ਯੈੱਸ ਪੰਜਾਬ
ਨਕੋਦਰ/ਜਲੰਧਰ, 4 ਦਸੰਬਰ, 2024
ਸੂਬੇ ਵਿੱਚ ਬਿਜਲੀ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇਕ ਹੋਰ ਅਹਿਮ ਕਦਮ ਚੁੱਕਦਿਆਂ Punjab ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ Harbhajan Singh ETO ਅਤੇ ਵਿਧਾਇਕ Inderjit Kaur Mann ਵਲੋਂ ਅੱਜ ਵਿਧਾਨ ਸਭਾ ਹਲਕਾ Nakodar ਦੇ ਪਿੰਡ ਚਿੱਤਰ ਹਾਰਾ ਵਿਖੇ 66 ਕੇਵੀ ਬਿਜਲੀ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ 7 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਨਵੇਂ ਪ੍ਰੋਜੈਕਟ ਵਿੱਚ 12.5 ਐਮਵੀਏ ਬਿਜਲੀ ਟਰਾਂਸਫਾਰਮਰ ਅਤੇ 4.5 ਕਿਲੋਮੀਟਰ ਲੰਬੀ 66 ਕੇਵੀ ਲਾਈਨ ਹੋਵੇਗੀ। ਇਸ ਪ੍ਰੋਜੈਕਟ ਨੂੰ 9 ਨਵੇਂ ਗਿਆਰਾਂ ਕੇਵੀ ਫੀਡਰਾਂ (6 ਖੇਤੀਬਾੜੀ, 1 ਸ਼ਹਿਰੀ ਅਤੇ 2 ਯੂ.ਪੀ.ਐਸ. ਫੀਡਰ) ਨਾਲ ਵੀ ਜੋੜਿਆ ਜਾਵੇਗਾ। ਇਸ ਸਬ ਸਟੇਸ਼ਨ ਦੇ ਸ਼ੁਰੂ ਹੋਣ ਨਾਲ ਸਿੱਧੇ ਤੌਰ ’ਤੇ 20 ਪਿੰਡਾਂ ਅਤੇ 17 ਹੋਰ ਪਿੰਡਾਂ ਦੀ ਬਿਜਲੀ ਸਪਲਾਈ ਵਿੱਚ ਸੁਧਾਰ ਹੋਣ ਨਾਲ ਕੁੱਲ 37 ਪਿੰਡਾਂ ਨੂੰ ਲਾਭ ਮਿਲੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਸਬ ਸਟੇਸ਼ਨ ਨਾਲ ਫੀਡਰ ਦੀ ਲੰਬਾਈ ਵੀ ਘੱਟੇਗੀ, ਜਿਸ ਦੇ ਸਿੱਟੇ ਵਜੋਂ ਖੇਤੀਬਾੜੀ, ਘਰੇਲੂ ਅਤੇ ਉਦਯੋਗਿਕ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇਗੀ। ਇਸ ਨਾਲ 132 ਕੇਵੀ. ਨਕੋਦਰ, 220 ਕੇਵੀ ਨੂਰਮਹਿਲ ਅਤੇ 66 ਕੇਵੀ ਸਮਸ਼ਾਬਾਦ ਅਤੇ ਸ਼ੰਕਰ ਪਾਵਰ ਸਟੇਸ਼ਨ ’ਤੇ ਲੋਡ ਨੂੰ ਘਟਾਇਆ ਜਾ ਸਕੇਗਾ, ਜਿਸ ਨਾਲ ਇਨ੍ਹਾਂ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ।
ਇਸ ਮੌਕੇ ਹਰਭਜਨ ਸਿੰਘ ਈ.ਟੀ.ਓ. ਵਲੋਂ ਸੂਬੇ ਅੰਦਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਦੇ ਵਿਕਾਸ ਅਤੇ ਨਕੋਦਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੁੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਬਿਜਲੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਢਾਈ ਸਾਲਾਂ ਦੌਰਾਨ ਬਿਜਲੀ ਗਰਿੱਡਾਂ ਦੇ ਵਿਸਥਾਰ ਵੱਲ ਖਾਸ ਧਿਆਨ ਦਿੱਤਾ ਗਿਆ ਹੈ, ਤਾਂ ਜੋ ਲੋਡ ਨੂੰ ਘਟਾ ਕੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਸੂਬੇ ਦੇ ਊਰਜਾ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੀ ਵਚਨਬੱਧਤਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਕੱਲੇ ਜਲੰਧਰ ਜ਼ਿਲ੍ਹੇ ਵਿੱਚ ਬਿਜਲੀ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ 273 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਉਨ੍ਹਾਂ ਨੇ ਪੰਜਾਬ ਸਰਕਾਰ ਦੀ ਮੁਫ਼ਤ ਬਿਜਲੀ ਸਪਲਾਈ ਸਕੀਮ ਦੀ ਸਫ਼ਲਤਾ ਬਾਰੇ ਬੋਲਦਿਆਂ ਦੱਸਿਆ ਕਿ ਸੂਬੇ ਵਿੱਚ ਬਿਨ੍ਹਾਂ ਕਿਸੇ ਭੇਦਭਾਵ ਦੇ 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਦੌਰਾਨ ਬਿਜਲੀ ਖਪਤਕਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਪ੍ਰਾਪਤ ਕਰਨ ਲਈ ਨਿਰੀਖਣ ਕਰਵਾਉਣ ਤੋਂ ਇਲਾਵਾ ਅਰਜ਼ੀਆਂ ਦੇਣੀਆਂ ਪੈਂਦੀਆਂ ਸਨ ਜਦਕਿ ਮੌਜੂਦਾ ਸਰਕਾਰ ਵਲੋਂ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਮੁਫ਼ਤ ਬਿਜਲੀ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ 90 ਫੀਸਦੀ ਬਿਜਲੀ ਉਪਭੋਗਤਾਵਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ 800 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਗਿਆ ਹੈ।
ਉਨ੍ਹਾਂ ਵਲੋਂ ਪਿਛਲੀ ਸਰਕਾਰ ਦੁਆਰਾ ਅਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਪਛਵਾੜਾ (ਝਾਰਖੰਡ) ਕੋਲਾ ਖਾਣ ਬੰਦ ਕਰਨ ਦੀ ਅਚੋਲਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ ਇਸ ਨੂੰ ਮੁੜ ਸ਼ੁਰੂ ਕਰਨ ਨਾਲ ਸੂਬੇ ਨੂੰ 1000 ਕਰੋੜ ਰੁਪਏ ਦਾ ਲਾਭ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਥਰਮਲ ਪਲਾਂਟ ਨੂੰ 1080 ਕਰੋੜ ਰੁਪਏ ਵਿੱਚ ਖਰੀਦ ਕਰਨ ਨਾਲ 300 ਕਰੋੜ ਰੁਪਏ ਦਾ ਲਾਭ ਹੋਇਆ ਹੈ, ਜਿਸ ਨੇ ਪੀ.ਐਸ.ਪੀ.ਸੀ.ਐਲ. ਨੂੰ ਘਾਟੇ ਵਿਚੋਂ ਕੱਢ ਕੇ ਮੁਨਾਫ਼ੇ ਵਾਲੀ ਸੰਸਥਾ ਬਣਾ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਵਲੋਂ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਮਹੱਤਵਪੂਰਨ ਭਰਤੀ ਯਤਨਾਂ ਅਤੇ ਸੋਲਰ ਊਰਜਾ ਦੇ ਖੇਤਰ ਵਿੱਚ ਉਠਾਏ ਜਾ ਰਹੇ ਕ੍ਰਾਂਤੀਕਾਰੀ ਕਦਮਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਬਿਜਲੀ ਦੇ ਖੇਤਰ ਵਿੱਚ ਕੀਤੇ ਜਾ ਰਹੇ ਇਹ ਆਧੁਨਿਕ ਯਤਨ ਸੂਬੇ ਦੇ ਸਰਵਪੱਖੀ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਊਂਦੇ ਹਨ।
ਵਿਧਾਇਕ ਇੰਦਰਜੀਤ ਕੌਰ ਮਾਨ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ 37 ਪਿੰਡਾਂ ਨੂੰ ਲਾਭ ਪਹੁੰਚਾਏਗਾ।
ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਬੀਰ ਪਿੰਡ, ਲਿੱਤਰਾਂ, ਮੀਰਾਪੁਰ, ਸਿੱਧਵਾਂ, ਸੰਗੇ ਜਾਗੀਰ, ਸੰਗੇ ਖਾਲਸਾ, ਨਵਾਂ ਪਿੰਡ ਅਰਾਈਆਂ, ਪੰਡੋਰੀ ਜਾਗੀਰ, ਮਾਊਂਵਾਲ, ਸ਼ੰਕਰ, ਮੁਜੱਫ਼ਰਪੁਰ, ਉਪੱਲ ਖਾਲਸਾ, ਉਪੱਲ ਜਾਗੀਰ, ਰਾਮਪੁਰ, ਹਰਦੋਸ਼ੇਖ, ਭੰਡਾਲ ਬੂਟਾ, ਭੰਡਾਰ ਹਿੰਮਤ, ਕੋਟਲਾ ਮੁਹੱਲਾ, ਭੰਗਾਲਾ, ਨਕੋਦਰ ਸ਼ਹਿਰ ਸੁੰਨਰ ਕਲਾਂ, ਪਬਵਾਂ, ਢੱਲਾ, ਨੱਤਾ, ਸਿਆਣੀਵਾਲ, ਆਲੋਵਾਲ, ਢੇਹਰੀਆਂ, ਮੁਹੇਮ, ਸਮਸ਼ਾਬਾਦ, ਸ਼ੰਕਰ, ਸਰੀਹ, ਚੱਕ ਕਲਾਂ, ਚੱਕ ਮੁਗਲਾਂ, ਹੂਸੈਨਾਬਾਦ, ਟਾਹਲੀ, ਕੰਦੋਲਾ, ਕਲਾਨੰਦ ਗੁੰਮਟਾਲਾ ਪਿੰਡਾਂ ਦੇ ਵਾਸੀਆਂ ਲਈ ਵੱਡੀ ਰਾਹਤ ਪ੍ਰਦਾਨ ਕਰਨ ਤੋਂ ਇਲਾਵਾ ਇਲਾਕੇ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਏਗਾ।
ਇਸ ਮੌਕੇ ਚੇਅਰਮੈਨ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਚੰਦਨ ਗਰੇਵਾਲ, ਮੁੱਖ ਇੰਜੀਨੀਅਰ ਪੀਐਸਪੀਸੀਐਲ ਰਮੇਸ਼ ਕੁਮਾਰ ਸਾਰੰਗਲ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਮੰਗਲ ਬੱਸੀ, ਐਸ.ਡੀ.ਐਮ. ਨਕੋਦਰ ਲਾਲ ਵਿਸ਼ਵਾਸ ਬੈਂਸ, ਸੀਨੀਅਰ ਆਪ ਆਗੂ ਰਾਜਵਿੰਦਰ ਕੌਰ ਥਿਆੜਾ, ਪਰਮਿੰਦਰ ਸਿੰਘ ਪੰਡੋਰੀ, ਪਵਨ ਕੁਮਾਰ ਟੀਨੂੰ ਅਤੇ ਹੋਰ ਵੀ ਹਾਜਰ ਸਨ।