ਯੈੱਸ ਪੰਜਾਬ
ਨਵੀਂ ਦਿੱਲੀ, 27 ਦਸੰਬਰ, 2024
DSGMC ਵੱਲੋਂ Mata Gujri Ji ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।
ਇਸ ਮੌਕੇ ਕਮੇਟੀ ਦੇ ਪ੍ਰਬੰਧ ਅਧੀਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ ਦਰਬਾਰ ਸਜਾਏ ਗਏ ਜਿਹਨਾਂ ਵਿਚ ਕੀਰਤਨੀ ਜੱਥਿਆਂ ਨੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਮੁੱਖ ਸਮਾਗਮ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਹੋਇਆ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸਰਹਿੰਦ ਵਿਖੇ ਸ਼ਹਾਦਤ ਨਾਲ ਹੀ ਖਾਲਸਾ ਪੰਥ ਦੀ ਨੀਂਹ ਰੱਖੀ ਗਈ ਤੇ ਪੰਥ ਹੋਰ ਮਜ਼ਬੂਤੀ ਵੱਲ ਤੁਰਿਆ।
ਉਹਨਾਂ ਕਿਹਾ ਕਿ ਅੱਜ ਮੀਂਹ ਤੇ ਝੱਖੜ ਦੀ ਪਰਵਾਹ ਨਾ ਕਰਦਿਆਂ ਸੰਗਤਾਂ ਜਿਸ ਤਰੀਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਪਹੁੰਚੀਆਂ ਹਨ, ਉਸ ਤੋਂ ਪਤਾ ਚਲਦਾ ਹੈ ਕਿ ਸੰਗਤਾਂ ਵਿਚ ਗੁਰੂ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਕਿੰਨਾ ਮੋਹ ਤੇ ਨਿੱਘ ਹੈ।
ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਥ ਵਾਸਤੇ ਆਪਣਾ ਸਰਬੰਸ ਵਾਰਿਆ ਪਰ ਉਹਨਾਂ ਦੇ ਮੱਥੇ ’ਤੇ ਕੋਈ ਸ਼ਿਕਨ ਨਹੀਂ ਆਈ ਕਿ ਉਹ ਕਿਵੇਂ ਆਪਣਾ ਪਰਿਵਾਰ ਪੰਥ ਵਾਸਤੇ ਵਾਰ ਰਹੇ ਹਨ। ਉਹਨਾਂ ਕਿਹਾ ਕਿ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਗੁਰੂ ਸਾਹਿਬ ਵੱਲੋਂ ਸਾਜੇ ਖਾਲਸਾ ਪੰਥ ਨੂੰ ਅਸੀਂ ਪਹਿਰੇਦਾਰ ਬਣ ਕੇ ਅੱਗੇ ਵਧਾਈਏ।
ਉਹਨਾਂ ਲੋਕਾਂ ਨੂੰ ਪ੍ਰੇਰਿਤ ਕਰੀਏ ਜੋ ਸਿੱਖ ਪੰਥ ਤੋਂ ਬਾਹਰ ਜਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਆਪਣੇ ਮੁਹੱਲਾ ਤੇ ਪਰਿਵਾਰ ਵਿਚ ਪੰਜ-ਪੰਜ ਜੀਆਂ ਨੂੰ ਵਾਪਸ ਸਿੱਖੀ ਸਰੂਪ ਵਿਚ ਲੈ ਕੇ ਆਈਏ, ਇਹ ਪ੍ਰਣ ਕਰ ਲਈਏ ਤਾਂ ਬਹੁਤ ਵੱਡਾ ਯੋਗਦਾਨ ਅਸੀਂ ਪੰਥ ਵਾਸਤੇ ਪਾ ਸਕਾਂਗੇ।
ਉਹਨਾਂ ਕਿਹਾ ਕਿ ਜਿਹਨਾਂ ਦੇ ਕਦਮ ਨਾਈਆਂ ਵੱਲ ਚਲ ਪਏ ਹਨ, ਉਹਨਾਂ ਨੂੰ ਵਾਪਸ ਲੈਣ ਦਾ ਪ੍ਰਣ ਅਸੀਂ ਕਰ ਲਈਏ ਤਾਂ ਸਾਡੇ ਦਿਹਾੜੇ ਮਨਾਉਣੇ ਸਫਲ ਹੋਣਗੇ। ਉਹਨਾਂ ਕਿਹਾ ਕਿ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਸ੍ਰੀ ਫਤਿਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਦਰਸ਼ਨ ਆਪਣੇ ਬੱਚਿਆਂ ਨੂੰ ਕਰਵਾਈਏ ਤਾਂ ਜੋ ਸਾਡੇ ਬੱਚੇ ਆਪਣੇ ਵਿਰਸੇ ਨਾਲ ਜੁੜਨ।
