Saturday, July 6, 2024
spot_img
spot_img
spot_img
spot_img

ਕੰਗਨਾ ਰਣੌਤ ਨੂੰ ਥੱਪੜ ਮਾਰ ਕੇ ਚਰਚਾ ਵਿੱਚ ਆਈ ਕਾਂਸਟੇਬਲ ਕੁਲਵਿੰਦਰ ਕੌਰ ਦਾ ਤਬਾਦਲਾ

ਯੈੱਸ ਪੰਜਾਬ
ਚੰਡੀਗੜ੍ਹ, 3 ਜੁਲਾਈ, 2024

ਵਿਵਾਦਿਤ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਕਥਿਤ ਤੌਰ ’ਤੇ ਥੱਪੜ ਮਾਰਣ ਕਾਰਨ ਚਰਚਾ ਵਿੱਚ ਆਈ ਸੀ.ਆਈ.ਐੱਸ.ਐਫ. ਦੀ ਕਾਂਸਟੇਬਲ ਕੁਲਵਿੰਦਰ ਕੌਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਸਨੂੰ ਬੰਗਲੌਰ ਤਬਦੀਲ ਕੀਤਾ ਗਿਆ ਹੈ ਪਰ ਅਜੇ ਉਸ ਦੀ ਬਹਾਲੀ ਨਹੀਂ ਹੋਈ ਹੈ।

ਥੱਪੜ ਕਾਂਡ ਤੋਂ ਬਾਅਦ ਮੁਅੱਤਲ ਕੀਤੀ ਗਈ ਕੁਲਵਿੰਦਰ ਕੌਰ ਦੇ ਪਤੀ, ਜੋ ਉਸਦੇ ਨਾਲ ਹੀ ਚੰਡੀਗੜ੍ਹ ਹਵਾਈ ਅੱਡੇ ’ਤੇ ਤਾਇਨਾਤ ਸੀ, ਨੂੰ ਵੀ ਬੰਗਲੌਰ ਵਿਖ਼ੇ ਤਬਦੀਲ ਕੀਤਾ ਜਾ ਚੁੱਕਾ ਹੈ।

ਸੀ.ਆਈ.ਐੱਸ.ਐਫ. ਦੇ ਇੱਕ ਬੁਲਾਰੇ ਨੇ ਉਹਨਾਂ ਖ਼ਬਰਾਂ ਦਾ ਖ਼ੰਡਨ ਕੀਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਮੁਅੱਤਲ ਕੀਤੀ ਗਈ ਕੁਲਵਿੰਦਰ ਕੌਰ ਨੂੰ ਬਹਾਲ ਕਰ ਦਿੱਤਾ ਗਿਆ ਹੈ। ਬੁਲਾਰੇ ਦਾ ਕਹਿਣਾ ਹੈ ਕਿ ਅਜੇ ਵਿਭਾਗੀ ਜਾਂਚ ਜਾਰੀ ਹੈ।

ਕੁਲਵਿੰਦਰ ਕੌਰ ਦੇ ਭਰਾ ਅਤੇ ਕਿਸਾਨ ਆਗੂ ਸ਼ੇਰ ਸਿੰਘ ਮਾਹੀਵਾਲ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਸਦੀ ਭੈਣ ਅਤੇ ਜੀਜੇ ਦਾ ਬੰਗਲੌਰ ਤਬਾਦਲਾ ਹੋ ਚੁੱਕਾ ਹੈ ਅਤੇ ਅਜੇ ਵਿਭਾਗੀ ਜਾਂਚ ਚੱਲ ਰਹੀ ਹੈ।

ਕੁਲਵਿੰਦਰ ਕੌਰ ’ਤੇ ਆਈ.ਪੀ.ਸੀ. ਦੀ ਧਾਰਾ 323 ਅਤੇ 341 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਕੁਲਵਿੰਦਰ ਕੌਰ ਨੂੰ ਕੰਗਨਾ ਦੀ ਉਡਾਨ ਦਿੱਲੀ ਰਵਾਨਾ ਹੋਣ ਤੋਂ ਬਾਅਦ ਚੰਡੀਗੜ੍ਹ ਹਵਾਈ ਅੱਡੇ ’ਤੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ।

