ਯੈੱਸ ਪੰਜਾਬ
ਨੰਗਲ, 22 ਅਕਤੂਬਰ, 2024
ਪੰਜਾਬ ਰਾਜ ਨੂੰ ਮੁੜ ਰੰਗਲਾ ਪੰਜਾਬ ਬਨਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਕੌਸ਼ਿਸ਼ ਨੂੰ ਬੂਰ ਪੈਣ ਲੱਗਾ ਹੈ।
ਅੱਜ ਦੀ ਮਾਪੇ ਅਧਿਆਪਕ ਮਿਲਣੀ ਦੌਰਾਨ ਵੱਡੇ ਪੱਧਰ ਤੇ ਅਜਿਹੇ ਵਿਦਿਆਰਥੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਉਹ ਪਹਿਲਾਂ ਨਿੱਜੀ ਸਕੂਲ ਵਿੱਚ ਪੜ੍ਹਦੇ ਸਨ ਪ੍ਰੰਤੂ ਜਦੋਂ ਤੋਂ ਤੁਹਾਡੀ ਸਰਕਾਰ ਆਈ ਹੈ ਉਸ ਦਿਨ ਤੋਂ ਸਰਕਾਰੀ ਸਕੂਲਾਂ ਦੀ ਹਾਲਤ ਵਿੱਚ ਬਹੁਤ ਤੇਜ਼ੀ ਨਾਲ ਸੁਧਾਰ ਹੋਇਆ ਜਿਸ ਨਾਲ ਲੋਕਾਂ ਦੀ ਸਰਕਾਰੀ ਸਕੂਲਾਂ ਪ੍ਰਤੀ ਸੋਚ ਬਦਲ ਗਈ ਹੈ।
ਇਸ ਮੌਕੇ ਗੱਲ ਕਰਦਿਆਂ ਸਕੂਲ ਆਫ਼ ਐਮੀਨੈਸ ਨੰਗਲ ਦੀ ਪਲਸ 2 ਏਕਾਮਨਾ ਨੇ ਦੱਸਿਆ ਕਿ ਪਹਿਲਾਂ ਨੰਗਲ ਤੋਂ ਦਸ ਕਿਲੋਮੀਟਰ ਦੂਰ ਸਥਿਤ ਇਕ ਨਿੱਜੀ ਸਕੂਲ ਵਿੱਚ ਪੜ੍ਹਦੀ ਸੀ। ਉਸ ਨੇ ਦੱਸਿਆ ਕਿ ਇਥੇ ਜਿੰਨੀ ਫ਼ੀਸ ਘੱਟ ਹੈ ਉਨੀ ਹੀ ਵਧੀਆ ਪੜ੍ਹਾਈ ਅਤੇ ਸਹੂਲਤਾਂ ਹਨ।
ਇਸੇ ਤਰ੍ਹਾਂ ਪਲਸ 2 ਸਾਇੰਸ ਸਟਰੀਮ ਦੀ ਵਿਦਿਆਰਥਣ ਮਹਿਕਦੀਪ ਕੌਰ ਨੇ ਦੱਸਿਆ ਕਿ ਉਹ ਵੀ ਨਿੱਜੀ ਸਕੂਲ ਤੋਂ ਨਾਮ ਕਟਵਾ ਕੇ ਇਸ ਸਕੂਲ ਵਿੱਚ ਆਈ ਹੈ ਅਤੇ ਜਿਸ ਤਰੀਕੇ ਡਿਜੀਟਲ ਪੜ੍ਹਾਈ ਕਰਵਾਈ ਜਾਂਦੀ ਹੈ ਉਸ ਤਰ੍ਹਾਂ ਤਾਂ ਨਿੱਜੀ ਸਕੂਲ ਵਿੱਚ ਵੀ ਨਹੀਂ ਕਰਵਾਈ ਜਾਂਦੀ ਸੀ। ਉਨ੍ਹਾਂ ਕਿਹਾ ਇਸ ਸਕੂਲ ਵਿੱਚ ਆਉਣ ਤੋਂ ਬਾਅਦ ਮੈਂ ਸਮਰ ਕੈਂਪ ਅਤੇ ਵਿੰਟਰ ਕੈਪ ਲਗਾਇਆ ਜਿਸ ਨੇ ਮੇਰੀ ਸ਼ਖ਼ਸੀਅਤ ਵਿਚ ਬਹੁਤ ਨਿਖਾਰ ਲਿਆਂਦਾ।
ਇਸ ਮੌਕੇ ਬੋਲਦਿਆਂ ਦੀਆ ਜਸਵਾਲ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦੇ ਇਕ ਨਾਮੀ ਸਕੂਲ ਤੋਂ ਨਾਮ ਕਟਵਾ ਕੇ ਇਸ ਸਕੂਲ ਵਿੱਚ ਆਈ ਹੈ। ਉਸ ਨੇ ਦੱਸਿਆ ਕਿ ਮੇਰੇ ਪਹਿਲੇ ਸਕੂਲ ਦੀ ਫੀਸ ਬਹੁਤ ਜ਼ਿਆਦਾ ਸੀ ਪਰ ਜ਼ੋ ਪੜ੍ਹਾਈ ਸਾਨੂੰ ਇਥੇ ਕਰਵਾਈ ਜਾ ਰਹੀ ਹੈ ਉਸ ਤਰ੍ਹਾਂ ਦੀ ਪੜ੍ਹਾਈ ਪਹਿਲਾਂ ਕਦੀ ਨਹੀਂ ਹੋਈ ਸੀ।
ਭੂਮਿਕਾ ਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਕੂਲ ਵਿੱਚ ਜਿਸ ਤਰ੍ਹਾਂ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਉਸ ਤਰ੍ਹਾਂ ਦੀ ਤਿਆਰੀ ਕੋਚਿੰਗ ਸੈਂਟਰ ਵਾਲਿਆਂ ਵਲੋਂ ਵੀ ਨਹੀਂ ਕਰਵਾਈ ਜਾਂਦੀ।