ਯੈੱਸ ਪੰਜਾਬ
ਬਠਿੰਡਾ, 13 ਜੂਨ, 2025
Kanchan Tiwari ਜੋ Kamal Bhabhi ਭਾਬੀ ਦੇ ਨਾਂਅ ਨਾਲ ਇੰਸਟਾਗ੍ਰਾਮ ’ਤੇ ਕਥਿਤ ਤੌਰ ’ਤੇ ਅਸ਼ਲੀਲ ਪੋਸਟਾਂ ਪਾਉਣ ਕਾਰਨ ਵਿਵਾਦਾਂ ਵਿੱਚ ਰਹੀ ਹੈ, ਦੇ ਬੀਤੇ ਦਿਨੀਂ ਹੋਏ ਕਤਲ ਦੇ ਮਾਮਲੇ ਵਿੱਚ Amritpal Singh Mehron ਨੇ ਜ਼ਿਮੇਵਾਰੀ ਕਬੂਲੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬਠਿੰਡਾ ਦੀ ਐੱਸ.ਐੱਸ.ਪੀ. ਸ੍ਰੀਮਤੀ ਅਵਨੀਤ ਕੌਂਡਲ ਨੇ ਅੱਜ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਜੂਨ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਛੱਡੀ ਗਈ ਗੱਡੀ ਵਿੱਚੋਂ ਕੰਚਨ ਤਿਵਾੜੀ ਉਰਫ਼ ਕਮਲ ਕੌਰ ਭਾਬੀ ਦੀ ਮ੍ਰਿਤਕ ਦੇਹ 12 ਜੂਨ ਨੂੰ ਮਿਲਣ ਮਗਰੋਂ ਪੁਲਿਸ ਨੇ ਇਸ ਸੰਬੰਧੀ ਤਫ਼ਤੀਸ਼ ਤੋਂ ਬਾਅਦ ਜਸਪ੍ਰੀਤ ਸਿੰਘ ਅਤੇ ਨਿਮਰਤਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਲੁਧਿਆਣਾ ਦੀ ਰਹਿਣ ਵਾਲੀ ਕੰਚਨ ਉਰਫ਼ ਕਮਲ ਨੂੰ ਕਿਸੇ ਸ਼ੋਅਰੂਮ ਦੀ ਪ੍ਰਮੋਸ਼ਨ ਦਾ ਕਹਿ ਕੇ ਬਠਿੰਡਾ ਵਿਖੇ ਬੁਲਾਇਆ ਗਿਆ ਸੀ। ਇਹ ਵੀ ਕਿਹਾ ਗਿਆ ਕਿ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਮਹਿਰੋਂ ਉਸਦੇ ਲੁਧਿਆਣਾ ਸਥਿਤ ਘਰ ਵਿਖੇ ਦੋ ਵਾਰ ਗਿਆ ਸੀ। ਇੱਕ ਵਾਰ ਉਹ ਮਿਲੀ ਨਹੀਂ ਸੀ ਤੇ ਦੂਜੀ ਵਾਰ ਉਸਨੇ ਕੰਚਨ ਉਰਫ਼ ਕਮਲ ਨੂੰ ਇੰਸਟਾਗਰਾਮ ’ਤੇ ਗ਼ਲਤ ਕੰਟੈਂਟ ਪਾਉਣ ਤੋਂ ਵਰਜਿਆ ਸੀ।
ਸ੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਅਨੁਸਾਰ ਉਹ 11 ਜੂਨ ਨੂੰ ਬਠਿੰਡਾ ਵਿਖੇ ‘ਪ੍ਰਮੋਸ਼ਨ’ ਕਰਨ ਲਈ ਕਹਿ ਕੇ ਆਪਣੀ ਕਾਰ ਵਿੱਚ ਗਈ ਸੀ ਜਿਸ ਮਗਰੋਂ ਉਸੇ ਦਿਨ ਰਾਤ 11 ਵਜੇ ਤੋਂ ਬਾਅਦ ਉਸਦਾ ਫ਼ੋਨ ਬੰਦ ਪਾਇਆ ਗਿਆ।
ਐੱਸ.ਐੱਸ.ਪੀ.ਅਨੁਸਾਰ ਇਸ ਮਾਮਲੇ ਵਿੱਚ ਮ੍ਰਿਤਕਾ ਦੀ ਕਾਰ ਤੋਂ ਇਲਾਵਾ ਇਸ ਕੰਮ ਲਈ ਵਰਤੀ ਗਈ ਇੱਕ ਸਕਾਰਪੀਉ ਗੱਡੀ ਵੀ ਬਰਾਮਦ ਕੀਤੀ ਹੈ। ਸ੍ਰੀਮਤੀ ਕੌਂਡਲ ਅਨੁਸਾਰ ਇਸ ਦੇ ਬਠਿੰਡਾ ਪਹੁੰਚਣ ’ਤੇ ਕਾਰ ਠੀਕ ਕਰਉਣ ਦੇ ਬਹਾਨੇ ਇੱਕ ਗਰਾਜ ਵਿੱਚ ਲਿਜਾਇਆ ਗਿਆ ਜਿੱਥੇ ਗੱਲਬਾਤ ਹੁੰਦੀ ਰਹੀ ਪਰ ਫ਼ਿਰ ਕਮਲ ਦੀ ਗੱਡੀ ਵਿੱਚ ਹੀ ਜਸਪ੍ਰੀਤ ਸਿੰਘ ਨੇ ਭੁੱਚੋ ਨੇੜੇ ਆਪਣੇ ਕਮਰਕੱਸੇ ਨਾਲ ਕਮਲ ਦਾ ਗ਼ਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ ਜਿਸ ਮਗਰੋਂ ਲਾਸ਼ ਸਮੇਤ ਗੱਡੀ ਆਦੇਸ਼ ਹਸਤਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ ਗਈ।
ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਜਸਪ੍ਰੀਤ ਸਿੰਘ ਦੋਵੇਂ ਹੀ ਮੋਗਾ ਦੇ ਪਿੰਡ ਮਹਿਰੋਂ ਦੇ ਰਹਿਣ ਵਾਲੇ ਹਨ ਜਦਕਿ ਨਿਮਰਤਜੀਤ ਸਿੰਘ ਜ਼ਿਲ੍ਹਾ ਤਰਨ ਤਾਰਨ ਵਿੱਚ ਹਰੀਕੇ ਪੱਤਨ, ਪੱਟੀ ਦਾ ਰਹਿਣ ਵਾਲਾ ਹੈ। ਇਹ ਵੀ ਖ਼ਬਰ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਜਸਪ੍ਰੀਤ ਸਿੰਘ ਦੋਵੇਂ ਹੀ ਆਪਣੇ ਪਿੰਡ ਵਿੱਚ ਘੱਟ ਹੀ ਜਾਦੇ ਹਨ ਅਤੇ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਕਿਤੇ ਵਿਦੇਸ਼ ਵਿੱਚ ਰਹਿੰਦੇ ਹਨ।
ਐੱਸ.ਐੱਸ.ਪੀ.ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਇਸ ਮਾਮਲੇ ਦਾ ਮਾਸਟਰਮਾਈਂਡ ਹੈ ਅਤੇ ਉਹ ਵੀ ਇਸ ਮਾਮਲੇ ਵਿੱਚ ਨਾਮਜ਼ਦ ਹੈ, ਜਿਸਦੀ ਗ੍ਰਿਫ਼ਤਾਰੀ ਛੇਤੀ ਕਰ ਲਈ ਜਾਵੇਗੀ।
ਉੱਧਰ ਅੰਮ੍ਰਿਤਪਾਲ ਸਿੰਘ ਨੇ ਇਸ ਤੋਂ ਬਾਅਦ ਇੱਕ ਵੀਡੀਉ ਰਾਹੀਂ ਕਮਲ ਦੇ ਕਤਲ ਦੀ ਗੱਲ ਕਬੂਲਦੋ ਹੋਏ ਕਿਹਾ ਹੈ ਕਿ ਉਸਦੇ ਦੋ ਭਰਾ ਗ੍ਰਿਫ਼ਤਾਰ ਹੋ ਗਏ ਹਨ ਅਤੇ ਉਹ ਵੀ ਕਿਸੇ ਵੇਲੇ ਗ੍ਰਿਫ਼ਤਾਰ ਹੋ ਸਕਦਾ ਹੈ।
ਨਾਲ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਕਿ ਸਾਡਾ ਕਿਸੇ ਨਾਲ ਨਿੱਜੀ ਵੈਰ ਨਹੀਂ, ਪਰ ਅੀਂ ਲੱਚਰਤਾ ਦੇ ਹੱਕ ਵਿੱਚ ਨਹੀਂ। ਇਸ ਤੋਂ ਪਹਿਲਾਂ ਹੀ ਦੀਪਿਕਾ ਲੂਥਰਾ ਨਾਂਅ ਦੀ ਇੱਕ ਹੋਰ ਮੀਡੀਆ ਇਨਫਲੂਐਂਸਰ ਨੂੰ ਮਾਰਚ ਮਹੀਨੇ ਖ਼ੇਤਾਂ ਵਿੱਚ ਬਣਾਈ ਇੱਕ ਵੀਡੀਉ ਵਿੱਚ ਸਮਝਾਉਂਦੇ ਨਜ਼ਰ ਆਏ ਮਹਿਰੋਂ ਨੇ ਹੁਣ ਦੇ ਨਵੇਂ ਵੀਡੀਉ ਰਾਹੀਂ ਇੱਕ ਵਾਰ ਦੀਪਿਕਾ ਅਤੇ ਹੋਰਨਾਂ ਅਸ਼ਲੀਲ ਕੰਟੈਂਟ ਪਰੋਸਣ ਵਾਲਿਆਂ ਨੂੰ ਫ਼ਿਰ ਵਰਜਦੇ ਹੋਏ ਕਿਹਾ ਕਿ ਪਾਰਕਿੰਗ ਕੇਵਲ ਬਠਿੰਡੇ ਵਿੱਚ ਹੀ ਨਹੀਂ ਹੈ ਅਤੇ ਜ਼ਰੂਰੀ ਨਹੀਂ ਕਿ ਹਰ ਵਾਰੀ ਬੰੇਦੇ ਦੀ ‘ਬਾਡੀ’ ਵੀ ਮਿਲ ਜਾਵੇ।
ਮਹਿਰੋਂ ਨੇ ਕਿਹਾ ਕਿ ਉਹ ਇੱਕ ਵਾਰ ਪਿਆਰ ਨਾਲ ਸਮਝਾਵੇਗਾ ਪਰ ਬਾਅਦ ਵਿੱਚ ਪਟਾਕੇ ਪੈਣਗੇ। ਉਹਨਾਂ ਕਿਹਾ ਕਿ ਜਿਹੜੇ ਕਹਿੰਦੇ ਹਨ ਕਿ ਅਸੀਂ ਤਾਂ ਲੱਚਰ ਵੀਡੀਉ ਬਣਾਵਾਂਗੇ ਤਾਂ ਫ਼ਿਰ ਅਸੀਂ ਵੀ ਕਹਿ ਸਕਦੇ ਹਾਂ ਕਿ ਸਾਡੇ ਤੋਂ ਤਾਂ ਕਤਲ ਹੋ ਜਾਂਦੇ ਹਨ।