High Court rejects bail plea of Punjab IAS Sanjay Popli
ਯੈੱਸ ਪੰਜਾਬ
ਚੰਡੀਗੜ੍ਹ 30 ਜਨਵਰੀ, 2023:
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਇਕ ਸੀਨੀਅਰ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ।
ਸੰਜੇ ਪੋਪਲੀ ਨੂੰ 21 ਜੂਨ 2021 ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਆਪਣੀ ਰੈਗੂਲਰ ਜ਼ਮਾਨਤ ਲਈ ਪਟੀਸ਼ਨ ਹਾਈ ਕੋਰਟ ਵਿੱਚ ਪਾਈ ਸੀ।
ਮਾਮਲਾ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸੀਵਰੇਜ ਪਾਈਪ ਵਿਛਾਉਣ ਲਈ ਜੁੜੇ ਇਕ ਕੰਮ ਨਾਲ ਸੰਬੰਧਤ ਹੈ ਜਿਸ ਲਈ ਇੱਕ ਪ੍ਰਤੀਸ਼ਤ ਕਮਿਸ਼ਨ ਮੰਗੀ ਗਈ ਸੀ ਜੋ 7 ਲੱਖ ਰੁਪਏ ਬਣਦੀ ਸੀ। ਸ੍ਰੀ ਪੋਪਲੀ ਦੇ ਨਾਲ ਉਨ੍ਹਾਂ ਦੇ ਸਹਾਇਕ ਸੰਦੀਪ ਵੱਤਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਯਾਦ ਰਹੇ ਕਿ ਸੰਜੇ ਪੋਪਲੀ ਉਹ ਆਈ.ਏ.ਐੱਸ. ਅਧਿਕਾਰੀ ਹਨ ਜਿਨ੍ਹਾਂ ਦੀ 21 ਜੂਨ ਨੂੰ ਹੋਈ ਗ੍ਰਿਫ਼ਤਾਰੀ ਤੋਂ ਬਾਅਦ 25 ਜੂਨ ਨੂੰ ਉਨ੍ਹਾਂ ਦੇ ਘਰ ਹੋਰ ਬਰਾਮਦਗੀ ਕਰਨ ਪੁੱਜੀ ਵਿਜੀਲੈਂਸ ਟੀਮ ਦੇ ਪੁੱਜਣ ’ਤੇ ਉਨ੍ਹਾਂ ਦੇ ਬੇਟੇ 27 ਸਾਲਾ ਕਾਰਤਿਕ ਪੋਪਲੀ ਨੇ ਕਥਿਤ ਤੌਰ ’ਤੇ ਖ਼ੁਦ ਨੂੰ ਗੋਲੀ ਮਾਰ ਲਈ ਸੀ ਹਾਲਾਂਕਿ ਸ੍ਰੀ ਪੋਪਲੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਸੀ ਕਿ ਗੋਲੀ ਵਿਜੀਲੈਂਸ ਅਧਿਕਾਰੀਆਂ ਨੇ ਚਲਾਈ ਸੀ।
ਵਿਜੀਲੈਂਸ ਨੇ ਜੂਨ 2021 ਵਿੱਚ ਸ੍ਰੀ ਪੋਪਲੀ ਦੀ ਸੈਕਟਰ 11 ਸਥਿਤ ਕੋਠੀ ਵਿੱਚ ਛਾਪੇਮਾਰੀ ਕੀਤੀ ਸੀ ਤਾਂ ਹੈਰਾਨੀਜਨਕ ਬਰਾਮਦਗੀਆਂ ਹੋਈਆਂ ਸਨ ਜਿਨ੍ਹਾਂ ਵਿੱਚ 12.5 ਕਿੱਲੋ ਸੋਨਾ, ਤਿੰਨ ਕਿੱਲੋ ਚਾਂਦੀ ਅਤੇ 3.5 ਲੱਖ ਰੁਪਏ ਨਕਦੀ ਸ਼ਾਮਲ ਸੀ।
ਇਨ੍ਹਾਂ ਵਿੱਚ ਸੋਨੇ ਦੀਆਂ ਇੱਕ-ਇੱਕ ਕਿੱਲੋ ਵਜ਼ਨ ਦੀਆਂ 9 ਇੱਟਾਂ, ਸੋਨੇ ਦੇ ਕੁੱਲ 3.16 ਕਿੱਲੋ ਵਜ਼ਨ ਦੇ 49 ਬਿਸਕੁਟ, ਸੋਨੇ ਦੇ 356 ਗ੍ਰਾਮ ਵਜ਼ਨ ਦੇ 12 ਸਿੱਕੇ, ਚਾਂਦੀ ਦੀਆਂ ਇੱਕ ਇੱਕ ਕਿੱਲੋ ਵਜ਼ਨ ਦੀਆਂ ਤਿੰਨ ਇੱਟਾਂ, ਚਾਂਦੀ ਦੇ 10-10 ਗ੍ਰਾਮ ਵਜ਼ਨ ਵਾਲੇ ਸਿੱਕੇ, ਇਕ ਆਈਫ਼ੋਨ ਤੇ ਨਕਦੀ ਸ਼ਾਮਲ ਸੀ।
ਇਸ ਤੋਂ ਇਲਾਵਾ ਜਾਇਦਾਦਾਂ ਨਾਲ ਸੰਬੰਧ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