ਯੈੱਸ ਪੰਜਾਬ
ਗੁਰਦਾਸਪੁਰ, 29 ਨਵੰਬਰ, 2022:
ਬਟਾਲਾ ਦੇ ਪਿੰਡ ਸ਼ੇਖੋਪੁਰ ਵਿਖ਼ੇ ਬੀਤੀ ਰਾਤ ਲਗਪਗ 12 ਵਜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਅਕਾਲੀ ਵਰਕਰ ਅਜੀਤ ਪਾਲ ਸਿੰਘ ਦਾ ਉਸਦੇ ਨਾਲ ਜਾ ਰਿਹਾ ਦੋਸਤ ਹੀ ਕਾਤਲ ਨਿਕਲਿਆ ਹੈ ਅਤੇ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਖ਼ਬਰ ਇਹ ਆ ਰਹੀ ਸੀ ਕਿ ਰਾਤ ਨੂੰ ਇਕ ਸਮਾਗਮ ਤੋਂ ਵਾਪਸੀ ਕਰ ਰਹੇ ਅਜੀਤ ਪਾਲ ਸਿੰਘ ਅਤੇ ਉਸਦੇ ਦੋਸਤ ਅੰਮ੍ਰਿਤਪਾਲ ਸਿੰਘ ਦੀ ਗੱਡੀ ਰੋਕ ਕੇ ਕੁਝ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਜਿਸ ਨਾਲ ਅਜੀਤ ਪਾਲ ਸਿੰਘ ਦੀ ਮੌਤ ਹੋ ਗਈ। ਇਸ ਮਗਰੋਂ ਅਜੀਤ ਪਾਲ ਸਿੰਘ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਇਸ ਕੇਸ ਦੀ ਗੁੱਥੀ ਸੁਲਝਾਉਂਦਿਆਂ ਹੁਣ ਦਾਅਵਾ ਕੀਤਾ ਹੈ ਕਿ ਆਪਣੇ ਹੀ ਦੋਸਤ ਨਾਲ ਖੁੰਦਕ ਅਤੇ ਸ਼ਰੀਕੇਬਾਜ਼ੀ ਦੇ ਚੱਲਦਿਆਂ ਅੰਮ੍ਰਿਤਪਾਲ ਸਿੰਘ ਨੇ ਖ਼ੁਦ ਹੀ ਆਪਣੇ ਦੋਸਤ ਅਜੀਤ ਪਾਲ ਸਿੰਘ ਦਾ ਕਤਲ ਕੀਤਾ ਸੀ। ਉਸ ਨੇ ਇਕ ਹੋਰ ਸਾਥੀ ਦੇ ਨਾਲ ਅਜੀਤ ਪਾਲ ਸਿੰਘ ਦਾ ਕਤਲ ਕਿਤੇ ਹੋਰ ਕਰਕੇ ਇਸ ਵਾਰਦਾਤ ਨੂੰ ਹਾਈਵੇਅ ’ਤੇ ਕੀਤੀ ਗਈ ਵਾਰਦਾਤ ਦਿਖਾਉਣ ਲਈ ਸਾਰਾ ਡਰਾਮਾ ਰਚਿਆ ਕਿ ਕੋਈ ਵਿਅਕਤੀ ਕਾਰ ਵਿੱਚ ਆ ਕੇ ਅਜੀਤ ਪਾਲ ਸਿੰਘ ’ਤੇ ਗੋਲੀਆਂ ਚਲਾ ਗਏ। ਇਸ ਤੋਂ ਬਾਅਦ ਇਹ ਆਪ ਹੀ ਉਸਨੂੰ ਅੰਮ੍ਰਿਤਸਰ ਦੇ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