ਯੈੱਸ ਪੰਜਾਬ
ਜਲੰਧਰ 17 ਅਪ੍ਰੈਲ, 2025
Kapurthala ਚੌਂਕ, ਜਲੰਧਰ ਵਿਖੇ ਸ੍ਰੀ Guru Ram Das ਜੀ ਦੇ ਨਾਂਅ ’ਤੇ ਬਣੀ Improvement Trust ਦੀ ਮਾਰਕੀਟ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਪੁਰਜ਼ੋਰ ਵਿਰੋਧ ਦਾ ਮਾਮਲਾ ਵੀਰਵਾਰ ਨੂੰ ਤੂਲ ਫ਼ੜ ਗਿਆ।
ਮਾਰਕੀਟ ਦੇ ਦੁਕਾਨਦਾਰਾਂ, ਡਾਕਟਰਾਂ, ਸ਼ਹਿਰ ਦੇ ਪਤਵੰਤਿਆਂ ਅਤੇ ਸਿੱਖ ਜਥੇਬੰਦੀਆਂ ਦੇ ਭਾਰੀ ਵਿਰੋਧ ਦੇ ਚੱਲਦਿਆਂ ਇਹ ਠੇਕਾ ਬੰਦ ਕਰਵਾ ਦਿੱਤਾ ਗਿਆ।
ਗੁਰੂ ਸਾਹਿਬ ਦੇ ਨਾਂਅ ’ਤੇ ਬਣੀ ਮਾਰਕੀਟ ਵਿੱਚ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦਾ ਵਿਰੋਧ ਕਰ ਰਹੇ ਦੁਕਾਨਦਾਰਾਂ ਦੀ ਹਮਾਇਤ ਵਿੱਚ ਸਿੱਖ ਅਤੇ ਨਿਹੰਗ ਜਥੇਬੰਦੀਆਂ ਦੇ ਉੱਤਰ ਆਉਣ ਬਾਅਦ ਮਾਹੌਲ ਉਸ ਵੇਲੇ ਹੰਗਾਮੇ ਭਰਪੂਰ ਹੋ ਗਿਆ ਜਦ ਕੌਂਸਲਰ ਸ਼ੈਰੀ ਚੱਢਾ ਆਪਣੇ ਸਮਰਥਕਾਂ ਨਾਲ ਮੌਕੇ ’ਤੇ ਪੁੱਜ ਕੇ ਠੇਕਾ ਬੰਦ ਕਰਵਾਉਣ ਪੁੱਜੀਆਂ ਜਥੇਬੰਦੀਆਂ ਦੇ ਵਿਰੋਧ ਵਿੱਚ ਖੜ੍ਹੇ ਨਜ਼ਰ ਆਏ।
ਠੇਕਾ ਬੰਦ ਕਰਵਾਉਣ ਵਾਲੀਆਂ ਧਿਰਾਂ ਨੇ ਕਿਹਾ ਕਿ ਇਹ ਬੜੀ ਹੈਰਾਨੀ ਅਤੇ ਅਫ਼ਸੋਸ ਦੀ ਗੱਲ ਹੈ ਕਿ ਸ਼ੈਰੀ ਚੱਢਾ ਗੁਰੂ ਸਾਹਿਬ ਦੇ ਨਾਂਅ ’ਤੇ ਬਣੀ ਮਾਰਕੀਟ ਵਿੱਚ ਠੇਕਾ ਖੁਲ੍ਹਵਾਉਣ ਦੀ ਪੈਰਵੀ ਕਰਨ ਲਈ ਪੁੱਜੇ ਹਨ। ਉਨ੍ਹਾਂ ਦੇ ਇੱਸ ਸਟੈਂਡ ਦਾ ਭਰਪੂਰ ਵਿਰੋਧ ਹੋਇਆ ਜਿਸ ਮਗਰੋਂ ਉਨ੍ਹਾਂ ਸੁਰ ਬਦਲਦੇ ਹੋਏ ਆਖ਼ਿਆ ਕਿ ਠੇਕਾ ਬੰਦ ਕਰਵਾਉਣਾ ਹੈ ਤਾਂ ਕਾਨੂੰਨੀ ਤਰੀਕੇ ਨਾਲ ਕਰਵਾਇਆ ਜਾਵੇ।
