ਯੈੱਸ ਪੰਜਾਬ
ਚੰਡੀਗੜ੍ਹ, 22 ਅਗਸਤ, 2024
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਅਤੇ ਕੁਸ਼ਲ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਵਚਨਬੱਧਤਾ ਦੇ ਨਾਲ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਪੀ.ਐਸ.ਪੀ.ਸੀ.ਐਲ ਦੇ ਤਕਨੀਕੀ ਆਡਿਟ ਅਤੇ ਨਿਰੀਖਣ ਵਿੰਗ ਦੇ ਅਧਿਕਾਰੀਆਂ ਨਾਲ ਰਿਵਿਊ ਮੀਟਿੰਗ ਕੀਤੀ।
ਮੀਟਿੰਗ ਦਾ ਉਦੇਸ਼ ਵਿੰਗ ਦੀਆਂ ਰਿਪੋਰਟਾਂ ਦੀ ਸਮੀਖਿਆ ਕਰਨਾ ਅਤੇ ਇਸ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ ਸੀ। ਇਸ ਦੌਰਾਨ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਵਿਭਾਗ ਦੁਆਰਾ ਕੀਤੇ ਗਏ ਨਿਰੀਖਣਾਂ ਦੇ ਅੰਕੜਿਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਅਤੇ ਉਹਨਾਂ ਦੀਆਂ ਗਤੀਵਿਧੀਆਂ ਬਾਰੇ ਵਿਆਪਕ ਜਾਣਕਾਰੀ ਲਈ।
ਬਿਜਲੀ ਮੰਤਰੀ ਨੇ ਸਖਤ ਗੁਣਵੱਤਾ ਨਿਯੰਤਰਣ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਪ੍ਰਾਈਵੇਟ ਵਿਕਰੇਤਾਵਾਂ ਤੋਂ ਡਿਲੀਵਰੀ ਸਵੀਕਾਰ ਕਰਨ ਤੋਂ ਪਹਿਲਾਂ ਟ੍ਰਾਂਸਫਾਰਮਰਾਂ ਅਤੇ ਹੋਰ ਸਮੱਗਰੀਆਂ ਦੀ ਜਾਂਚ ਦੌਰਾਨ ਪੂਰੀ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ। ਉਨ੍ਹਾ ਕਿਹਾ ਕਿ ਗੁਣਵੱਤਾ ਦੇ ਮਾਪਦੰਡਾਂ ‘ਤੇ ਢਿੱਲ-ਮੱਠ ਜਾਂ ਕੋਈ ਸਮਝੌਤਾ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਰਿਪੋਰਟਾਂ ਦੀ ਸਮੀਖਿਆ ਕਰਨ ਤੋਂ ਇਲਾਵਾ, ਬਿਜਲੀ ਮੰਤਰੀ ਨੇ ਖੇਤਰ ਵਿੱਚ ਦਰਪੇਸ਼ ਚੁਣੌਤੀਆਂ ਨੂੰ ਸਮਝਣ ਲਈ ਅਧਿਕਾਰੀਆਂ ਨਾਲ ਖੁੱਲ੍ਹੀ ਅਤੇ ਜਾਣਕਾਰੀ ਭਰਪੂਰ ਗੱਲਬਾਤ ਕੀਤੀ। ਉਨ੍ਹਾਂ ਕਿਹਾ ਇਹ ਗੱਲਬਾਤ ਉਨ੍ਹਾਂ ਨੂੰ ਸੰਚਾਲਨ ਦੀਆਂ ਪੇਚੀਦਗੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਸੁਧਾਰ ਲਈ ਖੇਤਰਾਂ ਦੀ ਪਛਾਣ ਕਰਨ ਦੇ ਹੋਰ ਯੋਗ ਬਣਾਏਗੀ।
ਮੀਟਿੰਗ ਦੌਰਾਨ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅਧਿਕਾਰੀਆਂ ਨੂੰ ਪੀ.ਐਸ.ਪੀ.ਸੀ.ਐਲ ਦੇ ਹਿੱਤਾਂ ਨੂੰ ਪਹਿਲ ਦੇਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਾਰਪੋਰੇਸ਼ਨ ਦੇ ਸਰਵੋਤਮ ਹਿੱਤਾਂ ਵਿੱਚ ਕੰਮ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਕਾਮਯਾਬੀ ਹਾਸਿਲ ਕਰਨ ਲਈ ਸਮੂਹਿਕ ਤੌਰ ‘ਤੇ ਯਤਨ ਕੀਤੇ ਜਾਣ।
ਮੀਟਿੰਗ ਵਿੱਚ ਮੁੱਖ ਇੰਜਨੀਅਰ, ਟੈਕਨੀਕਲ ਆਡਿਟ ਅਤੇ ਨਿਰੀਖਣ ਵਿੰਗ, ਇੰਜ. ਇੰਦਰਜੀਤ ਸਿੰਘ, ਡਿਪਟੀ ਚੀਫ ਇੰਜਨੀਅਰ ਇੰਜ ਅਰੁਣ ਗੁਪਤਾ ਅਤੇ ਵਿੰਗ ਦੇ ਵਧੀਕ ਨਿਗਰਾਨ ਇੰਜਨੀਅਰ ਅਤੇ ਸੀਨੀਅਰ ਕਾਰਜਕਾਰੀ ਇੰਜਨੀਅਰ ਸ਼ਾਮਲ ਹੋਏ।