ਯੈੱਸ ਪੰਜਾਬ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਫ਼ਰਵਰੀ, 2025
Drainage-cum-Mining ਤੇ ਭੂ-ਵਿਗਆਨ ਵਿਭਾਗ ਵੱਲੋਂ ਜ਼ਿਲ੍ਹੇ ’ਚ ਨਜਾਇਜ਼ ਮਾਈਨਿੰਗ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਬਲਾਕ ਮਾਜਰੀ ਦੇ ਪਿੰਡ ਕੁੱਬਾਹੇੜੀ ’ਚ ਨਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਉਣ ’ਤੇ ਥਾਣਾ ਮਾਜਰੀ ਵਿੱਚ ਅਣਪਛਾਤੇ ਲੋਕਾਂ ਖਿਲਾਫ਼ ਨਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕਰਵਾਇਆ ਗਿਆ ਹੈ।
ਕਾਰਜਕਾਰੀ ਇੰਜੀਨੀਅਰ, ਡਰੇਨੇਜ-ਕਮ-ਖਣਨ ਤੇ ਭੂ-ਵਿਗਿਆਨ, ਜ਼ਿਲ੍ਹਾ Sahibzada Ajit Singh Nagar, ਅਕਾਸ਼ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲ੍ਹ ਵਿਭਾਗ ਨੂੰ ਕੁੱਬਾਹੇੜੀ ’ਚ ਗ੍ਰੇਵਲ ਦੀ ਨਜਾਇਜ਼ ਤੌਰ ’ਤੇ ਨਿਕਾਸੀ ਦੀ ਸੂਚਨਾ ਮਿਲੀ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਵਿਭਾਗ ਵੱਲੋਂ ਮੌਕੇ ਦਾ ਮੁਆਇਨਾ ਕੀਤਾ ਗਿਆ। ਇਸ ਜਾਇਜ਼ੇ ਦੌਰਾਨ ਕਰੀਬ 29 ਹਜ਼ਾਰ ਵਰਗ ਫੁੱਟ ਰਕਬੇ ’ਚੋਂ 2.32 ਲੱਖ ਘਣ ਫੁੱਟ ਦੀ ਮੁਢਲੇ ਤੌਰ ’ਤੇ ਨਿਕਾਸੀ ਹੋਣੀ ਪਾਈ ਗਈ।
ਉਨ੍ਹਾਂ ਦੱਸਿਆ ਕਿ ਇਸ ਨਿਕਾਸੀ ਲਈ ਵਿਭਾਗ ਪਾਸੋਂ ਕਿਸੇ ਵੀ ਤਰ੍ਹਾਂ ਦੀ ਅਗਾਊਂ ਮਨਜੂਰੀ ਨਾ ਲਏ ਜਾਣ ਕਾਰਨ, ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਈਨਜ਼ ਤੇ ਮਿਨਰਲ (ਡਿਵੈਲਪਮੈਂਟ ਤੇ ਰੈਗੂਲੇਸ਼ਨ) ਐਕਟ 1957 ਦੀ ਧਾਰਾ 4 (1) ਦੀ ਉਲੰਘਣਾ ਪਾਈ ਗਈ ਹੈ। ਇਸ ਮਾਮਲੇ ’ਚ ਅਗਲੇਰੀ ਕਾਰਵਾਈ ਕਰਦੇ ਹੋਏ ਮਾਜਰੀ ਪੁਲਿਸ ਕੋਲ ਉਕਤ ਐਕਟ ਦੀ ਧਾਰਾ 4 (1) ਅਤੇ 21 (1) ਤਹਿਤ ਪਰਚਾ ਦਰਜ ਕਰਵਾਇਆ ਗਿਆ ਹੈ।
ਕਾਰਜਕਾਰੀ ਇੰਜੀਨੀਅਰ, ਡਰੇਨੇਜ-ਕਮ-ਖਣਨ ਤੇ ਭੂ-ਵਿਗਿਆਨ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਪਰਚਾ ਦਰਜ ਕਰਨ ਬਾਅਦ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕੀਤੀ ਗਈ ਹੈ, ਜਿਸ ਦੌਰਾਨ ਮਾਲ ਮਹਿਕਮੇ ਪਾਸੋਂ ਇਸ ਜਗ੍ਹਾ ਦੀ ਨਿਸ਼ਾਨੇਦਹੀ ਕਰਵਾ ਕੇ, ਵਿਭਾਗ ਵੱਲੋਂ ਨਜਾਇਜ਼ ਖਣਨ ਅਧੀਨ ਆਏ ਰਕਬੇ ਦੀ ਸਹੀ ਮਿਣਤੀ ਅਤੇ ਮਾਲਕੀ ਬਾਰੇ ਵੀ ਪਤਾ ਕੀਤਾ ਜਾਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ’ਚ ਕੇਵਲ ਬਨੂੜ ਵੀਅਰ ਨੂੰ ਛੱਡ ਕੇ ਹੋਰ ਕਿਸੇ ਵੀ ਥਾਂ ਵਿਭਾਗ ਵੱਲੋਂ ਅਧਿਕਾਰਿਤ ਤੌਰ ’ਤੇ ਡੀ-ਸਿਲਟਿੰਗ ਜਾਂ ਮਾਈਨਿੰਗ ਦੀ ਇਜ਼ਾਜ਼ਤ ਨਹੀਂ ਦਿੱਤੀ ਹੋਈ। ਉਨ੍ਹਾਂ ਕਿਹਾ ਵਿਭਾਗ ਨਜਾਇਜ਼ ਮਾਈਨਿੰਗ ਖ਼ਿਲਾਫ਼ ਸਖਤ ਕਾਰਵਾਈ ਲਈ ਵਚਨਬੱਧ ਹੈ।