ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 19 ਅਪ੍ਰੈਲ, 2025
ਤਾਲਾਹਾਸੀ ਵਿਖੇ Florida University ਵਿਚ ਇਕ ਸਥਾਨਕ ਪੁਲਿਸ ਅਫਸਰ ਦੇ ਪੁੱਤਰ ਵੱਲੋਂ ਕੀਤੀ ਗੋਲੀਬਾਰੀ ਵਿਚ 2 ਮੌਤਾਂ ਹੋਣ ਤੇ 6 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ।
ਐਫ ਐਸ ਯੂ ਪੁਲਿਸ ਮੁਖੀ ਜੈਸਨ ਟਰਮਬੋਅਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਦੋਸ਼ੀ ਦੀ ਪਛਾਣ 20 ਸਾਲਾ ਫੋਨਿਕਸ ਲਕਨਰ ਵਜੋਂ ਹੋਈ ਹੈ। ਇਹ ਘਟਨਾ ਸਵੇਰੇ 11.50 ਵਜੇ ਦੇ ਕਰੀਬ ਵਾਪਰੀ।
ਉਨਾਂ ਕਿਹਾ ਕਿ ਕਈ ਵਿਦਿਆਰਥੀਆਂ ਨੇ ਇਧਰ ਉਪਰ ਲੁਕ ਕੇ ਆਪਣੀ ਜਾਨ ਬਚਾਈ। ਮੌਕੇ ਉਪਰ ਇਕ ਤਰਾਂ ਹਫੜਾਦਫੜੀ ਵਾਲਾ ਮਾਹੌਲ ਬਣ ਗਿਆ। ਤਾਲਾਹਾਸੀ ਪੁਲਿਸ ਮੁਖੀ ਲਾਰੈਂਸ ਰੈਵੈਲ ਨੇ ਕਿਹਾ ਹੈ ਕਿ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਤੁਰੰਤ ਮੌਕੇ ਉਪਰ ਪੁੱਜੇ ਤੇ ਉਨਾਂ ਨੇ ਹਮਲਾਵਰ ਨੂੰ ਹਥਿਆਰ ਸੁੱਟ ਦੇਣ ਲਈ ਕਿਹਾ।
ਹਮਲਾਵਰ ਵੱਲੋਂ ਆਦੇਸ਼ ਨਾ ਮੰਨਣ ‘ਤੇ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਨੂੰ ਹਿਰਾਸਤ ਵਿਚ ਲੈ ਕੇ ਜਖਮੀ ਹਾਲਤ ਵਿੱਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 2 ਜਣਿਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ ਜਦ ਕਿ ਜ਼ਖਮੀ ਹੋਏ 6 ਜਣੇ ਤਾਲਾਹਾਸੀ ਮੈਮੋਰੀਅਲ ਹੈਲਥਕੇਅਰ ਵਿਚ ਇਲਾਜ ਅਧੀਨ ਹਨ। ਪੁਲਿਸ ਨੂੰ ਮੌਕੇ ‘ਤੇ ਇਕ ਹੈਂਡਗੰਨ ਬਰਾਮਦ ਹੋਈ ਜੋ ਸ਼ੱਕੀ ਦੀ ਮਾਂ ਦੀ ਹੈ ਜੋ ਪਿਛਲੇ ਲੰਬੇ ਸਮੇ ਤੋਂ ਲਿਓਨ ਕਾਊਂਟੀ ਸ਼ੈਰਿਫ ਦਫਤਰ ਵਿਚ ਡਿਪਟੀ ਵਜੋਂ ਤਾਇਨਾਤ ਹੈ।