ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 13 ਅਪ੍ਰੈਲ, 2025
New York ਵਿਚ Hudson ਦਰਿਆ ਵਿੱਚ ਡਿੱਗ ਕੇ ਇਕ ਜਹਾਜ਼ ਦੇ ਤਬਾਹ ਹੋ ਜਾਣ ਦੇ ਇਕ ਦਿਨ ਬਾਅਦ ਇਕ ਹੋਰ ਛੋਟਾ ਜਹਾਜ਼ ਤਬਾਹ ਹੋ ਕੇ ਜ਼ਮੀਨ ਉਪਰ ਡਿੱਗ ਜਾਣ ਦੀ ਖਬਰ ਹੈ ਜਿਸ ਵਿਚ ਸਵਾਰ Pilot ਸਮੇਤ ਸਾਰੇ 3 ਯਾਤਰੀ ਮਾਰੇ ਗਏ। ਜਹਾਜ਼ ਬੋਕਾ ਰੈਟਨ, Florida ਵਿਚ ਉਡਾਨ ਭਰਨ ਤੋਂ ਕੁਝ ਮਿੰਟਾਂ ਬਾਅਦ ਜ਼ਮੀਨ ਉਪਰ ਡਿੱਗ ਗਿਆ।
ਸੰਘੀ ਹਵਬਾਜ਼ੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੁੱਢਲੀ ਰਿਪੋਰਟ ਅਨੁਸਾਰ ਇਹ ਘਟਨਾ ਸਥਾਨਕ ਸਮੇ ਅਨੁਸਾਰ ਸਵੇਰੇ 10.20 ਵਜੇ ਦੇ ਆਸਪਾਸ ਵਾਪਰੀ ਹੈ। ਬੋਕਾ ਰੈਟਨ ਹਵਾਈ ਅੱਡੇ ਤੋਂ ਟੈਲਾਹਸੀ ਲਈ ਉਡਾਨ ਭਰਨ ਤੋਂ ਬਾਅਦ ਤਕਰੀਬਨ ਇਕ ਮੀਲ ਦੀ ਦੂਰੀ ‘ਤੇ ਇੰਜਣ ਵਿਚ ਆਈ ਅਚਾਨਕ ਖਰਾਬੀ ਕਾਰਨ ਜਹਾਜ਼ ਡਾਵਾਂਡੋਲ ਹੋ ਗਿਆ। ਬੋਕਾ ਰੈਟਨ ਅਸਿਸਟੈਂਟ ਫਾਇਰ ਚੀਫ ਮੀਚੇਲ ਲਾਸਾਲ ਨੇ ਕਿਹਾ ਹੈ ਕਿ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਹੈ।
ਉਨਾਂ ਕਿਹਾ ਕਿ ਇਸ ਘਟਨਾ ਵਿਚ ਜ਼ਮੀਨ ਉਪਰ ਆਪਣੀ ਕਾਰ ਵਿਚ ਜਾ ਰਿਹਾ ਇਕ ਵਿਅਕਤੀ ਵੀ ਜ਼ਖਮੀ ਹੋਇਆ ਹੈ। ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ ਪਰੰਤੂ ਉਸ ਦੇ ਜ਼ਖਮ ਜਾਨ ਲੇਵਾ ਨਹੀਂ ਹਨ ਤੇ ਉਸ ਦੀ ਹਾਲਤ ਠੀਕ ਹੈ। ਜਹਾਜ਼ ਨੇ 10.13 ਵਜੇ ਉਡਾਣ ਭਰਨ ਤੋਂ ਬਾਅਦ ਕੁਝ ਮਿੰਟਾਂ ਲਈ ਹਵਾਈ ਅੱਡੇ ਉਪਰ ਚੱਕਰ ਲਾਇਆ ਤੇ ਬਾਅਦ ਵਿਚ ਰਾਡਾਰ ਵਿਚੋਂ ਗਾਇਬ ਹੋ ਗਿਆ।
ਇਕ ਸੰਘੀ ਹਵਾਬਾਜ਼ੀ ਅਧਿਕਾਰੀ ਅਨੁਸਾਰ ਤਬਾਹ ਹੋਇਆ ਜਹਾਜ਼ 6 ਸੀਟਾਂ ਵਾਲਾ ਦੋ ਇੰਜਣਾਂ ਵਾਲਾ ਸੈਸਨਾ ਸੀ 310 ਜਹਾਜ਼ ਸੀ। ਇਸ ਸਬੰਧੀ ਅਧਿਕਾਰੀ ਨੇ ਹੋਰ ਕੋਈ ਵੇਰਵਾ ਨਹੀਂ ਦੱਸਿਆ ਹੈ ਤੇ ਨਾ ਹੀ ਘਟਨਾ ਵਿਚ ਮਾਰੇ ਗਏ ਵਿਅਕਤੀਆਂ ਦੇ ਨਾਂ ਜਾਰੀ ਕੀਤੇ ਹਨ।