ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 29 ਮਾਰਚ, 2025
ਭਾਰਤੀ ਵਿਦਿਆਰਥਣ ਤੇ ਫੁੱਲਬਰਾਈਟ ਸਕਾਲਰ Ranjani Srinivasan ਜਿਸ ਨੂੰ ਹਮਾਸ ਦਾ ਸਮਰਥਨ ਕਰਨ ਦੇ ਕਥਿੱਤ ਦੋਸ਼ਾਂ ਕਾਰਨ ਵੀਜ਼ਾ ਰੱਦ ਕਰ ਦੇਣ ਉਪਰੰਤ ਮਜਬੂਰਨ Canada ਸ਼ਰਨ ਲੈਣੀ ਪਈ ਸੀ, ਨੇ ਉਸ ਉਪਰ ਲਾਏ ਅੱਤਵਾਦ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ Columbia University ਤੋਂ ਨਿਆਂ ਦੀ ਮੰਗ ਕੀਤੀ ਹੈ। ਸ਼ਹਿਰੀ ਯੋਜਨਾਬੰਦੀ ਵਿਚ ਪੀ ਐਚ ਡੀ ਵਿਦਿਆਰਥਣ ਨੇ ਅਲ ਜਜ਼ੀਰਾ ਨਾਲ ਗੱਲਬਾਤ ਕਰਦਿਆਂ ਆਸ ਪ੍ਰਗਟਾਈ ਹੈ ਕਿ ਯੁਨੀਵਰਸਿਟੀ ਉਸ ਨਾਲ ਨਿਆਂ ਕਰੇਗੀ ਤੇ ਉਸ ਦਾ ਦਾਖਲਾ ਬਹਾਲ ਕਰ ਦੇਵੇਗੀ।
ਉਸ ਨੇ ਕਿਹਾ ਕਿ ਮੈਨੂੰ ਕਦੀ ਵੀ ਆਸ ਨਹੀਂ ਸੀ ਕਿ ਯੁਨੀਵਰਸਿਟੀ ਉਸ ਨਾਲ ਅਜਿਹਾ ਵਿਵਹਾਰ ਕਰੇਗੀ ਪਰੰਤੂ ਉਹ ਆਸਵੰਦ ਹੈ ਕਿ ਮੈਨੂੰ ਨਿਆਂ ਮਿਲੇਗਾ।
ਇਥੇ ਜਿਕਰਯੋਗ ਹੈ ਕਿ ਚੇਨਈ ਵਿਚਲੇ ਯੂ ਐਸ ਕੌਂਸਲੇਟ ਦੁਆਰਾ ਈ ਮੇਲ ਰਾਹੀਂ ਉਸ ਦਾ ਵਿਦਿਆਰਥੀ ਵੀਜ਼ਾ ਰੱਦ ਕਰ ਦੇਣ ਦੀ ਜਾਣਕਾਰੀ ਦੇਣ ਉਪਰੰਤ ਸ੍ਰੀਨਿਵਾਸਨ ਗ੍ਰਿਫਤਾਰੀ ਦੇ ਡਰ ਕਾਰਨ ਅਮਰੀਕਾ ਛੱਡ ਕੇ ਕੈਨੇਡਾ ਚਲੀ ਗਈ ਸੀ। ਉਸ ਦਾ ਵਿਸ਼ਵਾਸ਼ ਹੈ ਕਿ ਫਲਸਤੀਨੀਆਂ ਦੇ ਹੱਕਾਂ ਦਾ ਸਮਰਥਨ ਕਰਨ ਤੇ ਇਸਰਾਈਲ ਦੀ ਅਲੋਚਨਾ ਕਰਨ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਉਸ ਨੇ ਮੰਨਿਆ ਕਿ ਉਸ ਨੇ ਫਲਸਤੀਨ ਪੱਖੀ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ ਪਰੰਤੂ ਉਸ ਨੇ ਨਾਲ ਹੀ ਸਪੱਸ਼ਟ ਕੀਤਾ ਹੈ ਕਿ ਉਹ ਕੋਲੰਬੀਆ ਦੇ ਕਿਸੇ ਵੀ ਸੰਗਠਿਤ ਗਰੁੱਪ ਦੀ ਮੈਂਬਰ ਨਹੀਂ ਹੈ। ਉਸ ਨੇ ਕਿਹਾ ਹੈ ਕਿ ਉਹ ਪੀ ਐਚ ਡੀ ਲਈ ਲੋੜੀਂਦਾ ਸਮੁੱਚਾ ਕੰਮ ਪੂਰਾ ਕਰ ਚੁੱਕੀ ਹੈ ਤੇ ਉਹ ਰਹਿੰਦਾ ਕੰਮ ਪੂਰਾ ਕਰਨਾ ਚਹੁੰਦੀ ਹੈ।