ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, 3 ਜਨਵਰੀ, 2025
ਪੂਰਨਿਮਾ ਰਾਮਾਰਾਓ ਨੇ ਆਪਣੇ 26 ਸਾਲਾ ਪੁੱਤਰ Suchir Balaji ਦੀ ਮੌਤ ਬਾਰੇ ਕਿਹਾ ਹੈ ਕਿ ਉਹ ਖੁਦਕੁੱਸ਼ੀ ਨਹੀਂ ਕਰ ਸਕਦਾ। ਉਸ ਦੀ ਮੌਤ ਪਿੱਛੇ ਕੋਈ ਸਾਜਿਸ਼ ਰਚੀ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ Balaji ਨੇ ਆਪਣੇ ਸੈਨਫਰਾਂਸਿਸਕੋ ਅਪਾਰਟਮੈਂਟ ਵਿਚ 26 ਨਵੰਬਰ ਨੂੰ ਖੁਦਕੁੱਸ਼ੀ ਕਰ ਲਈ ਸੀ । ਓਪਨਅਲ ਕੰਪਨੀ ਦੇ ਸਾਬਕਾ ਰਿਸਰਚਰ ਬਾਲਾਜੀ ਨੇ ਹੋਰ ਮੁੱਦਿਆਂ ਤੋਂ ਇਲਾਵਾ ਵਿਸ਼ੇਸ਼ ਕਰਕੇ ਕੰਪਨੀ ਦੇ ਕਾਪੀਰਾਈਟ ਡੈਟਾ ਨੂੰ ਵਰਤਣ ਉਪਰ ਚਿੰਤਾ ਪ੍ਰਗਟਾਈ ਸੀ।
Balaji ਦੇ ਮਾਪਿਆਂ ਪੂਰਨਿਮਾ ਤੇ ਬਾਲਾਜੀ ਰਾਮਾਮੂਰਤੀ ਨੇ ਕਿਹਾ ਹੈ ਕਿ ਉਨਾਂ ਦਾ ਪੁੱਤਰ ਖੁਦ ਆਪਣੀ ਜਾਨ ਨਹੀਂ ਲੈ ਸਕਦਾ। ਉਨਾਂ ਨੇ ਮਾਮਲੇ ਦੀ ਮੁਕੰਮਲ ਜਾਂਚ ਦੀ ਮੰਗ ਕੀਤੀ ਹੈ। ਪੂਰਨਿਮਾ ਨੇ ਕਿਹਾ ਹੈ ਕਿ ਉਨਾਂ ਦੀ ਬਾਲਾਜੀ ਨਾਲ 22 ਨਵੰਬਰ ਨੂੰ ਆਖਰੀ ਗੱਲ ਹੋਈ ਸੀ। ਉਸ ਸਮੇ ਉਹ ਖੁਸ਼ ਸੀ ਪਰੰਤੂ ਅਗਲੇ ਦਿਨ ਜਦੋਂ ਉਸ ਨੇ ਫੋਨ ਕੀਤਾ ਤਾਂ ਬਾਲਾਜੀ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਵੀ ਸੰਪਰਕ ਨਾ ਹੋਣ ‘ਤੇ ਉਹ ਉਸ ਦੇ ਅਪਾਰਟਮੈਂਟ ਵਿਚ ਗਏ ਜਿਥੇ ਕੋਈ ਵੀ ਨਹੀਂ ਸੀ।
26 ਨਵੰਬਰ ਨੂੰ ਉਨਾਂ ਨੂੰ ਪੁਲਿਸ ਦੁਆਰਾ ਬਾਲਾਜੀ ਦੀ ਲਾਸ਼ ਮਿਲਣ ਬਾਰੇ ਦੱਸਿਆ ਗਿਆ। ਪੂਰਨਿਮਾ ਨੇ ਐਕਸ ਉਪਰ ਪਾਈ ਪੋਸਟ ਵਿਚ ਲਿਖਿਆ ਹੈ ਕਿ ਇਹ ਕਤਲ ਦਾ ਮਾਮਲਾ ਹੈ ਜਿਸ ਨੂੰ ਅਧਿਕਾਰੀ ਖੁਦਕੁੱਸ਼ੀ ਦਸ ਰਹੇ ਹਨ। ਉਸ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਐਫ ਬੀ ਆਈ ਜਾਂਚ ਕਰੇ। ਬਾਲਾ ਜੀ ਨੇ ਅਕਤੂਬਰ 2023 ਵਿਚ ਓਪਨਅਲ ਤੋਂ ਅਸਤੀਫਾ ਦੇ ਦਿੱਤਾ ਸੀ।