ਨਿਊ ਯਾਰਕ ਵਿੱਚ ਭਾਰਤੀ ਮੂਲ ਦੇ ਸਿੱਖ ਦਾ ਕਤਲ, ਐਸ.ਯੂ.ਵੀ. ’ਚ ਬੈਠੇ ’ਤੇ ਵਰ੍ਹਾਈਆਂ ਗਈਆਂ ਗੋਲੀਆਂ

ਯੈੱਸ ਪੰਜਾਬ
ਨਿਊ ਯਾਰਕ, 27 ਜੂਨ, 2022:
ਨਿਊ ਯਾਰਕ ਵਿੱਚ ਇਕ ਭਾਰਤੀ ਮੂਲ ਦੇ ਇਕ ਸਿੱਖ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 31 ਸਾਲਾਂ ਦੇ ਸਤਨਾਮ ਸਿੰਘ ਵਜੋਂ ਹੋਈ ਹੈ।

ਪਤਾ ਲੱਗਾ ਹੈ ਕਿ ਇਹ ਤੱਕ ਕੇ ਕੀਤੇ ਗਏ ਹਮਲੇ ਦੀ ਕਾਰਵਾਈ ਸੀ ਅਤੇ ਜਿਸ ਵੇਲੇ ਉਸ ’ਤੇ ਹਮਲਾ ਸਨਿਚਰਵਾਰ ਦੁਪਹਿਰ 3.45 ਵਜੇ ਕੀਤਾ ਗਿਆ। ਉਸਨੂੰ ਦੋ ਗੋਲੀਆਂ ਲੱਗੀਆਂ। ਉਸ ਵੇਲੇ ਉਹ ‘ਕੁਈਨਜ਼’ ਇਲਾਕੇ ਵਿੱਚ ਆਪਣੇ ਘਰ ਦੇ ਨੇੜੇ ਹੀ ਇਕ ਦੋਸਤ ਤੋਂ ਉਧਾਰ ਮੰਗੀ ਇਕ ‘ਰੈਂਗਲਰ ਸਹਾਰਾ’ ਗੱਡੀ ਵਿੱਚ ਇਕੱਲਾ ਹੀ ਡਰਾਈਵਰ ਸੀਟ ’ਤੇ ਬੈਠਾ ਸੀ।

ਉਸਨੂੰ ਜਮਾਇਕਾ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਪਹੁੰਚਦਿਆਂ ਹੀ ਮ੍ਰਿਤਕ ਐਲਾਨ ਦਿੱਤਾ।

ਸਨਿਚਰਵਾਰ ਦੁਪਹਿਰ ਇਹ ਘਟਨਾ ਸਾਊਥ ਉਜ਼ੋਨ ਪਾਰਕ ਦੇ ਨੇੜੇ ਵਾਪਰੀ। ਇਹ ਥਾਂ ਰਿਚਮੰਡ ਹਿੱਲ ਦੇ ਬਿਲਕੁਲ ਨਾਲ ਲਗਦੀ ਹੈ। ਯਾਦ ਰਹੇ ਕਿ ਰਿਚਮੰਡ ਹਿੱਲ ਵਿੱਚ ਲੰਘੇ ਅਪ੍ਰੈਲ ਮਹੀਨੇ ਵਿੱਚ ਦੋ ਸਿੱਖ ਵਿਅਕਤੀਆਂ ’ਤੇ ਹਮਲਾ ਕਰਕੇ ਉਨ੍ਹਾਂ ਦੀ ਕੁੱਟਮਾਰ ਕਰਨ ਦੇ ਨਾਲ ਨਾਲ ਉਨ੍ਹਾਂ ਦੀਆਂ ਦਸਤਾਰਾਂ ਦੀ ਬੇਅਦਬੀ ਕੀਤੀ ਸੀ। ਇਸ ਘਟਨਾ ਨੂੰ ਉਸ ਵੇਲੇ ਪੁਲਿਸ ਨੇ ‘ਹੇਟ ਕ੍ਰਾਈਮ’ ਮੰਨਿਆ ਸੀ। ਇਨ੍ਹਾਂ ਦੋਹਾਂ ਇਲਾਕਿਆਂ ਵਿੱਚ ਹੀ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਕਾਫ਼ੀ ਹੈ। ਅਪ੍ਰੈਲ ਵਾਲੀ ਘਟਨਾ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ’ਤੇ ‘ਹੇਟ ਕ੍ਰਾਈਮ’ ਦੀਆਂ ਧਾਰਾਵਾਂ ਲਾਈਆਂ ਸਨ।

ਇਸ ਘਟਨਾ ਬਾਰੇ ਪੁਲਿਸ ਅਤੇ ਮੌਕੇ ਦੀ ਗਵਾਹ ਇਕ ਇਲਾਕਾ ਨਿਵਾਸੀ ਔਰਤ ਦੇ ਵੱਖ ਵੱਖ ਬਿਆਨ ਸਾਹਮਣੇ ਆਏ ਹਨ। ਇਹ ਘਟਨਾ ਇਸ ਔਰਤ ਦੇ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋਈ ਹੈ।

ਇਕ ਬੰਨੇ ਪੁਲਿਸ ਦਾ ਕਹਿਣਾ ਹੈ ਕਿ ਪੈਦਲ ਆਏ ਸ਼ੂਟਰ ਨੇ ਅਚਾਨਕ ਹੀ ਗੱਡੀ ਵਿੱਚ ਬੈਠੇ ਸਤਨਾਮ ਸਿੰਘ ’ਤੇ ਫ਼ਾਇਰਿੰਗ ਕਰ ਦਿੱਤੀ ਜਦਕਿ ਦੂਜੇ ਬੰਨੇ ਮੌਕੇ ਦੀ ਗਵਾਹ ਦਾ ਕਹਿਣਾ ਹੈ ਕਿ ਇਕ ਹੋਰ ਗੱਡੀ ਵਿੱਚ ਆਏ ਇਕ ਵਿਅਕਤੀ ਨੇ ਗੱਡੀ ਬਰਾਬਰ ਲਿਆ ਕੇ ਸਤਨਾਮ ਸਿੰਘ ’ਤੇ ਫ਼ਾਇਰਿੰਗ ਕਰ ਦਿੱਤੀ।

ਐਤਵਾਰ ਸਵੇਰ ਤਕ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਸੀ ਅਤੇ ਪੁਲਿਸ ਇਸ ਵਾਰਦਾਤ ਦੇ ਮੰਤਵ ਬਾਰੇ ਵੀ ਸਪਸ਼ਟ ਨਹੀਂ ਸੀ।

ਉਂਜ ਇਹ ਗੱਲ ਵੀ ਜਾਂਚੀ ਜਾ ਰਹੀ ਹੈ ਕਿ ਇਹ ਹਮਲਾ ਕੀ ਸਤਨਾਮ ਸਿੰਘ ’ਤੇ ਹੀ ਕੀਤਾ ਗਿਆ ਜਾਂ ਫ਼ਿਰ ਹਮਲਾਵਰਾਂ ਦਾ ਨਿਸ਼ਾਨਾ ਐਸ.ਯੂ.ਵੀ. ਦਾ ਅਸਲ ਮਾਲਕ ਸੀ ਅਤੇ ਸਤਨਾਮ ਸਿੰਘ ਉਸੇ ਗੱਡੀ ਵਿੱਚ ਹੋਣ ਕਾਰਨ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਨੇ ਆਪਣੇ ਕਿਸੇ ਵਾਕਿਫ਼ ਤੋਂ ਇਹ ਗੱਡੀ ਉਧਾਰੀ ਇਹ ਕਹਿ ਕੇ ਮੰਗੀ ਸੀ ਕਿ ਉਸਨੇ ਕਿਸੇ ਨੂੰ ਲੈਣ ਜਾਣਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