ਮਾਹੌਲ ਨੂੰ ਵੇਖ਼ਦਿਆਂ ਪੁਲਿਸ ਬਲ ਮੌਕੇ ’ਤੇ ਤਾਇਨਾਤ ਕੀਤਾ ਗਿਆ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਹੀ ਠੇਕੇ ਵਾਲੀ ਦੁਕਾਨ ਦਾ ਸ਼ਟਰ ਸੁੱਟਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਮਾਰਕੀਟ ਵਿੱਚ ਡਾਕਟਰਾਂ ਦੇ ਕਲੀਨਿਕ, ਸਕੈਨਿੰਗ ਸੈਂਟਰ, ਰੈਸਟੋਰੈਂਟ ਅਤੇ ਹੋਰ ਐਸੀਆਂ ਦੁਕਾਨਾਂ ਹਨ ਜਿੱਥੇ ਲੋਕ ਮਹਿਲਾਵਾਂ ਅਤੇ ਪਰਿਵਾਰਾਂ ਸਣੇ ਆਉਂਦੇ ਹਨ ਅਤੇ ਮਾਰਕੀਟ ਗੁਰੂ ਸਾਹਿਬ ਦੇ ਨਾਂਅ ’ਤੇ ਹੋਣ ਕਰਕੇ ਇਸ ਠੇਕੇ ਦਾ ਵਿਰੋਧ ਕੀਤਾ ਜਾ ਰਿਹਾ ਸੀ।
ਡਾ: ਇੰਦਰਜੀਤ ਸਿੰਘ ਮਰਵਾਹ, ਡਾ:ਰਮੇਸ਼ ਸ਼ਰਮਾ ਅਤੇ ਹਰਵਿੰਦਰ ਸਿੰਘ ਡਿੰਪਲ ਸਣੇ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਇਸ ਸੰਬੰਧ ਵਿੱਚ ਪ੍ਰਸ਼ਾਸ਼ਨ ਅਤੇ ਐਕਸਾਈਜ਼ ਵਿਭਾਗ ਤਕ ਵੀ ਪਹੁੰਚ ਕੀਤੀ ਗਈ ਸੀ ਪਰ ਗੱਲ ਕਿਸੇ ਨਤੀਜੇ ’ਤੇ ਨਹੀਂ ਅੱਪੜੀ ਸੀ।
ਮਾਰਕੀਟ ਐਸੋਸੀਏਸ਼ਨ ਨੇ ਠੇਕੇਦਾਰ ਦੇ ਨਾਲ ਨਾਲ ਦੁਕਾਨ ਮਾਲਕ ਨੂੰ ਵੀ ਅਪੀਲਾਂ ਕੀਤੀਆਂ ਸਨ ਕਿ ਉਹ ਗੁਰੂ ਸਾਹਿਬ ਦੇ ਨਾਂਅ ’ਤੇ ਬਣੀ ਮਾਰਕੀਟ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਤੋਂ ਗੁਰੇਜ਼ ਕਰਨ ਅਤੇ ਮਾਰਕੀਟ ਵਿੱਚ ਆਉਣ ਜਾਣ ਵਾਲੇ ਲੋਕਾਂ ਲਈ ਵੀ ਪਰੇਸ਼ਾਨੀ ਦਾ ਸਬੱਬ ਨਾ ਬਣਨ।
ਇਸ ਮੌਕੇ ਬਾਬਾ ਲਖਬੀਰ ਸਿੰਘ ਮੁਖੀ ਤਰਨਾ ਦਲ, ਪ੍ਰੋ: ਐੱਮ.ਪੀ. ਸਿੰਘ, ਜਤਿੰਦਰ ਸਿੰਘ ਮਝੈਲ, ਮਨਜੀਤ ਸਿੰਘ ਕਰਤਾਰਪੁਰ, ਗਗਨਦੀਪ ਸਿੰਘ ਨਾਗੀ ਅਤੇ ਹੋਰ ਬਹੁਤ ਸਾਰੇ ਲੋਕ ਮੌਜੂਦ ਸਨ।