ਭਾਰਤੀ ਮੀਡੀਆ ਵਿੱਚ ਖ਼ਬਰਾਂ ਦੀ ਭਰਮਾਰ, ਕੈਨੇਡੀਅਨ ਮੀਡੀਆ ‘ਚੁੱਪ’
ਯੈੱਸ ਪੰਜਾਬ
ਵਿਨੀਪੈਗ, ਕੈਨੇਡਾ, 21 ਸਤੰਬਰ, 2023:
ਐੱਨ.ਆਈ.ਏ. ਦੀ ‘ਮੋਸਟ ਵਾਂਟੇਡ’ ਸੂਚੀ ਵਿੱਚ ‘ਏ’ ਕੈਟਾਗਰੀ ਗੈਂਗਸਟਰ ਵਜੋਂ ਸ਼ਾਮਲ ਪੰਜਾਬ ਦੇ ਇਸ ਵੇਲੇ ਕੈਨੇਡਾ ਵਿੱਚ ਰਹਿ ਰਹੇ ਬੰਬੀਹਾ ਗਰੁੱਪ ਨਾਲ ਸੰਬੰਧਤ ਸੁੱਖਦੂਲ ਸਿੰਘ ਉਰਫ਼ ਸੁੱਖਾ ਦੁਨੇਕੇ ਦਾ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਅਖ਼ਬਾਰਾਂ, ਵੈਬਸਾਈਟਾਂ, ਚੈਨਲਾਂ ਆਦਿ ਵੱਲੋਂ ਭਾਰਤ ਵਿੱਚ ਪ੍ਰਮੁੱਖ਼ਤਾ ਨਾਲ ਪੇਸ਼ ਕੀਤੀ ਜਾ ਰਹੀ ਹੈ ਪਰ ਇਸ ਦੇ ਉਲਟ ਇਹ ਖ਼ਬਰ ਲਿਖ਼ੇ ਜਾਣ ਤਕ ਕੈਨੇਡਾ ਦਾ ਮੀਡੀਆ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ। ਨਾ ਇਸ ਮਾਮਲੇ ਦੀ ਅਜੇ ਕੋਈ ਪੁਸ਼ਟੀ ਸਾਹਮਣੇ ਆਈ ਹੈ ਅਤੇ ਨਾ ਹੀ ਇਨ੍ਹਾਂ ਖ਼ਬਰਾਂ ਨੂੰ ਰੱਦ ਕਰਨ ਬਾਰੇ ਕੋਈ ਗੱਲ ਸਾਹਮਣੇ ਆਈ ਹੈ।
ਭਾਰਤੀ ਮੀਡੀਆ ਵਿੱਚ ਆ ਰਹੀਆਂ ਮੁੱਢਲੀ ਰਿਪੋਰਟਾਂ ਅਨੁਸਾਰ ਇਹ ਗੈਂਗਵਾਰ ਦਾ ਮਾਮਲਾ ਹੈ ਅਤੇ ਸੁੱਖਾ ਦੁਨੇਕੇ ਨੂੰ ਕੈਨੇਡਾ ਦੇ ਵਿਨੀਪੈਗ ਵਿੱਚ ਗੋਲੀਆਂ ਮਾਰੀਆਂ ਗਈਆਂ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਬਹੁਤੇ ਮੀਡੀਆ ਨੇ ਕਤਲ ਦੀ ਵਾਰਦਾਤ ਦੀ ਜਗ੍ਹਾ ਬਾਰੇ ਕੁਝ ਨਹੀਂ ਕਿਹਾ ਜਦਕਿ ਕਈਆਂ ਨੇ ਇਹ ਘਟਨਾ ਵਿਨੀਪੈਗ ਵਿੱਚ ਹੋਣ ਦਾ ਦਾਅਵਾ ਕੀਤਾ ਹੈ।
ਸੁਖ਼ਦੂਲ ਸਿੰਘ ਗਿੱਲ ਪੁੱਤਰ ਗੁਰਨੈਬ ਸਿੰਘ ਮੋਗਾ ਦੇ ਪਿੰਡ ਦੁੱਨੇਕੇ ਦਾ ਰਹਿਣ ਵਾਲਾ ਹੈ ਅਤੇ ਇੱਕ ਨਾਮੀ ਗੈਂਗਸਟਰ ਵਜੋਂ ਪਛਾਣ ਬਣਾਉਣ ਤੋਂ ਪਹਿਲਾਂ ਡੀ.ਸੀ.ਦਫ਼ਤਰ ਮੋਗਾ ਵਿਖ਼ੇ ਕੰਮ ਕਰਦਾ ਸੀ।
ਕੈਨੇਡਾ ਵਿੱਚ ਉਹ 2017 ਵਿੱਚ ਫਰਜ਼ੀ ਪਾਸਪੋਰਟ ਦੇ ਆਧਾਰ ’ਤੇ ਪੁੱਜਾ ਸੀ ਅਤੇ ਕੈਨੇਡਾ ਪੁੱਜ ਕੇ ਵੀ ਉਸਨੇ ਪੰਜਾਬ ਵਿੱਚ ਆਪਣਾ ਨੈੱਟਵਰਕ ਫ਼ੈਲਾਇਆ ਅਤੇ ਇੱਥੇ ਹਥਿਆਰਾਂ ਦੀ ਸਪਲਾਈ ਅਤੇ ਫ਼ਿਰੌਤੀਆਂ ਅਤੇ ਸੁਪਾਰੀ ਲੈ ਕੇ ਕਤਲ ਕਰਨ ਦੇ ਮਾਮਲਿਆਂ ਵਿੱਚ ਉਸਦਾ ਨਾਂਅ ਵੱਜਿਆ। ਉਸਦੇ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਗੈਂਗਸਟਰਾਂ ਨਾਲ ਸੰਬੰਧ ਦੱਸੇ ਜਾਂਦੇ ਹਨ।
ਕੌਮਾਂਤਰੀ ਕਬੱਡੀ ਖ਼ਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਵੀ ਉਸਦਾ ਨਾਂਅ ਸਾਹਮਣੇ ਆਇਆ ਸੀ।
ਅਪਰਾਧ ਦੀ ਦੁਨੀਆਂ ਵਿੱਚ ਪੈਰ ਰੱਖਿਆ ਤਾਂ ਸੁੱਖਾ ਦੁਨੇਕੇ ’ਤੇ ਕਰਦੇ ਕਰਦੇ 7 ਮਾਮਲੇ ਦਰਜ ਹੋ ਗਏ ਅਤੇ ਉਸਨੂੰ ਜੇਲ੍ਹ ਵੀ ਜਾਣਾ ਪਿਆ ਪਰ ਜੇਲ੍ਹ ਤੋਂ ਬਾਹਰ ਆਇਆ ਸੁੱਖਾ ਦੁਨੇਕੇ ਕਥਿਤ ਤੌਰ ’ਤੇ ਕੁਝ ਪੁਲਿਸ ਕਰਮੀਆਂ ਦਾ ਸਹਿਯੋਗ ਲੈ ਕੇ ਬਣਾਏ ਜਾਅਲੀ ਪਾਸਪੋਰਟ ਦੇ ਆਧਾਰ ’ਤੇ ਫ਼ਰਾਰ ਹੋ ਗਿਆ ਅਤੇ ਉਹ ਉਦੋਂ ਤੋਂ ਕੈਨੇਡਾ ਵਿੱਚ ਹੀ ਹੈ।
ਕੈਨੇਡਾ ਵਿੱਚ ਉਹ ਅਰਸ਼ ਡਾਲਾ ਨਾਂਅ ਦੇ ਇੱਕ ਹੋਰ ਪੰਜਾਬੀ ਗੈਂਗਸਟਰ ਦੇ ਸੰਪਰਕ ਵਿੱਚ ਦੱਸਿਆ ਜਾਂਦਾ ਹੈ। ਅਰਸ਼ ਡਾਲਾ ਵੀ ਐੱਨ.ਆਈ.ਏ. ਦੀ ‘ਮੋਸਟ ਵਾਂਟੇਡ’ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਹੈ।
