ਯੈੱਸ ਪੰਜਾਬ
ਅੰਮ੍ਰਿਤਸਰ, 12 ਦਸੰਬਰ, 2024
Khalsa College Governing Council ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਵਿਖੇ ਅੱਜ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਉੱਪ ਕੁਲਪਤੀ ਡਾ. ਮਹਿਲ ਸਿੰਘ ਅਤੇ ਹੋਰ ਕੌਂਸਲ ਮੈਂਬਰਾਂ ਦੀ ਮੌਜ਼ੂਦਗੀ ’ਚ Dr. Laxmi Chopra ਨੇ Principal ਵਜੋਂ ਸੰਭਾਲਿਆ। ਡਾ. ਚੋਪੜਾ ਜੋ ਕਿ ਕਰੀਬ 12 ਸਾਲ ਤੋਂ ਵਧੇਰੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਸਨ, ਨੂੰ ਵਿੱਦਿਅਕ ਖੇਤਰ ’ਚ ਖਾਸਾ ਮੁਹਾਰਤ ਹਾਸਲ ਹੈ।
ਇਸ ਮੌਕੇ ਸ: ਛੀਨਾ ਨੇ ਡਾ. ਚੋਪੜਾ ਦਾ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਦਾ ਉਕਤ ਕਾਲਜ ਕੌਂਸਲ ਅਧੀਨ ਆਇਆ ਸੀ, ਉਸ ਸਮੇਂ ਤੋਂ ਹੀ ਸ: ਨਾਨਕ ਸਿੰਘ ਪ੍ਰਿੰਸੀਪਲ ਵਜੋਂ ਮਾਣਮੱਤੀਆਂ ਸੇਵਾਵਾਂ ਸਦਕਾ ਬਿਰਾਜਮਾਨ ਸਨ। ਪਰ ਬੜੇ ਦੁਖੀ ਹਿਰਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਪਿਛਲੇ ਸਮੇਂ ਹੋਰ ਬਿਮਾਰ ਰਹਿਣ ਕਾਰਨ 17 ਨਵੰਬਰ 2024 ਨੂੰ ਅਕਾਲ ਚਲਾਣਾ ਕਰ ਗਏ। ਜਿਸ ਉਪਰੰਤ ਗਣਿਤ ਦੇ ਸੀਨੀਅਰ ਪ੍ਰੋਫੈਸਰ ਸ: ਅਮਰੀਕ ਸਿੰਘ ਇਸ ਕਾਲਜ ਵਿਖੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।
ਉਨ੍ਹਾਂ ਕਿਹਾ ਕਿ ਅਖੀਰ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕਰਨ ਵਾਲੀ ਡਾ. ਚੋਪੜਾ ਦੀ ਉਪਲਬੱਧੀਆਂ ਅਤੇ ਸੰਸਥਾ ਪ੍ਰਤੀ ਵਧੀਆ ਕਾਰਗੁਜ਼ਾਰੀ ਨੂੰ ਧਿਆਨ ’ਚ ਰੱਖਦੇ ਹੋਏ ਹੁਣ ਅੱਜ ਉਕਤ ਕਾਲਜ ਦੇ ਪ੍ਰਿੰਸੀਪਲ ਵਜੋਂ ਜਿੰਮੇਵਾਰੀ ਨਿਭਾਉਣ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ।
ਸ: ਛੀਨਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਜ਼ਦੀਕ ਸਥਾਪਿਤ ਲੜਕੀਆਂ ਦਾ ਇਹ ਕਾਲਜ ਸ਼ਹਿਰੀ ਅਤੇ ਦਿਹਾਤੀ ਖੇਤਰ ਦੀ ਮਨਪਸੰਦ ਸੰਸਥਾ ਹੈ। ਜਿਸ ’ਚ ਦੂਰ-ਦੁਰਾਂਡੇ ਤੋਂ ਲੜਕੀਆਂ ਵਿੱਦਿਆ ਹਾਸਲ ਕਰਨ ਲਈ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਦਾ ਇਕੋ-ਇਕ ਮਕਸਦ ਹੈ ਬੱਚਿਆਂ ਨੂੰ ਵਧੀਆ ਤੋਂ ਵਧੀਆ ਪੜ੍ਹਾਈ ਦੇ ਨਾਲ-ਨਾਲ ਅਤਿ-ਆਧੁਨਿਕ ਤਕਨੀਕ ਨਾਲ ਜੋੜ ਕੇ ਸ਼ਾਨਦਾਰ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਤਾਂ ਜੋ ਉਹ ਆਪਣੀ ਕਾਬਲੀਅਤ ’ਤੇ ਸਮਾਜ ’ਚ ਵਿਚਰ ਕੇ ਆਪਣੀ ਘਰੇਲੂ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ਸਕਣ।
ਇਸ ਮੌਕੇ ਡਾ. ਚੋਪੜਾ ਨੇ ਕਿਹਾ ਕਿ ਕੌਂਸਲ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਸ: ਛੀਨਾ ਦੁਆਰਾ ਸੌਂਪੀ ਗਈ ਕਾਲਜ ਦੀ ਸੇਵਾ ਸਬੰਧੀ ਜ਼ਿੰਮੇਵਾਰੀ ਬਾਖੂਬੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਖੁਸ਼ੀ ਦਾ ਇਜਹਾਰ ਕੀਤਾ। ਉਨ੍ਹਾਂ ਕਿਹਾ ਕਿ ਇਸ ਕਾਲਜ ਵਿਖੇ ਬਤੌਰ ਪ੍ਰਿੰਸੀਪਲ ਵਜੋਂ ਨਿਭਾਉਣ ’ਤੇ ਬਹੁਤ ਹੀ ਫਖਰ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸੰਸਥਾ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਸਮੂੰਹ ਕਾਲਜ ਸਟਾਫ਼ ਸਮੇਤ ਇਕਜੁਟਤਾ ਨਾਲ ਕੰਮ ਕੀਤਾ ਜਾਵੇਗਾ। ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਸੰਤੋਖ ਸਿੰਘ ਸੇਠੀ, ਸ: ਪਰਮਜੀਤ ਸਿੰਘ ਬੱਲ, ਸ: ਲਖਵਿੰਦਰ ਸਿੰਘ ਢਿੱਲੋਂ, ਸ: ਗੁਰਪ੍ਰੀਤ ਸਿੰਘ ਗਿੱਲ, ਸਾਬਕਾ ਕਾਰਜਕਾਰੀ ਪ੍ਰਿੰਸੀਪਲ ਸ: ਅਮਰੀਕ ਸਿੰਘ ਆਦਿ ਤੋਂ ਇਲਾਵਾ ਸਮੂੰਹ ਕਾਲਜ ਸਟਾਫ਼ ਹਾਜ਼ਰ ਸੀ।