ਯੈੱਸ ਪੰਜਾਬ
ਨਵੀਂ ਦਿੱਲੀ, 13 ਅਪ੍ਰੈਲ, 2025
Delhi Sikh Gurdwara Committee ਵੱਲੋਂ ਖਾਲਸਾ ਸਾਜਨਾ ਦਿਵਸ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਕਮੇਟੀ ਅਧੀਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਧਾਰਮਿਕ ਦੀਵਾਨ ਸਜਾਏ ਗਏ ਜਦੋਂ ਕਿ ਮੁੱਖ ਸਮਾਗਮ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਕਰਵਾਇਆ ਗਿਆ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 13 ਅਪ੍ਰੈਲ 1699 ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਖਾਲਸਾਈ ਫੌਜ ਖੜ੍ਹੀ ਕੀਤੀ ਸੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ 14 ਜੰਗਾਂ ਲੜੀਆਂ ਤੇ ਸਾਰੀਆਂ ਵਿਚ ਫਤਿਹ ਹਾਸਲ ਕੀਤੀ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਵਿਲੱਖਣ ਰੂਪ ਦੇ ਕੇ ਖਾਲਸਾ ਸਾਜਿਆ। ਉਹਨਾਂ ਕਿਹਾ ਕਿ ਅੱਜ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਗੁਰੂ ਸਾਹਿਬ ਨਾਲ ਜੁੜੇ ਸਾਰੇ ਦਿਹਾੜੇ ਮਨਾਈਏ ਤੇ ਗੁਰੂ ਸਾਹਿਬ ਦਾ ਜਸ ਗਾਇਨ ਕਰੀਏ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਖਾਲਸਾ ਰੂਪ ਨੂੰ ਬਹੁਤ ਵਡਿਆਈ ਦਿੱਤੀ ਹੈ। ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਪੜ੍ਹਨ ਤੇ ਅਕਾਲ ਪੁਰਖ ਦੀ ਉਸਤਤ ਕਰਨ ਦਾ ਸੰਦੇਸ਼ ਦਿੱਤਾ।
ਇਸ ਮੌਕੇ ਦੋਵਾਂ ਆਗੂਆਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਦੀ ਆਰੰਭਤਾ 15 ਅਪ੍ਰੈਲ ਨੂੰ ਸਵੇਰੇ 11.00 ਵਜੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਕੀਤੀ ਜਾਵੇਗੀ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ। ਉਹਨਾਂ ਕਿਹਾ ਕਿ ਜਦੋਂ ਅਸੀਂ ਬਾਣੀ ਪੜ੍ਹਾਂਗੇ ਤਾਂ ਸਾਡਾ ਜੀਵਨ ਬਦਲੇਗਾ।
ਉਹਨਾਂ ਕਿਹਾ ਕਿ ਸਹਿਜ ਪਾਠਾਂ ਦੀ ਲੜੀ ਵਾਸਤੇ ਅਸੀਂ ਸੰਗਤਾਂ ਨੂੰ ਘਰਾਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਉਪਲਬਧ ਕਰਾਵਾਂਗੇ। ਜਿਹੜੇ ਘਰਾਂ ਵਿਚ ਸਰੂਪ ਸੁਸ਼ੋਭਿਤ ਕਰਨ ਲਈ ਥਾਂ ਨਹੀਂ, ਉਹਨਾਂ ਵਾਸਤੇ ਸੈਂਚੀਆਂ ਵੀ ਉਪਲਬਧ ਕਰਾਵਾਂਗੇ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ 200 ਦਿਨ ਦਾ ਸਮਾਂ ਸੰਗਤਾਂ ਕੋਲ ਹੈ, ਜਿਸ ਦੌਰਾਨ ਉਹ ਆਪਣੇ ਸਹਿਜ ਪਾਠ ਸੰਪੰਨ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ 25 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਲਾਲ ਕਿਲ੍ਹੇ ’ਤੇ ਬਹੁਤ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ।
ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ 18 ਅਪ੍ਰੈਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਦਿਹਾੜਾ ਹੈ ਜਿਸ ਦੌਰਾਨ ਗੁਰਦੁਆਰਾ ਸੀਸ਼ਗੰਜ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ।
ਉਹਨਾਂ ਦੱਸਿਆ ਕਿ 19 ਅਤੇ 20 ਅਪ੍ਰੈਲ ਨੂੰ ਦਿੱਲੀ ਫਤਿਹ ਦਿਵਸ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ 19 ਤਾਰੀਕ ਨੂੰ ਕੀਰਤਨ ਦਰਬਾਰ ਸਜਾਏ ਜਾਣਗੇ ਜਿਹਨਾਂ ਵਿਚ ਉੱਚ ਕੋਟੀ ਦੇ ਰਾਗੀ ਸਿੰਘ ਪਹੁੰਚਣਗੇ। 20 ਅਪ੍ਰੈਲ ਤਾਰੀਕ ਨੂੰ ਜਰਨੈਲੀ ਮਾਰਚ ਹੋਵੇਗਾ ਜਿਸ ਵਿਚ ਖਾਲਸਾਈ ਫੌਜ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਦਲ ਬਲ ਸ਼ਾਮਲ ਹੁੰਦਾ ਹੈ ਤੇ ਇਹ ਲਾਲ ਕਿਲ੍ਹੇ ’ਤੇ ਜਾ ਕੇ ਸਮਾਪਤ ਹੁੰਦਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਭਾਰਤ ਸਰਕਾਰ ਦੇ ਘੱਟ ਗਿਣਤੀ ਮੰਤਰਾਲੇ ਨਾਲ ਇਕ ਸਮਝੌਤਾ ਸਹੀਬੱਧ ਕੀਤਾ ਹੈ ਜਿਸ ਤਹਿਤ 30 ਹਜ਼ਾਰ ਸਿੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਾਸਤੇ ਸਕਿੱਲ ਡਵੈਲਪਮੈਂਟ ਕੋਰਸ ਮੁਫਤ ਵਿਚ ਕਰਵਾਏ ਜਾਣਗੇ। ਭਾਰਤ ਸਰਕਾਰ ਇਸ ਪ੍ਰੋਗਰਾਮ ’ਤੇ 100 ਕਰੋੜ ਰੁਪਏ ਖਰਚ ਕਰੇਗੀ।
ਉਹਨਾਂ ਕਿਹਾ ਕਿ ਇਹ ਕੋਰਸ ਕਰਨ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਉਹ ਆਪਣੇ ਕੰਮਕਾਜ ਵੀ ਸ਼ੁਰੂ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਕੋਰਸ ਉਪਰੰਤ ਲੋਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਨੇ ਇਹ ਕੋਰਸ ਕਰਨ ਦੇ ਇੱਛੁਕ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਹ ਕੋਰਸ ਕਰਨ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਸੰਪਰਕ ਕਰਨ।
ਇਸ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸਹਿਜ ਪਾਠਾਂ ਦੀ ਲੜੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ।