Friday, December 27, 2024
spot_img
spot_img
spot_img

ਹਰਸਿਮਰਤ ਕੌਰ ਬਾਦਲ ਵੱਲੋਂ ਬੱਚਿਆਂ ਵਿਚ ਨਸ਼ਿਆਂ ਦੀ ਵਰਤੋਂ ਰੋਕਣ ਵਾਸਤੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼

ਯੈੱਸ ਪੰਜਾਬ
ਚੰਡੀਗੜ੍ਹ, 12 ਨਵੰਬਰ, 2024

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ’’ਦਾ ਪ੍ਰੀਵੈਨਸ਼ਨ ਆਫ ਡਰੱਗ ਐਬਿਊਜ਼ ਅਮੰਗ ਚਿਲਡਰਨ ਥਰੂਹ ਸਕੂਲ ਅਵੇਅਰਨੈਸ ਐਂਡ ਐਜੂਕੇਸ਼ਨ ਬਿੱਲ 2024’’ ਪੇਸ਼ ਕੀਤਾ ਜਿਸਦਾ ਮਕਸਦ ਬੱਚਿਆਂ ਵਿਚ ਨਸ਼ਿਆਂ ਦੀ ਵਰਤੋਂ ਨੂੰ ਰੋਕਣਾ ਹੈ ਤੇ ਇਸ ਤਹਿਤ ਸਕੂਲਾਂ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣ, ਨਸ਼ਿਆਂ ਦੀ ਦੁਰਵਰਤੋਂ ਦੇ ਜ਼ੋਖ਼ਮਾਂ ਬਾਰੇ ਸ਼ੁਰੂਆਤੀ ਸਿੱਖਿਆ ਦਿੱਤੇ ਜਾਣ ਤੇ ਭਵਿੱਖੀ ਪੀੜੀਆਂ ਦੀ ਸਿਹਤ ਤੇ ਭਲਾਈ ਵਾਸਤੇ ਨਸ਼ਾ ਮੁਕਤ ਵਾਤਾਵਰਣ ਨੂੰ ਉਤਸ਼ਾਹਿਤ ਕੀਤੇ ਜਾਣ ’ਤੇ ਜ਼ੋਰ ਦਿੱਤਾ ਗਿਆ ਹੈ।

ਪ੍ਰਾਈਵੇਟ ਮੈਂਬਰ ਬਿੱਲ ਸੰਸਦ ਵਿਚ ਪੇਸ਼ ਕਰਨ ਦਾ ਮਕਸਦ ਬੱਚਿਆਂ ਅਤੇ ਅੱਲ੍ਹੜ ਨੌਜਵਾਨਾਂ ਵਿਚ ਨਸ਼ਿਆਂ ਦੀ ਦੁਰਵਰਤੋਂ ਦੀ ਨਿਰੰਤਰ ਵੱਧ ਰਹੀ ਸਮੱਸਿਆ ਨੂੰ ਖ਼ਤਮ ਕਰਨਾ ਹੈ।

ਬਿੱਲ ਪੇਸ਼ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਿੱਲ ਦਾ ਮਕਸਦ ਸਕੂਲਾਂ ਵਿਚ ਨਸ਼ਿਆਂ ਤੋਂ ਬਚਾਅ ਲਈ ਸਿੱਖਿਆ ਪ੍ਰਦਾਨ ਕਰਨਾ, ਸ਼ੁਰੂਆਤੀ ਉਮਰ ਵਿਚ ਜਾਗਰੂਕਤਾ ਬਣਾਉਣਾ, ਬੱਚਿਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਜ਼ੋਖ਼ਮਾਂ ਤੋਂ ਜਾਣੂ ਕਰਵਾਉਣਾ, ਦੁਰਵਰਤੋਂ ਰੋਕਣਾ ਤੇ ਉਹਨਾਂ ਨੂੰ ਚੰਗੀ ਚੋਣ ਦੇ ਲਾਇਕ ਬਣਾਉਣਾ ਹੈ।

ਬਿੱਲ ਵਿਚ ਕਿਹਾ ਗਿਆ ਕਿ ਇਸਦਾ ਮਕਸਦ ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕਤਾ ਸਿੱਖਿਆ ਨੂੰ ਸਾਰੀਆਂ ਸਿੱਖਿਆ ਸੰਸਥਾਵਾਂ ਵਿਚ ਪੜ੍ਹਾਈ ਦੇ ਵਿਸ਼ੇ ਵਜੋਂ ਸ਼ਾਮਲ ਕਰਵਾਉਣਾ ਹੈ। ਉਹਨਾਂ ਕਿਹਾ ਕਿ ਬਿੱਲ ਦਾ ਮਕਸਦ ਨਸ਼ਿਆਂ ਦੀ ਦੁਰਵਰਤੋਂ ਦੇ ਬੱਚਿਆਂ ਦੀ ਸਿਹਤ ’ਤੇ ਅਸਰ, ਕਾਨੂੰਨੀ ਪਹਿਲੂਆਂ ਤੇ ਸਮਾਜਿਕ ਨਤੀਜਿਆਂ ਬਾਰੇ ਬੱਚਿਆਂ ਨੂੰ ਜਾਗਰੂਕਤ ਕਰਨਾ ਅਤੇ ਅਧਿਆਪਕਾਂ ਤੇ ਮਾਪਿਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਚਿੰਨ੍ਹਾਂ ਦੀ ਪਛਾਣ ਬਾਰੇ ਲੋੜੀਂਦਾ ਮਾਰਗ ਦਰਸ਼ਨ ਦੇਣ ਦੀ ਵਿਵਸਥਾ ਕਰਨਾ ਹੈ।

ਬਠਿੰਡਾ ਦੇ ਐਮ ਪੀ ਨੇ ਜ਼ੋਰ ਦੇ ਕੇ ਕਿਹਾ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐਸ ਈ) ਅਤੇ ਸੂਬਾਈ ਸਿੱਖਿਆ ਬੋਰਡਾਂ ਨੂੰ ਸਕੂਲਾਂ ਵਿਚ ਨਸ਼ਿਆਂ ਦੀ ਰੋਕਥਾਮ ਲਈ ਲੋੜੀਂਦੀ ਜਾਗਰੂਕਤਾ ਸਿੱਖਿਆ ਦੇਣ ਦਾ ਵਿਸ਼ਾ ਸ਼ੁਰੂ ਕਰਨਾ ਚਾਹੀਦਾ ਹੈ। ਇਹ ਸਿਹਤ ਸਿੱਖਿਆ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਪੜ੍ਹਾਏ ਜਾ ਸਕਦੇ ਹਨ।

ਉਹਨਾਂ ਕਿਹਾ ਕਿ ਇਸ ਤਹਿਤ ਉਮਰ ਦੇ ਲਿਹਾਜ਼ ਨਾਲ ਅਧਿਆਇ ਹੋਣੇ ਚਾਹੀਦੇ ਹਨ ਜਿਹਨਾਂ ਦਾ ਮਕਸਦ ਨਸ਼ਿਆਂ ਦੇ ਸਰੀਰ ਤੇ ਮਾਨਸਿਕ ਸਿਹਤ ’ਤੇ ਪੈਣ ਵਾਲੇ ਅਸਰ ’ਤੇ ਧਿਆਨ ਕੇਂਦਰਤ ਕਰਨ ਦੇ ਨਾਲ-ਨਾਲ ਕਾਨੂੰਨੀ ਸਜ਼ਾਵਾਂ ਤੇ ਸਮਾਜਿਕ ਪ੍ਰਭਾਵਾਂ ਬਾਰੇ ਵੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਬੱਚਿਆਂ ਵਿਚ ਲਚਕੀਲਾਪਣ ਵਿਕਸਤ ਕਰਨਾ, ਉਹਨਾਂ ਨੂੰ ਚੰਗੇ ਪਾਸੇ ਜਾਣ ਦੇ ਇੱਛੁਕ ਬਣਾਉਣਾ ਅਤੇ ਦਬਾਅ ਤੋਂ ਬਚਾਅ ਸਿਖਾਉਣਾ ਹੋਣਾ ਚਾਹੀਦਾ ਹੈ।