ਸੁੱਖਾ ਦੁਨੇਕੇ ਵੱਲੋਂ ਕਥਿਤ ਤੌਰ ’ਤੇ ਕੈਨੇਡਾ ਤੋਂ ਕੀਤੀਆਂ ਗਈਆਂ ਕਾਰਵਾਈਆਂ ਦੇ ਆਧਾਰ ’ਤੇ ਉਸ ਖ਼ਿਲਾਫ਼ ਕਤਲਾਂ ਅਤੇ ਹੋਰ ਸੰਗੀਨ ਮਾਮਲਿਆਂ ਤਹਿਤ 11 ਮਾਮਲੇ ਹੋਰ ਦਰਜ ਕੀਤੇ ਗਏ ਸਨ ਜਿਨ੍ਹਾਂ ਵਿੱਚ ਉਹ ਲੋੜੀਂਦਾ ਹੈ।
ਪੰਜਾਬ ਪੁਲਿਸ ਦੀ ਇੱਕ ਪਾਰਟੀ ਸੂਚਨਾ ਮਿਲਣ ਤੋਂ ਬਾਅਦ ਵੀਰਵਾਰ ਸਵੇਰੇ ਸੁੱਖਾ ਦੁਨੇਕੇ ਦੇ ਪਿੰਡ ਦੁੱਨੇਕੇ ਸਥਿਤ ਘਰ ਪੁੱਜ ਗਈ ਅਤੇ ਪੁੱਛ ਗਿੱਛ ਸ਼ੁਰੂ ਕੀਤੀ। ਜ਼ਿਕਰਯੋਗ ਹੈ ਕਿ ਸੁੱਖਾ ਦੁਨੇਕੇ ਦੀ ਮਾਤਾ ਅਤੇ ਭੈਣ ਵੀ ਕੈਨੇਡਾ ਵਿੱਚ ਹੀ ਹਨ ਅਤੇ ਇੱਥੇ ਉਸਦੇ ਘਰ ਵਿੱਚ ਉਸਦੇ ਤਾਇਆ ਤਾਈ ਹੀ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਕਤਲ ਦੀ ਇਹ ਵਾਰਦਾਤ ਉਸ ਵੇਲੇ ਵਾਪਰੀ ਹੈ ਜਦ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਰਿਸ਼ਤੇ ਨਵੀਂਆਂ ਨਿਵਾਣਾਂ ਛੋਹ ਰਹੇ ਹਨ। ਕੈਨੇਡਾ ਦੇ ਸਰੀ ਵਿੱਚ 19 ਜੂਨ ਨੂੰ ਖ਼ਾਲਿਸਤਾਨੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਬਿਆਨ ਅਤੇ ਇੱਕ ਭਾਰਤੀ ‘ਡਿਪਲੋਮੈਟ’ ਨੂੰ ਦੇਸ਼ ਵਿੱਚੋਂ ਚਲੇ ਜਾਣ ਬਾਰੇ ਕਹਿਣ ਮਗਰੋਂ ਭਾਰਤ ਨੇ ਵੀ ਤਿੱਖਾ ਪ੍ਰਤੀਕਰਮ ਜਤਾਉਂਦਿਆਂ ਕੈਨੇਡਾ ਦੇ ਇੱਕ ਡਿਪਲੋਮੈਟ ਨੂੰ 5 ਦਿਨਾਂ ਵਿੱਚ ਦੇਸ਼ ਛੱਡਣ ਦੇ ਹੁਕਮ ਦਿੱਤੇ ਸਨ।