾਫ਼ ਨਾਲ ਮਿਲ ਕੇ ਨਵੇਂ ਵੈਟਰਨਰੀ ਵਿਦਿਆਰਥੀਆਂ ਨੂੰ ਪਸ਼ੂਆਂ ਨੂੰ ਕਸ਼ਟਾਂ ਤੋਂ ਮੁਕਤ ਕਰਨ, ਰੱਖਿਆ ਅਤੇ ਸੇਵਾ ਭਾਵਨਾ ਬਿਰਤੀ ਵਾਲੀ ਸੋਚ ਧਾਰਨ ਕਰਕੇ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਲਈ ਸਹੁੰ ਵੀ ਚੁਕਾਈ ਗਈ। ਉਨ੍ਹਾਂ ਕਿਹਾ ਕਿ ਹੋਮੋਸੈਪੀਅਨਜ਼ ਅਤੇ ਸਮਾਜ ਦੇ ਜਿਉਂਦੇ ਰਹਿਣ ਤੱਕ ਪਸ਼ੂਆਂ ਦੀ ਹਮੇਸ਼ਾ ਮੰਗ ਰਹੇਗੀ।
ਇਸ ਮੌਕੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ. ਨਾਗਪਾਲ ਨੇ ਵਿਦਿਆਰਥੀਆਂ ਨੂੰ ਵਾਈਟ ਕੋਟ ਪ੍ਰਾਪਤ ਕਰਨ ’ਤੇ ਵਧਾਈ ਦਿੰਦਿਆਂ ਇਸ ਦੀ ਸ਼ਾਨ ਬਣਾਈ ਰੱਖਣ ਦੀ ਸਲਾਹ ਦਿੱਤੀ। ਇਸ ਮੌਕੇ ਡਾ. ਪਾਟਿਲ ਨੇ ਪ੍ਰਿੰ: ਡਾ. ਵਰਮਾ ਦਾ ਸਵਾਗਤ ਕੀਤਾ, ਜਦੋਂ ਕਿ ਡਾ. ਅਨੁਸ਼੍ਰੀ ਪਾਂਡੇ ਨੇ ਧੰਨਵਾਦ ਮਤਾ ਪੇਸ਼ ਕੀਤਾ।