ਸਰਦਾਰਨੀ ਬਾਦਲ ਨੇ ਇਹ ਵੀ ਕਿਹਾ ਕਿ ਅਧਿਆਪਕਾਂ ਨੂੰ ਵੀ ਇਸ ਗੱਲ ਦੀ ਸਿੱਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਨਾਲ ਜੁੜੇ ਪਹਿਲੂਆਂ ਬਾਰੇ ਦੱਸ ਸਕਣ ਤੇ ਨਾਲ ਹੀ ਨਸ਼ਿਆਂ ਦੀ ਦੁਰਵਰਤੋਂ ਦੇ ਸ਼ੁਰੂਆਤੀ ਚਿੰਨ੍ਹਾਂ ਦੀ ਪਛਾਣ ਕਰ ਸਕਣ। ਉਹਨਾਂ ਕਿਹਾ ਕਿ ਇਸ ਵਾਸਤੇ ਸਿੱਖਿਆ ਮੰਤਰਾਲੇ ਨੂੰ ਸਿਹਤ ਮੰਤਰਾਲੇ ਨਾਲ ਰਲ ਕੇ ਇਕ ਸਮਰਪਿਤ ਸਿੱਖਲਾਈ ਪ੍ਰੋਗਰਾਮ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਸਿੱਖਿਆ ਦੇਣ ਵਾਲਿਆਂ ਨੂੰ ਲੋੜੀਂਦੀ ਜਾਣਕਾਰੀ ਤੇ ਮੁਹਾਰਤ ਤੋਂ ਲੈਸ ਕੀਤਾ ਜਾ ਸਕੇ।

ਸਰਦਾਰਨੀ ਬਾਦਲ ਨੇ ਕਿਹਾ ਕਿ ਸਿੱਖਿਆ ਮੰਤਰਾਲੇ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਰਲ ਕੇ ਲੋੜੀਂਦੀ ਸਿੱਖਿਆ ਦਾ ਮੈਟੀਰੀਅਲ ਪ੍ਰਦਾਨ ਕਰਨਾ ਚਾਹੀਦਾ ਹੈ ਤੇ ਪ੍ਰੋਗਰਾਮ ਦੀ ਅਸਰਦਾਇਕਤਾ ਦਾ ਨਿਰੰਤਰ ਮੁਲਾਂਕਣ ਕਰਨਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਸਿੱਖਿਆ ਸੰਸਥਾਵਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਜਨ ਸਿਹਤ ਵਿਭਾਗ ਦੇ ਮੈਂਬਰਾਂ ਦੀ ਸ਼ਮੂਲੀਅਤ ਵਾਲੀਆਂ ਨਿਗਰਾਨ ਕਮੇਟੀਆਂ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਨਿਗਰਾਨੀ ਕਰ ਸਕਣ। ਜਿਹੜੀਆਂ ਸੰਸਥਾਵਾਂ ਇਸ ਐਕਟ ਦੀ ਵਿਵਸਥਾ ਦੀ ਪਾਲਣਾ ਵਿਚ ਅਸਫਲ ਹੁੰਦੀਆਂ ਹਨ, ਉਹਨਾਂ ਖਿਲਾਫ ਪ੍ਰਸ਼ਾਸਕੀ ਸਜ਼ਾ ਜਾਂ ਜ਼ੁਰਮਾਨੇ ਜਾਂ ਮਾਨਤਾ ਖਤਮ ਕਰਨ ਵਰਗੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਉਹਨਾਂ ਨੇ ਬਾਮ, ਇਨਹੇਲਰਾਂ ਜਾਂ ਖੰਘ ਦੇ ਸਿਰਪ ਦੀ ਦੁਰਵਰਤੋਂ ਨੂੰ ਵੀ ਮੌਜੂਦਾ ਕਾਨੂੰਨੀ ਵਿਵਸਥਾਵਾਂ ਵਿਚ ਸ਼ਾਮਲ ਕੀਤੇ ਜਾਣ ਅਤੇ ਨਾਬਾਲਗਾਂ ਵੱਲੋਂ ਇਹਨਾਂ ਦੀ ਦੁਰਵਰਤੋਂ ਕਰਨ ’ਤੇ ਜ਼ੁਰਮਾਨੇ ਲਗਾਉਣ ਦਾ ਵੀ ਸੁਝਾਅ ਦਿੱਤਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