Saturday, July 6, 2024
spot_img
spot_img
spot_img
spot_img

ਭਾਈ ਅੰਮ੍ਰਿਤਪਾਲ ਸਿੰਘ ਨੂੰ ਸਿਰਫ ਸਹੁੰ ਚੁੱਕਣ ਲਈ ਨਹੀਂ ਬਲਕਿ ਬਤੌਰ MP ਕੰਮ ਕਰਨ ਵਾਸਤੇ ਵੀ ਪੈਰੋਲ ਦਿੱਤੀ ਜਾਵੇ: DSGMC

ਯੈੱਸ ਪੰਜਾਬ
ਨਵੀਂ ਦਿੱਲੀ, 3 ਜੁਲਾਈ, 2024

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਖਡੂਰ ਸਾਹਿਬ ਤੋਂ ਚੋਣ ਜਿੱਤਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਿਰਫ 5 ਜੁਲਾਈ ਨੂੰ ਸਹੁੰ ਚੁੱਕਣ ਵਾਸਤੇ ਹੀ ਨਹੀਂ ਬਲਕਿ ਬਤੌਰ ਐਮ ਪੀ ਕੰਮਕਾਜ ਕਰਨ ਵਾਸਤੇ ਵੀ ਛੋਟ ਮਿਲਣੀ ਚਾਹੀਦੀ ਹੈ।

ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਖਡੂਰ ਸਾਹਿਬ ਤੇ ਫਰੀਦਕੋਟ ਦੀ ਸੰਗਤ ਦਾ ਧੰਨਵਾਦ ਕੀਤਾ ਜਿਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਝੋਲੀ ਜਿੱਤ ਪਾਈ। ਉਹਨਾਂ ਕਿਹਾ ਕਿ ਇਥੇ ਸੰਗਤ ਨੇ ਪੰਥਕ ਲਹਿਰ ਦੀ ਮਿਸਾਲ ਕਾਇਮ ਕੀਤੀ ਅਤੇ ਦੱਸਿਆ ਕਿ ਜਿਥੇ ਪੰਥਕ ਦਰਦ ਹੋਵੇਗਾ, ਲੋਕ ਉਹਨਾਂ ਦੇ ਨਾਲ ਹਨ।

ਉਹਨਾਂ ਕਿਹਾ ਕਿ ਅਸੀਂ ਅੱਜ ਦੇਸ਼ ਦੀ ਸਰਕਾਰ ਤੇ ਲੋਕ ਸਭਾ ਦੇ ਸਪੀਕਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਜ਼ਿੰਮੇਵਾਰੀ ਸੰਗਤ ਨੇ ਭਾਈ ਅੰਮ੍ਰਿਤਪਾਲ ਦੀ ਲਗਾਈ ਹੈ, ਉਹ ਜ਼ਿੰਮੇਵਾਰੀ ਪੂਰੀ ਕਰਨ ਦੀ ਖੁੱਲ੍ਹ ਦਿੱਤੀ ਜਾਵੇ ਤੇ ਪੈਰੋਲ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਸਿਰਫ ਸਹੁੰ ਚੁੱਕਣ ਤੱਕ ਹੀ ਨਹੀਂ ਬਲਕਿ ਸੰਗਤਾਂ ਨੂੰ ਮਿਲਕੇ ਲੋਕਾਂ ਦੀ ਤਕਲੀਫ ਸੰਸਦ ਵਿਚ ਲਿਆ ਸਕਣ।

ਉਹਨਾਂ ਕਿਹਾ ਕਿ ਅੱਜ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣ ਗਈ ਹੈ। ਉਹਨਾਂ ਕਿਹਾ ਕਿ ਜਦੋਂ ਸੰਸਦ ਵਿਚ ਪ੍ਰਤੀਨਿਧ ਪਹੁੰਚ ਗਿਆ ਤਾਂ ਕਿਸੇ ਤਰੀਕੇ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਸਹੁੰ ਚੁੱਕਣੀ ਸੰਵਿਧਾਨ ਮੁਤਾਬਕ ਹੱਕ ਹੈ, ਇਹ ਕਿਸੇ ਤੋਂ ਖੋਹਿਆ ਨਹੀਂ ਜਾਣਦਾ ਚਾਹੀਦਾ।

ਉਹਨਾਂ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਸਪੀਕਰ ਨੂੰ ਬੇਨਤੀ ਕੀਤੀ ਕਿ ਪੈਰੋਲ ਵਿਚ ਵਾਧਾ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਰਾਜਨੀਤਕ ਲੋਕ ਇਸਦਾ ਲਾਹਾ ਲੈਣ ਦੇ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ ਤੇ ਪੰਥਕ ਏਜੰਡੇ ’ਤੇ ਰਹੀ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨਾਲ ਕਿਸੇ ਤਰੀਕੇ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੰਵਿਧਾਨਕ ਹੱਕ ਕਿਸੇ ਦਾ ਵੀ ਖੋਹਿਆ ਨਹੀਂ ਜਾਣਾ ਚਾਹੀਦਾ।

- Advertisment -spot_img

ਅਹਿਮ ਖ਼ਬਰਾਂ