ਉਹਨਾਂ ਕਿਹਾ ਕਿ ਜਿਥੇ ਅਸੀਂ ਆਪਣੇ ਘਰਾਂ ਵਿਚ ਪਹਿਰੇ ਦੇਈਏ ਤੇ ਉਥੇ ਹੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਗੁਰੂ ਸਾਹਿਬ ਦੇ ਖਾਲਸਾ ਪਰਿਵਾਰ ਵਿਚ ਵੀ ਜ਼ਿੰਮੇਵਾਰੀ ਨਿਭਾਈਏ। ਉਹਨਾਂ ਕਿਹਾ ਕਿ ਜਦੋਂ ਅਸੀਂ ਸੱਚੇ ਦਿਲ ਨਾਲ ਕਿਸੇ ਨੂੰ ਮਨਾਉਣ ਦਾ ਯਤਨ ਕਰਦੇ ਹਾਂ ਤਾਂ ਗੁਰੂ ਸਾਹਿਬ ਆਪ ਸਫਲਤਾ ਬਖਸ਼ਦੇ ਹਨ।
ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦਤ ਦਾ ਵਰ੍ਹਾ ਸ਼ੁਰੂ ਹੋ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਦਿੱਲੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸਾਰਾ ਸਾਲ ਦੇਸ਼ ਭਰ ਵਿਚ ਅਸੀਂ ਇਹ ਦਿਹਾੜਾ ਮਨਾਵਾਂਗੇ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਦਕਾ ਹੀ ਅੱਜ ਮਨੁੱਖਤਾ ਜਿਉਂਦੀ ਹੈ।
ਉਹਨਾਂ ਕਿਹਾ ਕਿ ਅਸੀਂ ਫੈਸਲਾ ਲਿਆ ਹੈ ਕਿ ਜਿਹੜੇ ਜਿਹੜੇ ਅਸਥਾਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹਨ, ਉਹਨਾਂ ਦੇ ਪ੍ਰਬੰਧਕਾਂ ਨੂੰ ਸੱਦ ਕੇ ਪ੍ਰੋਗਰਾਮਾਂ ਨੂੰ ਉਲੀਕਾਂਗੇ। ਉਹਨਾਂ ਕਿਹਾ ਕਿ ਦਿੱਲੀ ਵਿਚ ਇਸਤਰੀ ਸਤਿਸੰਗ ਤੇ ਸਿੰਘ ਸਭਾਵਾਂ ਦੇ ਪ੍ਰਤੀਨਿਧਾਂ ਨੂੰ ਵੀ ਸੱਦ ਕੇ ਪ੍ਰੋਗਰਾਮ ਤੈਅ ਕਰਾਂਗੇ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਬਾਅਦ ਇਹ ਪ੍ਰੋਗਰਾਮ ਸ਼ੁਰੂ ਕਰਾਂਗੇ।
ਸਰਦਾਰ ਕਾਲਕਾ, ਸਰਦਾਰ ਕਾਹਲੋਂ ਅਤੇ ਸਰਦਾਰ ਕਰਮਸਰ ਨੇ ਕਿਹਾ ਤਿੰਨ ਸਾਲ ਪਹਿਲਾਂ ਭਾਰਤ ਸਰਕਾਰ ਨੇ ’ਵੀਰ ਬਾਲ ਦਿਵਸ’ ਮਨਾਉਣਾ ਸ਼ੁਰੂ ਕੀਤਾ ਸੀ ਤੇ ਅੱਜ ਦੇਸ਼ ਦੇ ਕੋਨੇ-ਕੋਨੇ ਵਿਚ ਸਥਾਨਕ ਭਾਸ਼ਾਵਾਂ ਵਿਚ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਘਰ-ਘਰ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਬਾਅਦ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਵੀ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਰਗਾ ਵੱਡਾ ਹਾਲ ਤਿਆਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਥੇ ਹੀ ਛੇ ਮੰਜ਼ਿਲਾ ਸਟਾਫ ਕੁਆਰਟਰ ਵੀ ਬਣ ਰਹੇ ਹਨ।
ਇਸ ਮੌਕੇ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਬਾਬਾ ਬਚਨ ਸਿੰਘ ਕਾਰ ਸੇਵਾ ਵਾਲੇ ਸਾਥੀਆਂ ਸਮੇਤ ਪਹੁੰਚੇ ਹੋਏ ਸਨ।