ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਨਵੰਬਰ 15, 2024:
ਭਾਰਤੀ ਯੋਗਾ ਗੁਰੂ ਸ਼ਰਤ ਜੋਇਸ ਦੀ 53 ਸਾਲ ਦੀ ਉਮਰ ਵਿਚ ਅਚਾਨਕ ਦਿੱਲ ਦਾ ਦੌਰਾ ਪੈਣ ਕਾਰਨ ਦੁੱਖਦਾਈ ਮੌਤ ਹੋ ਜਾਣ ਦੀ ਖਬਰ ਹੈ। ਜਿਸ ਸਮੇ ਯੋਗਾ ਗੁਰੂ ਜੋਇਸ ਦੀ ਮੌਤ ਹੋਈ ਉਹ ਯੁਨੀਵਰਸਿਟੀ ਆਫ ਵਰਜੀਨੀਆ ਨੇੜੇ ਵਿਦਿਆਰਥੀਆਂ ਦੇ ਇਕ ਸਮੂੰਹ ਨਾਲ ਸੈਰ ਕਰ ਰਹੇ ਸਨ।
ਜੋਇਸ ਯੋਗਾ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਅਮਰੀਕਾ ਦੇ ਦੌਰੇ ‘ਤੇ ਸਨ ਤੇ ਹਾਲ ਹੀ ਵਿਚ ਉਨਾਂ ਨੇ ਆਪਣੀ ਯੋਗਾ ਕਲਾਸ ਦੀ ਇਕ ਵੀਡੀਓ ਇੰਸਟਾਗਰਾਮ ਉਪਰ ਪਾਈ ਸੀ। ਵਰਜੀਨੀਆ ਤੋਂ ਬਾਅਦ ਉਨਾਂ ਨੇ ਸੈਨ ਐਨਟੋਨੀਓ ਜਾਣਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਯੋਗਾ ਗੁਰੂ ਹੰਪਬੈਕ ਪਹਾੜੀਆਂ ਉਪਰ ਤਕਰੀਬਨ 50 ਵਿਦਿਆਰਥੀਆਂ ਨਾਲ ਘੁੰਮ ਰਹੇ ਸਨ ਕਿ ਅਚਾਨਕ ਉਹ ਬੇਹੋਸ਼ ਹੋ ਕੇ ਜਮੀਨ ਉਪਰ ਢਹਿ ਢੇਰੀ ਹੋ ਗਏ।
ਵਿਦਿਆਰਥੀਆਂ ਵੱਲੋਂ ਉਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾਕਾਮ ਰਹੀ ਤੇ ਹੰਗਾਮੀ ਹਾਲਤ ਵਿਚ ਮੌਕੇ ਉਪਰ ਪੁੱਜੇ ਡਾਕਟਰੀ ਅਮਲੇ ਨੇ ਉਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਸ਼ਰਤ ਜੋਇਸ ਅਸ਼ਟੰਗਾ ਯੋਗਾ ਦੇ ਮਾਹਿਰ ਸਨ ਤੇ ਯੋਗਾ ਦੀ ਦੁਨੀਆ ਵਿਚ ਉਹ ਜਾਣੇ ਪਛਾਣੇ ਯੋਗਾ ਗੁਰੂ ਸਨ। ਉਨਾਂ ਦੀ ਅਗਵਾਈ ਵਿਚ ਮੈਸੂਰ ਵਿਚ ਸਥਿੱਤ ਕੇ ਪਤਾਭੀ ਜੋਇਸ ਅਸ਼ਟੰਗਾ ਯੋਗਾ ਸੰਸਥਾ ਨੂੰ ਵਿਸ਼ਵ ਵਿਆਪੀ ਮਾਨਤਾ ਮਿਲੀ ਹੈ।
ਜੋਇਸ ਨੇ 2007 ਵਿਚ ਆਪਣੇ ਦਾਦਾ ਕੇ ਪਤਾਭੀ ਜੋਇਸ ਦੀ ਜਗਾ ‘ਤੇ ਅਸ਼ੰਟਗਾ ਯੋਗਾ ਸੰਸਥਾ ਦੀ ਕਮਾਨ ਸੰਭਾਲੀ ਸੀ। ਉਨਾਂ ਦੀ ਮੌਤ ਉਪਰੰਤ ਯੋਗਾ ਪ੍ਰੇਮੀਆਂ ਤੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।