ਦਿੱਲੀ ਪੁੱਜਣ ਉਪਰੰਤ ਕੰਗਨਾ ਨੇ ਦੱਸਿਆ ਸੀ ਕਿ ਚੰਡੀਗੜ੍ਹ ਹਵਾਈ ਅੱਡੇ ’ਤੇ ਉਕਤ ਮਹਿਲਾ ਕਾਂਸਟੇਬਲ ਨੇ ਉਸਨੂੰ ਥੱਪੜ ਮਾਰਿਆ ਸੀ ਅਤੇ ਦੁਰਵਿਉਹਾਰ ਕੀਤਾ ਸੀ।

ਇਹ ਸੂਚਨਾ ਦਿੰਦੇ ਹੋਏ ਕੰਗਨਾ ਨੇ ਕਿਹਾ ਸੀ ਕਿ ਉਹ ਸੁਰੱਖ਼ਿਅਤ ਹੈ ਪਰ ਪੰਜਾਬ ਵਿੱਚ ਅੱਤਵਾਦ ਨੂੰ ਲੈ ਕੇ ਚਿੰਤਤ ਹੈ। ਕੰਗਨਾ ਨੇ ਆਪਣੇ ਐਕਸ ਹੈਂਡਲ ’ਤੇ ਅਪਲੋਡ ਕੀਤੇ ਇੱਕ ਵੀਡੀਉ ਵਿੱਚ ਕੈਪਸ਼ਨ ਦੇ ਨਾਲ ਕਿਹਾ ਸੀ ਕਿ ਪੰਜਾਬ ਵਿੱਚ ਦਹਿਸ਼ਤਗਰਦੀ ਅਤੇ ਹਿੰਸਾ ਵਿੱਚ ਵਾਧਾ ਹੈਰਾਨੀਜਨਕ ਹੈ।

ਕੁਲਵਿੰਦਰ ਕੌਰ ਪਿਛਲੇ ਢਾਈ ਸਾਲਾਂ ਤੋਂ ਚੰਡੀਗੜ੍ਹ ਹਵਾਈ ਅੱਡੇ ’ਤੇ ਤਾਇਨਾਤ ਸੀ ਅਤੇ 6 ਜੂਨ ਦੀ ਇਸ ਘਟਨਾ ਦੇ ਸੰਦਰਭ ਵਿੱਚ ਸਾਹਮਣੇ ਆਈ ਕਲਿੱਪਿੰਗ ਵਿੱਚ ਉਹ ਸਾਫ਼ ਕਹਿੰਦੀ ਨਜ਼ਰ ਆਈ ਸੀ ਕਿ ਕੰਗਨਾ ਨੇ ਜਿਹੜੀਆਂ ਕਿਸਾਨ ਬੀਬੀਆਂ ਨੂੰ 100-100 ਰੁਪਏ ’ਤੇ ਅੰਦੋਲਨ ਵਿੱਚ ਲਿਆਂਦੇ ਜਾਣ ਦੀ ਗੱਲ ਕਹੀ ਸੀ, ਉਹਨਾਂ ਕਿਸਾਨ ਧਰਨਾਕਾਰੀਆਂ ਵਿੱਚ ਉਸ ਦੀ ਮਾਤਾ ਵੀ ਸ਼ਾਮਲ ਸੀ।

ਯਾਦ ਰਹੇ ਕਿ ਇਸ ਘਟਨਾਕ੍ਰਮ ਤੋਂ ਬਾਅਦ ਕੰਗਨਾ ਰਣੌਤ ਨੇ ਹੀ ਨਹੀਂ ਸਗੋਂ ਉਸਦੀ ਭੈਣ ਨੇ ਵੀ ਲਗਾਤਾਰ ਪੰਜਾਬ ਵਿਰੋਧੀ ਨਫ਼ਰਤ ਭਰੇ ਬਿਆਨ ਦਿੱਤੇ ਸਨ।

- Advertisment -spot_img

ਅਹਿਮ ਖ਼ਬਰਾਂ