ਯੈੱਸ ਪੰਜਾਬ
ਜਲੰਧਰ, 11 ਜੂਨ, 2025
Punjab ਵਿੱਚ ਖੇਡ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਮੁੱਖ ਮੰਤਰੀ Bhagwant Singh Mann ਅਤੇ Delhi ਦੇ ਸਾਬਕਾ ਮੁੱਖ ਮੰਤਰੀ Arvind Kejriwal ਨੇ ਅੱਜ Burlton Park ਨੂੰ ਅਤਿ-ਆਧੁਨਿਕ ਸਪੋਰਟਸ ਹੱਬ ਵਿੱਚ ਤਬਦੀਲ ਕਰਨ ਸਬੰਧੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।
ਇਹ ਪ੍ਰਾਜੈਕਟ 78 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ।
ਇਸ ਨੂੰ ਇੱਕ ਇਤਿਹਾਸਕ ਪਲ ਦੱਸਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਇਹ ਨਵੀਆਂ ਖੇਡ ਸਹੂਲਤਾਂ ਭਾਰਤ ਦੀ ਖੇਡ ਰਾਜਧਾਨੀ ਵਜੋਂ ਜਲੰਧਰ ਨੂੰ ਮਿਲੇ ਦਰਜੇ ਨੂੰ ਹੋਰ ਮਜ਼ਬੂਤ ਕਰਨਗੀਆਂ। ਸਮਾਰਟ ਸਿਟੀ ਮਿਸ਼ਨ ਦੇ ਤਹਿਤ, ਬਰਲਟਨ ਪਾਰਕ ਨੂੰ ਇੱਕ ਵਿਆਪਕ ਸਪੋਰਟਸ ਹੱਬ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਸ਼ਾਮਲ ਹਨ। ਇਸ ਪ੍ਰੋਜੈਕਟ ਤਹਿਤ ਇੱਕ ਅਤਿ-ਆਧੁਨਿਕ ਕ੍ਰਿਕਟ ਮੈਦਾਨ ਸਮੇਤ ਵੱਖ-ਵੱਖ ਹੋਰ ਸਟੇਡੀਅਮ ਅਤੇ ਆਧੁਨਿਕ ਖੇਡ ਸਹੂਲਤਾਂ ਤਿਆਰ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਦੋ ਬਹੁ-ਮੰਤਵੀ ਸਟੇਡੀਅਮ ਵੀ ਵਿਕਸਤ ਕੀਤੇ ਜਾ ਰਹੇ ਹਨ ਜਿਹਨਾਂ ਵਿੱਚੋਂ ਇੱਕ ਹੈਂਡਬਾਲ, ਬਾਸਕਟਬਾਲ, ਵਾਲੀਬਾਲ, ਬੈਡਮਿੰਟਨ ਅਤੇ ਕੁਸ਼ਤੀ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਦੂਜਾ ਵੇਟਲਿਫਟਿੰਗ, ਜੂਡੋ ਅਤੇ ਕਬੱਡੀ ਲਈ ਤਿਆਰ ਕੀਤਾ ਜਾ ਰਿਹਾ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਫੁੱਟਬਾਲ ਅਤੇ ਹਾਕੀ ਲਈ ਵੱਖਰੇ ਸਟੇਡੀਅਮ ਬਣਾਉਣ ਦੀ ਵੀ ਯੋਜਨਾ ਉਲੀਕੀ ਗਈ ਹੈ ਅਤੇ ਨਾਲ ਹੀ ਯੋਗਾ ਪ੍ਰੇਮੀਆਂ ਲਈ ਇੱਕ ਸਮਰਪਿਤ ਯੋਗਾ ਸ਼ੈੱਡ ਅਤੇ ਨੌਜਵਾਨ ਖਿਡਾਰੀਆਂ ਲਈ ਇੱਕ ਸਕੇਟਿੰਗ ਰਿੰਕ ਵੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਸਾਈਕਲਿੰਗ ਅਤੇ ਜੌਗਿੰਗ ਟਰੈਕ ਬਣਾਏ ਜਾਣਗੇ ਅਤੇ ਮੌਜੂਦਾ ਲਾਅਨ ਟੈਨਿਸ ਕੋਰਟਾਂ ਨੂੰ ਆਧੁਨਿਕ ਬਣਾਇਆ ਜਾਵੇਗਾ।
ਦੋਵਾਂ ਆਗੂਆਂ ਨੇ ਕਿਹਾ ਕਿ ਸਪੋਰਟਸ ਹੱਬ ਦੇ ਇੰਨਡੋਰ ਸਟੇਡੀਅਮ ਵਿੱਚ 500 ਦਰਸ਼ਕਾਂ ਅਤੇ ਆਊਟਡੋਰ ਵਿੱਚ 1,000 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ।
ਉਨ੍ਹਾਂ ਕਿਹਾ ਕਿ ਜਨਤਕ ਸਹੂਲਤ ਵਿੱਚ ਵਾਧਾ ਕਰਨ ਲਈ, ਇਸ ਸਹੂਲਤ ਵਿੱਚ ਕੈਫੇਟੇਰੀਆ, ਸ਼ਾਪਿੰਗ ਕੰਪਲੈਕਸ/ਵੈਂਡਿੰਗ ਜ਼ੋਨ, ਭਰੋਸੇਯੋਗ ਬਿਜਲੀ ਅਤੇ ਪਾਣੀ ਦੀ ਸਪਲਾਈ ਅਤੇ ਹੋਰ ਜ਼ਰੂਰੀ ਬੁਨਿਆਦੀ ਢਾਂਚੇ ਵਰਗੀਆਂ ਸਹੂਲਤਾਂ ਵੀ ਸ਼ਾਮਲ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਨਿਰਵਿਘਨ ਬਿਜਲੀ ਨੂੰ ਯਕੀਨੀ ਬਣਾਉਣ ਲਈ ਕੰਪਲੈਕਸ ਨੂੰ ਟ੍ਰਾਂਸਫਾਰਮਰਾਂ ਅਤੇ ਡੀ.ਜੀ. ਸੈੱਟਾਂ ਨਾਲ ਲੈਸ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਰਕ ਵਿੱਚ ਐਂਟਰੀ ਲਈ ਤਿੰਨ ਮੁੱਖ ਰਾਸਤਿਆਂ, ਸੁਚਾਰੂ ਆਵਾਜਾਈ ਪ੍ਰਬੰਧਨ ਲਈ ਟ੍ਰੈਫਿਕ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਸੜਕਾਂ ਨੂੰ ਸੁੰਦਰ ਲੈਂਡਸਕੇਪਿੰਗ ਨਾਲ ਤਿਆਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਹੱਬ ਵਿੱਚ 200 ਤੋਂ ਵੱਧ ਚਾਰ-ਪਹੀਆ ਵਾਹਨਾਂ ਅਤੇ 150 ਤੋਂ ਵੱਧ ਦੋ-ਪਹੀਆ ਵਾਹਨਾਂ ਲਈ ਪਾਰਕਿੰਗ ਦੀ ਸਹੂਲਤ ਉਪਲੱਬਧ ਹੋਵੇਗੀ। ਜਲੰਧਰ ਦੀ ਅਮੀਰ ਖੇਡ ਵਿਰਾਸਤ ਨੂੰ ਉਜਾਗਰ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਇਹ ਸ਼ਹਿਰ ਨੂੰ ਬਰਲਟਨ ਪਾਰਕ, ਸੁਰਜੀਤ ਹਾਕੀ ਸਟੇਡੀਅਮ ਅਤੇ ਸਪੋਰਟਸ ਕਾਲਜ ਵਰਗੀਆਂ ਸੰਸਥਾਵਾਂ ਦੇ ਕਾਰਨ ਵਿਸ਼ਵ ਪੱਧਰ ‘ਤੇ ਜਾਣਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਤਿਆਰ ਕੀਤੀਆਂ ਜਾਂਦੀਆਂ ਫੁਟਬਾਲਾਂ, ਰਗਬੀ ਗੇਂਦਾਂ ਅਤੇ ਹੋਰ ਉਪਕਰਨ ਫੀਫਾ ਵਿਸ਼ਵ ਕੱਪ ਅਤੇ ਰਾਸ਼ਟਰਮੰਡਲ ਖੇਡਾਂ ਵਰਗੇ ਵੱਕਾਰੀ ਸਮਾਗਮਾਂ ਵਿੱਚ ਵਰਤੇ ਜਾਂਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਭਰ ਦੇ ਚੋਟੀ ਦੇ ਕ੍ਰਿਕਟ ਖਿਡਾਰੀ ਜਲੰਧਰ ਵਿੱਚ ਬਣੇ ਕ੍ਰਿਕਟ ਬੱਲਿਆਂ ਦੀ ਵਰਤੋਂ ਕਰਦੇ ਹਨ ਅਤੇ ਪੰਜਾਬ ਦੀ ਖੇਡ ਪਰੰਪਰਾ ਇੱਥੋਂ ਸ਼ੁਰੂ ਹੋ ਕੇ ਇੱਥੋਂ ਹੀ ਨਵੀਆਂ ਬੁਲੰਦੀਆਂ ਤੱਕ ਗਈ ਹੈ। ਦੋਵਾਂ ਆਗੂਆਂ ਨੇ ਦਹੁਰਾਇਆ ਕਿ ਪੰਜਾਬ ਸਰਕਾਰ ਖੇਡ ਸੈਕਟਰ ਵਿੱਚ ਜਲੰਧਰ ਦੀ ਪ੍ਰਮੁੱਖਤਾ ਨੂੰ ਹੋਰ ਅੱਗੇ ਲੈ ਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਇਹ ਪ੍ਰੋਜੈਕਟ ਅਗਲੇ ਸਾਲ ਅੰਦਰ ਮੁਕੰਮਲ ਹੋ ਜਾਵੇਗਾ ਅਤੇ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।